ਆਸਟ੍ਰੇਲੀਆ : ਸਮੁੰਦਰੀ ਕਿਨਾਰਿਆਂ ਤੇ ਜੈਲੀਫਿਸ਼ ਦਾ ਹਮਲਾ, ਚਿਤਾਵਨੀ ਜਾਰੀ

ਸਿਡਨੀ, 8 ਜਨਵਰੀ (ਸ.ਬ.) ਆਸਟ੍ਰੇਲੀਆ ਦੇ ਉੱਤਰੀ-ਪੂਰਬੀ ਇਲਾਕਿਆਂ ਵਿਚ ਸਥਿਤ ਸਮੁੰਦਰੀ ਕਿਨਾਰਿਆ ਤੇ ਜ਼ਹਿਰੀਲੀ ਜੈਲੀਫਿਸ਼ ਨੇ ਹਮਲਾ ਕਰ ਦਿੱਤਾ ਹੈ| ਹਾਲ ਹੀ ਵਿਚ ਇਸ ਨੇ ਆਸਟ੍ਰੇਲੀਆ ਵਿਚ 3 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ, ਜਿਸ ਕਾਰਨ ਕੁਝ ਥਾਵਾਂ ਤੇ ਸਮੁੰਦਰੀ ਕਿਨਾਰਿਆਂ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਕੁਈਨਜ਼ਲੈਂਡ ਸੂਬੇ ਵਿਚ ਸਮੁੰਦਰੀ ਕਿਨਾਰੇ ਨੂੰ ਬੰਦ ਕਰ ਦਿੱਤਾ ਗਿਆ ਹੈ| ਕਿਉਂਕਿ ਇੱਥੇ ਵੱਡੀ ਗਿਣਤੀ ਵਿਚ ਜੈਲੀਫਿਸ਼ ਦੇ ਝੁੰਡ ਪਹੁੰਚ ਗਏ ਹਨ|
ਜ਼ਿਆਦਤਰ ਘਟਨਾਵਾਂ ਕੁਈਨ ਜ਼ਲੈਂਡ ਦੇ ਸੰਘਣੀ ਆਬਾਦੀ ਵਾਲੇ ਗੋਲਡ ਕੋਸਟ ਅਤੇ ਸਨਸ਼ਾਈਨ ਕੋਸਟ ਇਲਾਕੇ ਵਿਚ ਹੋਈਆਂ ਹਨ| ਬਲੂਬਾਟਲ ਜੈਲੀਫਿਸ਼ ਨੀਲੀ ਰੰਗ ਦੀਆਂ ਥੈਲੀਆਂ ਦੀ ਤਰ੍ਹਾਂ ਦਿਖਾਈ ਦਿੰਦੀ ਹੈ ਜੋ 15 ਸੈਂਟੀਮੀਟਰ ਤੱਕ ਲੰਬੀ ਹੁੰਦੀ ਹੈ| ਇਹ ਲੋਕਾਂ ਨੂੰ ਪਾਣੀ ਵਿਚ ਜਾਂ ਰੇਤ ਤੇ ਵੀ ਡੰਗ ਮਾਰ ਸਕਦੀ ਹੈ| ਦੱਸਿਆ ਗਿਆ ਹੈ ਕਿ ਬਲੂਬਾਟਲ ਜੈਲੀਫਿਸ਼ ਨੇ ਹਜ਼ਾਰਾਂ ਲੋਕਾਂ ਨੂੰ ਡੰਗ ਮਾਰ ਕੇ ਜ਼ਖਮੀ ਕਰ ਦਿੱਤਾ ਹੈ| ਸਰਵ ਲਾਈਫ ਸੇਵਿੰਗ ਕੁਈਨਜ਼ਲੈਂਡ ਨੇ ਕਿਹਾ ਕਿ ਹਫਤੇ ਦੇ ਅਖੀਰ ਵਿਚ 2,600 ਤੋਂ ਵੱਧ ਵਿਅਕਤੀਆਂ ਦਾ ਇਲਾਜ ਕੀਤਾ ਗਿਆ|
ਆਸਟ੍ਰੇਲੀਆਈ ਮੀਡੀਆ ਨੇ ਇਸ ਨੂੰ ਜੈਲੀਫਿਸ਼ ਦਾ ਸਮੁੰਦਰੀ ਕਿਨਾਰੇ ਤੇ ਹਮਲਾ ਕਰਾਰ ਦਿੱਤਾ ਹੈ| ਜਿਸ ਮਗਰੋਂ ਕੋਸਟਗਾਰਡ ਐਸੋਸੀਏਸ਼ਨ ਮੁਤਾਬਕ ਹੁਣ ਤੱਕ 3595 ਲੋਕ ਜੈਲੀਫਿਸ਼ ਦੇ ਹਮਲੇ ਦੇ ਸ਼ਿਕਾਰ ਹੋਏ ਹਨ| ਜੈਲੀਫਿਸ਼ ਦਾ ਡੰਗ ਕਾਫੀ ਜ਼ਹਿਰੀਲਾ ਹੁੰਦਾ ਹੈ| ਇਸ ਦੇ ਡੰਗ ਨਾਲ ਲੋਕਾਂ ਦੇ ਸਰੀਰ ਵਿਚ ਭਿਆਨਕ ਦਰਦ ਹੁੰਦਾ ਹੈ| ਜੈਲੀਫਿਸ਼ ਦੇ ਹਮਲੇ ਤੋਂ ਬਾਅਦ ਘੱਟੋ-ਘੱਟ ਚਾਰ ਸਮੁੰਦਰੀ ਤੱਟਾਂ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *