ਆਸਟ੍ਰੇਲੀਆ ਵਿੱਚ ਹਾਈ ਵੇ ਤੇ ਸੜਕ ਹਾਦਸੇ ਵਿੱਚ ਕਈ ਵਾਹਨ ਆਪਸ ਵਿੱਚ ਵੱਜੇ, 3 ਜ਼ਖਮੀ

ਸਿਡਨੀ, 31 ਜਨਵਰੀ (ਸ.ਬ.) ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਦੱਖਣ ਵਿਚ ਅੱਜ ਤੜਕਸਾਰ ਕਈ ਗੱਡੀਆਂ ਆਪਸ ਵਿਚ ਟਕਰਾ ਗਈਆਂ| ਇਸ ਹਾਦਸੇ ਵਿਚ ਡਿਊਟੀ ਕਰ ਰਹੇ ਇਕ ਪੁਲੀਸ ਅਧਿਕਾਰੀ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ| ਇਨ੍ਹਾਂ ਸਾਰਿਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ|
ਹਾਦਸੇ ਮਗਰੋਂ ਪੁਲੀਸ, ਪੈਰਾ ਮੈਡੀਕਲ ਅਧਿਕਾਰੀ ਅਤੇ ਅੱਗ ਬੁਝਾਊ ਕਰਮਚਾਰੀਆਂ ਨੂੰ ਨਿਊ ਇਲਵਾਰਾ ਰੋਡ ਦੇ ਉੱਤਰ ਵਿਚ ਹੀਥਕੋਟ ਰੋਡ ਤੇ ਬੁਲਾਇਆ ਗਿਆ| ਰਿਪੋਰਟ ਮੁਤਾਬਕ ਹਾਦਸੇ ਵਿਚ ਤਿੰਨ ਗੱਡੀਆਂ ਸ਼ਾਮਲ ਸਨ| ਮੌਕੇ ਤੇ ਸੱਤ ਐਂਬੂਲੈਂਸ ਗੱਡੀਆਂ ਅਤੇ ਇਕ ਮੈਡੀਕਲ ਟੀਮ ਨੂੰ ਵੀ ਬੁਲਾਇਆ ਗਿਆ| ਨਿਊ ਸਾਊਥ ਵੇਲਜ਼ ਦੇ ਅੱਗ ਬੁਝਾਊ ਕਰਮਚਾਰੀਆਂ ਨੇ ਗੱਡੀ ਹੇਠਾਂ ਫਸੇ ਇਕ ਵਿਅਕਤੀ ਨੂੰ ਬਾਹਰ ਨਿਕਲਣ ਵਿਚ ਮਦਦ ਕੀਤੀ|
ਡਿਊਟੀ ਤੇ ਤਾਇਨਾਤ ਪੁਲੀਸ ਅਧਿਕਾਰੀ ਅਤੇ ਦੂਜੀ ਗੱਡੀ ਦੀ ਮਹਿਲਾ ਡਰਾਈਵਰ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਲੀਵਰਪੂਲ ਹਸਪਤਾਲ ਲਿਜਾਇਆ ਗਿਆ| ਜ਼ਖਮੀ ਹੋਏ ਤੀਜੇ ਵਿਅਕਤੀ ਨੂੰ ਸੁਥਰਲੈਂਡ ਹਸਪਤਾਲ ਲਿਜਾਇਆ ਗਿਆ|
ਹਾਦਸੇ ਕਾਰਨ ਕਾਫੀ ਸਮੇਂ ਤੱਕ ਹੀਥਕੋਟ ਰੋਡ ਦੇ ਦੋਹੀਂ ਪਾਸੀਂ ਆਵਾਜਾਈ ਠੱਪ ਰਹੀ| ਪੁਲੀਸ ਹਾਦਸਾ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਜੁੱਟ ਗਈ ਹੈ|

Leave a Reply

Your email address will not be published. Required fields are marked *