ਆਜ਼ਾਦੀ ਦਿਵਸ ‘ਤੇ 3 ਪੰਚਾਇਤਾਂ ਦਾ ਸੂਬਾ ਪੱਧਰੀ ਸਨਮਾਣ

ਐਸ.ਏ.ਐਸ.ਨਗਰ, 16 ਅਗਸਤ (ਕੁਲਦੀਪ ਸਿੰਘ) ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਡਾਇਰੈਕਟਰ ਸ੍ਰੀ ਜੀ.ਕੇ. ਸਿੰਘ ਆਈ.ਏ.ਐਸ. ਨੇ ਆਜ਼ਾਦੀ ਦਿਵਸ ‘ਤੇ ਪੰਜਾਬ ਦੀ ਸ਼ਾਨਦਾਰ ਕਾਰਗੁਜ਼ਾਰੀ ਵਾਲੀਆਂ ਤਿੰਨ ਪੰਚਾਇਤਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ। ਸੂਬੇ ‘ਚ ਪਹਿਲੇ ਨੰਬਰ ‘ਤੇ ਪਿੰਡ ਕੋਟ ਕਰੋੜ ਖ਼ੁਰਦ, ਜ਼ਿਲ੍ਹਾ ਫ਼ਿਰੋਜ਼ਪੁਰ ਦੀ ਪੰਚਾਇਤ ਆਈ ਹੈ, ਜਦੋਂ ਕਿ ਦੂਜਾ ਸਥਾਨ ਮਨਹੇੜਾ ਜੱਟਾਂ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਤੇ ਤੀਜਾ ਸਥਾਨ ਪਿੰਡ ਸਚੰਦਰ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਨੂੰ ਮਿਲਿਆ ਹੈ।
ਅੱਜ ਇੱਥੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਵਿਕਾਸ ਭਵਨ ਵਿਖੇ 70ਵਾਂ ਆਜ਼ਾਦੀ ਦਿਵਸ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਕੌਮੀ ਝੰਡਾ ਲਹਿਰਾਉਣ ਦੀ ਰਸਮ ਡਾਇਰੈਕਟਰ ਸ੍ਰੀ ਜੀ.ਕੇ. ਸਿੰਘ ਨੇ ਨਿਭਾਈ। ਵਿਕਾਸ ਭਵਨ ਦੀ ਇਮਾਰਤ ਨੂੰ ਫੁੱਲਾਂ, ਗਮਲਿਆਂ ਅਤੇ ਰੰਗ-ਬਰੰਗੇ ਝੰਡਿਆਂ ਨਾਲ ਸ਼ਿੰਗਾਰਿਆ ਗਿਆ।
ਪੰਜਾਬ ਦੀਆਂ ਤਿੰਨ ਪੰਚਾਇਤਾਂ ਨੂੰ ਸੂਬਾ ਪੱਧਰ ਦਾ ਐਵਾਰਡ ਵੱਖ-ਵੱਖ ਖੇਤਰਾਂ ਵਿੱਚ ਪੰਚਾਇਤਾਂ ਵੱਲੋਂ ਸ਼ਾਨਦਾਰ ਭੂਮਿਕਾ ਨਿਭਾਉਣ ਬਦਲੇ ਦਿੱਤਾ ਗਿਆ ਹੈ। ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਸੂਬੇ ਦੀਆਂ ਪੰਚਾਇਤਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕਰਨ ਦਾ ਪਹਿਲਾਂ ਐਲਾਨ ਕੀਤਾ ਗਿਆ ਸੀ। ਇਸ ਮੌਕੇ ‘ਤੇ ਡਾਇਰੈਕਟਰ ਸ੍ਰੀ ਜੀ.ਕੇ. ਸਿੰਘ ਨੇ ਆਜ਼ਾਦੀ ਦੀ ਅਹਿਮੀਅਤ ਅਤੇ ਜ਼ਿੰਮੇਵਾਰੀ ਨਿਭਾਉਣ ਬਾਰੇ ਆਪਣੇ ਸੰਬੋਧਨ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੂਬਾ ਪੱਧਰ ‘ਤੇ ਵਿਕਾਸ ਅਤੇ ਪੰਚਾਇਤੀ ਦਿਵਸ ਵੀ ਮਨਾਇਆ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਆਪਣੇ ਪਿੰਡਾਂ ਨੂੰ ਖ਼ੂਬਸੂਰਤ ਬਣਾਉਣ ਲਈ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।
ਇਸ ਮੌਕੇ ਸੰਯੁਕਤ ਵਿਕਾਸ ਕਮਿਸ਼ਨਰ ਮਗਨਰੇਗਾ ਸ੍ਰੀ ਸੁਖਜੀਤ ਸਿੰਘ ਬੈਂਸ, ਜਾਇੰਟ ਡਾਇਰੈਕਟਰ ਬੀਬੀ ਰਮਿੰਦਰ ਕੌਰ ਬੁੱਟਰ, ਡਾਇਰੈਕਟਰ ਐਸ.ਆਈ.ਆਰ.ਡੀ. ਡਾ. ਰੋਜ਼ੀ ਵੈਦ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *