ਆਸਟ੍ਰੇਲੀਆ : 8 ਹਫਤੇ ਦੇ ਬੱਚੇ ਸਮੇਤ ਕਾਰ ਚੋਰੀ, ਜਾਂਚ ਜਾਰੀ

ਮੈਲਬੌਰਨ , 31 ਅਗਸਤ (ਸ.ਬ.) ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ| ਇੱਥੇ ਮੈਲਬੌਰਨ ਦੇ ਉਤਰ-ਪੂਰਬ ਵਿਚ ਪੁਲੀਸ ਉਸ ਵਿਅਕਤੀ ਦੀ ਤਲਾਸ਼ ਕਰ ਰਹੀ ਹੈ, ਜਿਸ ਨੇ ਅੱਜ ਇਕ ਕਾਰ ਚੋਰੀ ਕਰ ਲਈ ਸੀ ਪਰ 20 ਮਿੰਟ ਬਾਅਦ ਹੀ ਉਹ ਕਾਰ ਨੂੰ ਥੋੜ੍ਹੀ ਦੂਰੀ ਉਤੇ ਪਾਰਕ ਕਰ ਕੇ ਭੱਜ ਗਿਆ| ਗੱਲ ਸਿਰਫ ਇੰਨੀ ਨਹੀਂ ਕਿ ਕਾਰ ਚੋਰੀ ਕੀਤੀ ਗਈ ਸੀ ਅਸਲ ਵਿਚ ਕਾਰ ਵਿਚ 8 ਹਫਤੇ ਦਾ ਬੱਚਾ ਸੁੱਤਾ ਪਿਆ ਸੀ|
ਪੁਲੀਸ ਮੁਤਾਬਕ ਸਫੇਦ ਹੁੰਡਈ ਟਕਸਨ ਕਾਰ ਨੂੰ ਦੱਖਣੀ ਮੋਰਾਂਗ ਦੇ ਬੁਸ਼ ਬੁਲਵਾਰਡ ਦੇ ਇਕ ਮੈਡੀਕਲ ਸੈਂਟਰ ਤੋਂ 10:20 ਉਤੇ ਚੋਰੀ ਕੀਤਾ ਗਿਆ| ਥੋੜ੍ਹੀ ਦੇਰ ਬਾਅਦ 10:40 ਉਤੇ ਚੋਰ ਕਾਰ ਨੂੰ ਪਲੈਂਟੀ ਰੋਡ ਉਤੇ ਇਕ ਹੋਮ ਮੇਕਰ ਸੈਂਟਰ ਦੇ ਬਾਹਰ ਪਾਰਕ ਕਰ ਕੇ ਚਲਾ ਗਿਆ, ਜਿਸ ਵਿਚ ਬੱਚਾ ਸੌਂ ਰਿਹਾ ਸੀ| ਖੁਸ਼ਕਿਸਮਤੀ ਨਾਲ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ| ਇਸ ਦੌਰਾਨ ਬੱਚਾ ਪੂਰਾ ਸਮਾਂ ਸੁੱਤਾ ਰਿਹਾ ਅਤੇ ਕਾਰ ਮਿਲ ਜਾਣ ਮਗਰੋਂ ਹੀ ਉਠਿਆ ਸੀ ਪਰ ਬੱਚੇ ਦੀ ਮਾਂ ਨੂੰ ਉਸ ਦੀ ਬਹੁਤ ਚਿੰਤਾ ਹੋ ਰਹੀ ਸੀ|
ਪੁਲੀਸ ਅਫਸਰ ਸਾਰਜੈਂਟ ਗ੍ਰੀਮ ਵਾਸੇਲ ਨੇ ਕਿਹਾ ਕਿ ਇਹ ਇਕ ਮੌਕਾਪ੍ਰਸਤ ਅਪਰਾਧ ਪ੍ਰਤੀਤ ਹੁੰਦਾ ਹੈ| ਦੋਸ਼ੀ ਕਾਰ ਨੂੰ ਪਾਰਕ ਕਰ ਕੇ ਭੱਜ ਗਿਆ ਸੀ ਅਤੇ ਆਖਰੀ ਵਾਰ ਉਸ ਨੂੰ ਮੈਕਡੋਨਲਡਸ ਰੋਡ ਅਤੇ ਪਲੈਂਟੀ ਰੋਡ ਦੇ ਚੌਰਾਹੇ ਨੇੜੇ ਦੇਖਿਆ ਗਿਆ| ਪੁਲੀਸ ਨੇ ਉਸ ਦਾ ਹੁਲੀਆ ਜਾਰੀ ਕੀਤਾ ਹੈ ਜਿਸ ਮੁਤਾਬਕ ਉਹ ਹਲਕੇ ਗੋਰੇ ਰੰਗ ਦਾ ਸੀ| ਉਸ ਨੇ ਕਾਲੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ ਅਤੇ ਧੁੱਪ ਵਾਲਾ ਚਸ਼ਮਾ ਲਗਾਇਆ ਹੋਇਆ ਸੀ| ਇਸ ਦੇ ਇਲਾਵਾ ਉਸ ਨੇ ਖਾਕੀ ਰੰਗ ਦੀ ਬੇਸਬਾਲ ਕੈਪ ਅਤੇ ਸਲੇਟੀ ਰੰਗ ਦੀ ਪੈਂਟ ਪਹਿਨੀ ਹੋਈ ਸੀ| ਸਾਰਜੈਂਟ ਵਾਸੇਲ ਨੇ ਕਿਹਾ ਕਿ ਇਹ ਘਟਨਾ ਮਾਪਿਆਂ ਲਈ ਇਕ ਸਬਕ ਹੈ ਕਿ ਉਨ੍ਹਾਂ ਨੂੰ ਬੱਚੇ ਨੂੰ ਕਦੇ ਵੀ ਇਕੱਲਿਆਂ ਕਾਰ ਵਿਚ ਛੱਡ ਕੇ ਨਹੀਂ ਜਾਣਾ ਚਾਹੀਦਾ|

Leave a Reply

Your email address will not be published. Required fields are marked *