ਆਸਾ ਰਾਮ ਨੂੰ ਮਿਲੀ ਸਜਾ ਬਣੇਗੀ ਮਿਸਾਲ

ਬੀਤੇ ਦਿਨੀਂ ਵਿਸ਼ੇਸ਼ ਅਦਾਲਤ ਨੇ ਕਥਿਤ ਸੰਤ ਆਸਾਰਾਮ ਨੂੰ ਇੱਕ ਨਬਾਲਿਗ ਕੁੜੀ ਦਾ ਰੇਪ ਕਰਨ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜਾ ਸੁਣਾ ਦਿੱਤੀ| ਇਹ ਫੈਸਲਾ ਜੋਧਪੁਰ ਸੈਂਟਰਲ ਜੇਲ੍ਹ ਦੇ ਅੰਦਰ ਹੀ ਸੁਣਾਇਆ ਗਿਆ| ਇਸਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਦੇ ਮਾਮਲੇ ਵਿੱਚ ਹਰਿਆਣੇ ਦੇ ਪੰਚਕੂਲਾ ਵਿੱਚ ਉਨ੍ਹਾਂ ਦੇ ਕਥਿਤ ਭਗਤਾਂ ਵਲੋਂ ਜੋ ਹੰਗਾਮਾ ਕੀਤਾ ਗਿਆ ਸੀ, ਉਸਨੂੰ ਦੇਖਦੇ ਹੋਏ ਜੋਧਪੁਰ ਪ੍ਰਸ਼ਾਸਨ ਨੇ ਸਖਤ ਸੁਰੱਖਿਆ ਦੇ ਇੰਤਜਾਮ ਕੀਤੇ ਸਨ| ਆਸਾਰਾਮ ਵੀ ਉਨ੍ਹਾਂ ਕਥਿਤ ਧਰਮ ਗੁਰੂਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ, ਜਿਨ੍ਹਾਂ ਦੇ ਤਮਾਮ ਧਤਕਰਮਾਂ ਦੇ ਬਾਵਜੂਦ ਪੈਰੋਕਾਰਾਂ ਦੇ ਇੱਕ ਹਿੱਸੇ ਦੀ ਸ਼ਰਧਾ ਉਨ੍ਹਾਂ ਵਿੱਚ ਬਣੀ ਰਹਿੰਦੀ ਹੈ|
ਦੇਸ਼ ਵਿੱਚ ਅਜਿਹੇ ਬਾਬਿਆਂ, ਸੰਤਾਂ, ਮਹਾਤਮਾਵਾਂ ਦੀ ਕਮੀ ਨਹੀਂ ਹੈ ਜੋ ਆਪਣੇ ਚੇਲਿਆਂ ਦੀ ਨਜ਼ਰ ਵਿੱਚ ਲਗਭਗ ਭਗਵਾਨ ਦਾ ਸਥਾਨ ਪਾ ਕੇ ਵੀ ਘਿਣਾਉਣੇ ਕੰਮਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ| ਚੇਲਿਆਂ ਦਾ ਸਮੂਹ ਇਸ ਕਥਿਤ ਧਰਮ ਗੁਰੂਆਂ ਦੇ ਆਭਾਮੰਡਲ ਨਾਲ ਇਸ ਕਦਰ ਪ੍ਰਭਾਵਿਤ ਰਹਿੰਦਾ ਹੈ ਕਿ ਉਨ੍ਹਾਂ ਬਾਰੇ ਕੁੱਝ ਵੀ ਨੈਗੇਟਿਵ ਸੁਣਨ ਨੂੰ ਤਿਆਰ ਨਹੀਂ ਹੁੰਦਾ| ਆਸਾਰਾਮ ਦੀ ਹਵਸ ਦਾ ਸ਼ਿਕਾਰ ਬਣੀ ਉਸ ਨਬਾਲਿਗ ਕੁੜੀ ਦੀ ਗੱਲ ਕਰੀਏ ਤਾਂ ਉਸਦਾ ਪੂਰਾ ਪਰਿਵਾਰ ਆਸਾਰਾਮ ਵਿੱਚ ਅਜਿਹੀ ਸ਼ਰਧਾ ਰੱਖਦਾ ਸੀ ਕਿ ਜਦੋਂ ਉਸ ਬੱਚੀ ਨੇ ਆਸਾਰਾਮ ਦੀਆਂ ਗਲਤ ਹਰਕਤਾਂ ਦੀ ਸ਼ਿਕਾਇਤ ਕੀਤੀ ਤਾਂ ਮਾਂ – ਬਾਪ ਨੇ ਉਸਨੂੰ ਡਾਂਟ ਦਿੱਤਾ| ਤਾਰੀਫ ਹੋਣੀ ਚਾਹੀਦੀ ਹੈ ਉਸ ਕੁੜੀ ਦੀ ਹਿੰਮਤ ਦੀ, ਜੋ ਮਾਂ-ਬਾਪ ਦੀ ਡਾਂਟ ਦੇ ਬਾਵਜੂਦ ਆਸਾਰਾਮ ਦੀਆਂ ਕਰਤੂਤਾਂ ਬਰਦਾਸ਼ਤ ਕਰਨ ਨੂੰ ਰਾਜੀ ਨਹੀਂ ਹੋਈ| ਉਹ ਨਾ ਸਿਰਫ ਆਸਾਰਾਮ ਦੇ ਚੰਗੁਲ ਤੋਂ ਭੱਜ ਨਿਕਲੀ ਬਲਕਿ ਆਪਣੇ ਮਾਂ – ਬਾਪ ਨੂੰ ਵੀ ਆਪਣੀ ਸੱਚਾਈ ਦਾ ਭਰੋਸਾ ਦਿਵਾਇਆ ਅਤੇ ਉਨ੍ਹਾਂ ਨੂੰ ਇਹ ਲੰਮੀ, ਔਖੀ ਲੜਾਈ ਲੜਨ ਨੂੰ ਤਿਆਰ ਕੀਤਾ|
ਧਿਆਨ ਰਹੇ, ਆਸਾਰਾਮ ਉਤੇ ਰੇਪ ਦੇ ਹੋਰ ਮਾਮਲੇ ਵੀ ਚੱਲ ਰਹੇ ਹਨ| ਇਹਨਾਂ ਮੁਕੱਦਮਿਆਂ ਦੇ ਦੌਰਾਨ ਨਾ ਸਿਰਫ ਪੀੜਿਤ ਪਰਿਵਾਰ ਨੂੰ ਧਮਕਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ ਬਲਕਿ ਗਵਾਹਾਂ ਉਤੇ ਜਾਨਲੇਵਾ ਹਮਲੇ ਵੀ ਹੁੰਦੇ ਰਹੇ ਹਨ| ਅਜਿਹੇ ਹਮਲਿਆਂ ਵਿੱਚ ਤਿੰਨ ਜਾਨਾਂ ਵੀ ਜਾ ਚੁੱਕੀਆਂ ਹਨ| ਇਸ ਸਭ ਦੇ ਬਾਵਜੂਦ ਲੱਗਦਾ ਨਹੀਂ ਕਿ ਸਮਾਜ ਵਿੱਚ ਬਾਬਿਆਂ ਦਾ ਪ੍ਰਭਾਵ ਜਲਦੀ ਖਤਮ ਹੋਣ ਵਾਲਾ ਹੈ| ਅਜਿਹੇ ਵਿੱਚ ਮਾਪਿਆਂ ਨੂੰ ਇਹੀ ਅਪੀਲ ਕੀਤੀ ਜਾ ਸਕਦੀ ਹੈ ਕਿ ਉਹ ਇਸ ਕਥਿਤ ਸੰਤ – ਮਹਾਤਮਾਵਾਂ ਵਿੱਚ ਚਾਹੇ ਜਿੰਨੀ ਵੀ ਸ਼ਰਧਾ ਰੱਖਣ, ਪਰ ਘੱਟ ਤੋਂ ਘੱਟ ਆਪਣੇ ਨਬਾਲਿਗ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਪੜਾਈ-ਲਿਖਾਈ ਦੇ ਜਰੀਏ ਆਪਣਾ ਵਿਅਕਤਿਤਵ ਵਿਕਸਿਤ ਕਰਨ ਦੇਣ, ਤਾਂ ਕਿ ਆਪਣੇ ਜੀਵਨ ਨਾਲ ਜੁੜੇ ਵੱਡੇ ਫੈਸਲੇ ਉਹ ਖੁਦ ਹੀ ਲੈ ਸਕਣ|
ਯਾਦਵ ਕੁਮਾਰ

Leave a Reply

Your email address will not be published. Required fields are marked *