ਆਸ ਮੁਤਾਬਿਕ ਨਹੀਂ ਨਿਕਲ ਪਾਏ ਸਵੱਛਤਾ ਮੁਹਿੰਮ ਦੇ ਨਤੀਜੇ

ਐਸ ਏ ਐਸ ਨਗਰ , 7 ਅਕਤੂਬਰ (ਸ.ਬ.) ਪਿਛਲੇ ਦਿਨੀਂ ਮੁਹਾਲੀ ਸਮੇਤ ਪੂਰੇ ਦੇਸ਼ ਵਿੱਚ ਹੀ ਸਵੱਛਤਾ ਮੁਹਿੰਮ ਚਲਾਈ ਗਈ ਜਿਹੜੀ ਬੀਤੀ 2 ਅਕਤੂਬਰ ਨੂੰ ਖਤਮ ਹੋਈ ਹੈ| ਇਸ ਦੇ ਤਹਿਤ ਵੱਖ ਵੱਖ ਸ਼ਹਿਰਾਂ ਦੇ ਨਗਰ ਨਿਗਮਾਂ, ਕੌਂਸਲਾਂ ਤੋਂ ਇਲਾਵਾ ਅਨੇਕਾਂ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਵੀ ਆਪੋ ਆਪਣੇ ਸ਼ਹਿਰਾਂ ਤੇ ਪਿੰਡਾਂ ਵਿਚ ਵੱਡੇ ਪੱਧਰ ਉੱਪਰ ਸਫਾਈ ਮੁਹਿੰਮ ਚਲਾਉਣ ਦੇ ਦਾਅਵੇ ਕੀਤੇ ਪਰੰਤੂ ਇਸਦੇ ਬਾਵਜੂਦ ਇਸ ਸਵੱਛਤਾ ਮੁਹਿੰਮ ਦੇ  ਨਤੀਜੇ ਆਸ ਮੁਤਾਬਿਕ  ਨਹੀਂ ਨਿਕਲ ਪਾਏ| ਅਸਲ ਵਿੱਚ ਇਸ ਮੁਹਿੰਮ ਸਬੰਧੀ ਪ੍ਰਸ਼ਾਸ਼ਨ ਦੀ ਅੱਗਾ ਦੌੜ, ਪਿੱਛਾ ਚੌੜ ਵਾਲੀ ਹਾਲਤ ਬਣੀ ਰਹੀ ਹੈ|
ਜੇ ਮੁਹਾਲੀ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਮੁਹਾਲੀ ਵਿੱਚ ਨਗਰ ਨਿਗਮ ਦੇ ਨਾਲ ਨਾਲ ਅਨੇਕਾਂ ਹੀ ਹੋਰ ਸੰਸਥਾਵਾਂ ਵਲੋਂ ਵੀ ਨਗਰ ਨਿਗਮ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਵੱਖ ਵੱਖ ਇਲਾਕਿਆਂ ਵਿੱਚ ਚਲਾਈ ਗਈ|  ਪਰ ਇਸ ਮੁਹਿੰਮ ਦੌਰਾਨ ਇਹ ਗੱਲ ਹੀ ਵੇਖਣ ਵਿੱਚ ਆਈ ਕਿ ਇਸ ਸਫਾਈ ਮੁਹਿੰਮ ਦਾ ਉਦਘਾਟਨ ਕਰਨ ਵਾਲੇ ਮੋਹਤਬਰ ਆਗੂ ਝਾੜੂ ਨਾਲ ਆਪਣੀਆਂ ਫੋਟੋਆਂ ਖਿਚਵਾਉਣ ਤੱਕ ਹੀ ਸੀਮਿਤ ਰਹਿੰਦੇ ਸਨ ਅਤੇ ਕੁੱਝ  ਸਮੇਂ  ਵਿੱਚ ਹੀ ਸਫਾਈ ਮੁਹਿੰਮ ਖਤਮ ਹੋ ਜਾਂਦੀ ਹੈ| ਇਸ ਤਰ੍ਹਾਂ ਸਫਾਈ ਮੁਹਿੰਮ ਸਿਰਫ ਸ਼ੋਸ਼ੇਬਾਜੀ ਅਤੇ ਬਿਆਨਬਾਜੀ ਤੱਕ ਹੀ ਵਧੇਰੇ ਸੀਮਿਤ ਰਹੀ ਹੈ|
ਮੁਹਾਲੀ ਵਿਖੇ ਸਫਾਈ ਮੁਹਿੰਮ ਦੌਰਾਨ ਨਿਗਮ ਦੇ ਕਰਮਚਾਰੀ ਜਿਹੜੇ ਵਾਹਨਾਂ ਵਿੱਚ ਕੂੜਾ ਭਰਕੇ ਲੈ ਕੇ ਜਾਂਦੇ ਸਨ, ਉਸ ਕੂੜੇ ਨੂੰ ਢੱਕਿਆ ਤੱਕ ਨਹੀਂ ਜਾਂਦਾ, ਜਿਸ ਕਰਕੇ ਵਾਹਨਾਂ ਵਿੱਚੋਂ ਉਹ ਕੂੜਾ ਮੁੜ ਸੜਕਾਂ ਉੱਪਰ ਹੀ ਡਿਗਦਾ ਰਹਿੰਦਾ ਸੀ| ਇਸ ਤਰ੍ਹਾਂ ਇਕ ਪਾਸੇ ਸਫਾਈ ਹੋਈ ਜਾਂਦੀ ਸੀ ਅਤੇ ਦੂਜੇ ਪਾਸੇ ਮੁੜ ਗੰਦਗੀ ਫੈਲਦੀ ਜਾਂਦੀ ਸੀ|
ਸਫਾਈ ਮੁਹਿੰਮ ਦੇ ਦੌਰਾਨ ਭਾਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕੌਂਸਲਰਾਂ ਤੇ ਹੋਰ ਮੋਹਤਬਰ ਆਗੂਆਂ ਵਲੋਂ ਆਮ ਲੋਕਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਸੀ ਪਰ ਅਜੇ ਵੀ ਵੱਡੀ ਗਿਣਤੀ ਲੋਕ ਆਪਣੇ ਘਰਾਂ ਦੀ ਸਫਾਈ ਕਰਨ ਤੱਕ ਹੀ ਸੀਮਿਤ ਹਨ| ਅਨੇਕਾਂ ਹੀ ਲੋਕ ਅਜਿਹੇ ਵੀ ਹਨ ਜੋ ਕਿ ਆਪਣੇ ਘਰਾਂ ਦੀ ਸਫਾਈ ਕਰਕੇ ਕੂੜਾ ਪਾਰਕਾਂ, ਸੜਕਾਂ ਦੇ ਕਿਨਾਰਿਆਂ ਅਤੇ ਹੋਰ ਥਾਂਵਾਂ ਦੇ ਨਾਲ ਨਾਲ ਆਪਣੇ ਗੁਆਂਢੀਆਂ ਦੇ ਦਰਵਾਜਿਆਂ ਅੱਗੇ ਹੀ ਸੁੱਟ ਦਿੰਦੇ ਹਨ| ਅਜਿਹੇ ਲੋਕਾਂ ਦੀ ਮਾਨਸਿਕਤਾ ਨਾ ਬਦਲੇ ਜਾ ਸਕਣ ਕਾਰਨ ਇਸ ਤਰ੍ਹਾਂ ਸਫਾਈ ਮੁਹਿੰਮ ਦੇ ਕਾਰਗਰ ਨਤੀਜੇ ਨਹੀਂ ਨਿਕਲੇ|
ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮਾਰਕੀਟਾਂ ਦਾ ਇਹ ਹਾਲ ਹੈ ਕਿ ਇਹਨਾਂ ਮਾਰਕੀਟਾਂ ਵਿਚ ਕਈ ਕਈ ਦਿਨ ਸਫਾਈ ਹੀ ਨਹੀਂ ਕੀਤੀ ਜਾਂਦੀ| ਇਹਨਾਂ ਮਾਰਕੀਟਾਂ ਦੇ ਪ੍ਰਧਾਨ  ਅਤੇ ਹੋਰ ਅਹੁਦੇਦਾਰਾਂ ਵਲੋਂ ਕਈ ਵਾਰ ਆਪਣੇ ਪੱਧਰ ਉਪਰ ਹੀ ਸਫਾਈ ਕਰਵਾਈ ਜਾਂਦੀ ਹੈ ਅਤੇ ਕਈ ਵਾਰ ਨਿਗਮ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਨਿਗਮ ਕਰਮਚਾਰੀਆਂ ਤੋਂ ਸਫਾਈ ਕਰਵਾਈ ਜਾਂਦੀ ਹੈ| ਸ਼ਹਿਰ ਦੀਆਂ ਅਨੇਕਾਂ ਮਾਰਕੀਟਾਂ ਵਿੱਚ ਰੋਜਾਨਾ ਸਫਾਈ ਨਾ ਹੋਣ ਕਾਰਨ ਉਥੇ ਗੰਦਗੀ ਦੀ ਭਰਮਾਰ ਹੋ ਜਾਂਦੀ ਹੈ ਅਤੇ ਥਾਂ ਥਾਂ ਕੂੜੇ ਦੇ ਢੇਰ ਲੱਗ ਜਾਂਦੇ ਹਨ ਜੋ ਕਿ ਪ੍ਰਸ਼ਾਸ਼ਨ ਵਲੋਂ ਸ਼ੁਰੂ ਕੀਤੀ ਹੋਈ ਸਵੱਛਤਾ ਮੁਹਿੰਮ ਦਾ ਮੂੰਹ ਚਿੜਾਉਂਦੇ ਰਹਿੰਦੇ ਹਨ| ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਮੁਹਾਲੀ ਸ਼ਹਿਰ ਵਿੱਚ ਸ਼ੁਰੂ ਕੀਤੀ ਹੋਈ ਸਵੱਛਤਾ ਮੁਹਿੰਮ ਦੇ ਆਸ ਮੁਤਾਬਿਕ ਨਤੀਜੇ ਨਹੀਂ ਨਿਕਲੇ|

Leave a Reply

Your email address will not be published. Required fields are marked *