ਆ ਗਈ ਵੋਟਰਾਂ ਲਈ ਪ੍ਰੀਖਿਆ ਦੀ ਘੜੀ

ਪੰਜਾਬ ਵਿਧਾਨਸਭਾ ਦੀਆਂ 4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਉਮੀਦਵਾਰਾਂ ਵਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਦਾ ਰੌਲਾ ਬੀਤੀ ਸ਼ਾਮ ਸਮਾਪਤ ਹੋਣ ਤੋਂ ਬਾਅਦ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਆਪਣੇ ਵੱਲ ਕਰਨ ਦੀ ਆਖਿਰੀ ਕੋਸ਼ਿਸ਼ ਦੇ ਤਹਿਤ ਘਰੋਂ ਘਰੀ ਜਾ ਕੇ ਨਿੱਜੀ ਮੁਲਾਕਾਤਾਂ ਰਾਂਹੀ ਵੋਟਾਂ ਦੀ ਮੰਗ ਕਰਨ ਦਾ ਸਿਲਸਿਲਾ ਵੀ ਅੱਜ ਸ਼ਾਮ ਖਤਮ ਹੋ ਗਿਆ ਹੈ ਅਤੇ ਭਲਕੇ ਵੋਟਾਂ ਪੈਣ ਦਾ ਅਮਲ ਆਰੰਭ ਹੋ ਰਿਹਾ ਹੈ| ਇਸਦੇ ਨਾਲ ਹੀ ਵੋਟਰਾਂ ਲਈ ਵੀ ਪ੍ਰੀਖਿਆ ਦੀ ਘੜੀ ਆ ਗਈ ਹੈ ਕਿ ਉਹ ਆਪਣੇ ਲਈ ਇੱਕ ਅਜਿਹੇ ਨੁਮਾਇੰਦੇ ਦੀ ਚੋਣ ਕਰਨ ਜਿਹੜਾ ਅਗਲੇ ੰਜ ਸਾਲ ਤਕ ਉਹਨਾਂ ਦੀਆਂ ਆਸਾਂ ਤੇ ਖਰਾ ਉਤਰਨ ਦਾ ਸਮਰਥ ਹੋਵੇ|
ਇਸ ਵਾਰ ਇੰਨਾ ਜਰੂਰ ਹੋਇਆ ਹੈ ਕਿ ਚੋਣ ਕਮਿਸ਼ਨ ਦੀ ਸਖਤੀ ਕਾਰਨ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਦੌਰਾਨ ਵਰਤੇ ਜਾਂਦੇ ਭ੍ਰਿਸ਼ਟ ਤਰੀਕਿਆਂ ਤੇ ਕਾਫੀ ਹੱਦ ਤਕ ਰੋਕ ਲੱਗੀ ਹੈ| ਇਸਦੇ ਨਾਲ ਨਾਲ ਇਸ ਵਾਰ ਚੋਣਾਂ ਲਈ ਕੀਤੇ ਜਾ ਰਹੇ ਪ੍ਰਚਾਰ ਦੌਰਾਨ ਵੱਖ ਵੱਖ ਉਮੀਦਵਾਰਾਂ ਵਲੋਂ ਫੈਲਾਏ ਜਾਂਦੇ ਪੋਸਟਰ ਅਤੇ ਸ਼ੋਰ ਪ੍ਰਦੂਸ਼ਨ ਤੋਂ ਵੀ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ| ਇਸ ਦੌਰਾਨ ਚੋਣ ਕਮਿਸ਼ਨ ਵਲੋਂ ਵੋਟਰਾਂ ਨੂੰ ਆਪਣੇ ਪੱਧਰ ਤੇ ਵੋਟਰ ਪਰਚੀਆਂ ਮੁਹਈਆ ਕਰਵਾਉਣ ਅਤੇ ਪੋਲਿੰਗ ਬੂਥਾਂ ਦੇ ਬਾਹਰਵਾਰ ਲਗਣ ਵਾਲੇ ਉਮੀਦਵਾਰਾਂ ਦੇ ਟੈਂਟਾਂ ਤੇ ਵੀ ਰੋਕ ਲਗਾਉਣ ਦਾ ਫੈਸਲਾ ਲਾਗੂ ਕੀਤਾ ਗਿਆ ਹੈ ਜਿਸ ਕਾਰਨ ਇਸ ਵਾਰ ਜਾਅਲੀ ਵੋਟਾਂ ਦੇ ਭੁਗਤਨ ਦੀ ਸੰਭਾਵਨਾ ਵੀ ਬਹੁਤ ਘੱਟ ਹੈ|
ਇਹ ਗੱਲ ਹੋਰ ਹੈ ਕਿ ਇਸ ਸਭ ਦੇ ਬਾਵਜੂਦ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਉਹਨਾਂ ਨੂੰ ਲੁਕਵੇਂ ਰੂਪ ਨਾਲ ਸ਼ਰਾਬ ਅਤੇ ਹੋਰ ਨਸ਼ੇ ਮੁਹਈਆ ਕਰਵਾਉਣ ਅਤੇ ਨਕਦ ਰਕਮ ਦੇ ਕੇ ਵੋਟਾਂ ਖਰੀਦਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਅਤੇ ਚੋਣ ਕਮਿਸ਼ਨ ਦੀ ਸਖਤੀ ਤੋਂ ਬਚਣ ਲਈ ਇਹਨਾਂ ਉਮੀਦਵਾਰਾਂ ਵਲੋਂ ਨਵੇਂ ਢੰਗ ਤਰੀਕੇ ਵੀ ਇਜਾਦ ਕਰ ਲਏ ਗਏ ਹਨ ਪਰੰਤੂ ਇਸਦੇ ਬਾਵਜੂਦ ਇਸ ਵਾਰ ਦਾ ਚੋਣ ਅਮਲ, ਪਹਿਲਾਂ ਹੋਣ ਵਾਲੀਆਂ ਚੋਣਾਂ ਦੇ ਮੁਕਾਬਲੇ ਕਿਤੇ ਜਿਆਦਾ ਪਾਰਦਰਸ਼ੀ ਅਤੇ ਸਾਫ ਸੁਥਰਾ ਰਿਹਾ ਹੈ| ਆਸ ਕੀਤੀ ਜਾਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਚੋਣਾਂ ਹੋਣਗੀਆਂ ਤਾਂ ਇਸ ਵਿੱਚ ਹੋਰ ਵੀ ਸੁਧਾਰ ਹੋਵੇਗਾ|
ਉਮੀਦਵਾਰਾਂ ਵਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਹੁਣ ਵੋਟਰਾਂ ਸਿਰ ਵੱਡੀ ਜਿੰਮੇਵਾਰੀ ਹੈ ਕਿ ਉਹ ਆਪਣੇ ਹਲਕੇ ਤੋਂ ਅਜਿਹੇ ਉਮੀਦਵਾਰ ਦੀ ਚੋਣ ਕਰਨ ਜਿਹੜਾ ਨਾ ਸਿਰਫ ਹਲਕੇ ਦਾ ਸਰਬਪੱਖੀ ਵਿਕਾਸ ਕਰਨ ਦਾ ਸਮਰਥ ਹੋਵੇ ਬਲਕਿ ਆਮ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਹਲ ਕਰਨ ਦੀ ਕਾਬਲੀਅਤ ਅਤੇ ਜ਼ਜਬਾ ਵੀ ਰੱਖਦਾ ਹੋਵੇ| ਚੋਣ ਲੜਣ ਵਾਲੇ ਤਮਾਮ ਉਮੀਦਵਾਰਾਂ ਵਲੋਂ ਕੀਤੇ ਦਾਅਵੇ ਅਤੇ ਵਾਇਦੇ ਵੀ ਇਹਨਾਂ ਉਮੀਦਵਾਰਾਂ ਦੀ ਸੋਚ ਨੂੰ ਜਾਹਿਰ ਕਰਨ ਵਾਲੇ ਹੁੰਦੇ ਹਨ ਅਤੇ ਉਮੀਦਵਾਰਾਂ ਵਲੋਂ ਕੀਤੀ ਜਾਣ ਵਾਲੀ ਲੱਛੇਦਾਰ ਬਿਆਨਬਾਜੀ ਵੀ ਕਾਫੀ ਹੱਦ ਤਕ ਦੱਸ ਦਿੰਦੀ ਹੈ ਕਿ ਉਸ ਉਮੀਦਵਾਰ ਵਿੱਚ ਆਪਣੇ ਹਲਕੇ ਦੇ ਮੁੱਦਿਆਂ ਬਾਰੇ ਵਿਧਾਨਸਭਾ ਵਿੱਚ ਜਾ ਕੇ ਆਵਾਜ ਬੁਲੰਦ ਕਰਨ ਦੀ ਕਿੰਨੀ ਕੁ ਕੂਵਤ ਹੈ| ਇਸਦੇ ਨਾਲ ਨਾਲ ਕੁਦਰਤ ਦੀ ਕਿਸੇ ਕਰੋਪੀ ਜਾਂ ਅਚਾਨਕ ਆਈ ਕਿਸੇ ਮੁਸੀਬਤ             ਵੇਲੇ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਖੜ੍ਹਣ ਜਾਂ ਪਿੱਠ ਵਿਖਾ ਕੇ ਭੱਜਣ ਵਾਲੇ ਉਮੀਦਵਾਰ ਦਾ ਫਰਕ ਕੀਤਾ ਜਾਣਾ ਵੀ ਜਰੂਰੀ ਹੁੰਦਾ ਹੈ ਅਤੇ ਚੋਣ ਲੜਣ ਵਾਲੇ ਉਮੀਦਵਾਰਾਂ ਦਾ ਪੁਰਾਣਾ ਕਿਰਦਾਰ ਸਾਨੂੰ ਇਹ ਦੱਸ ਦਿੰਦਾ ਹੈ ਕਿ ਉਹ ਆਪਣੇ ਹਲਕੇ ਦੀ ਸੇਵਾ ਕਰਨ ਸੰਬੰਧੀ ਕੀਤੇ ਜਾਣ ਵਾਲੇ ਦਾਅਵਿਆਂ ਤੇ ਕਿੰਨੇ ਕੁ ਖਰੇ ਉਤਰਣਗੇ|
ਹੁਣ ਵੋਟਰਾਂ ਲਈ ਪ੍ਰੀਖਿਆ ਦੀ ਘੜੀ ਹੈ ਕਿ ਉਹ ਆਪਣੇ ਹਲਕੇ ਵਿੱਚੋਂ ਕਿਸ ਉਮੀਦਵਾਰ ਨੂੰ ਚੁਣਦੇ ਹਨ| ਆਪਣੇ ਨੁਮਾਇੰਦੇ ਦੀ ਚੋਣ ਕਰਨ ਦਾ ਇਹ ਕੰਮ ਬਹੁਤ ਹੀ ਜਿੰਮੇਵਾਰੀ ਵਾਲਾ ਹੈ ਅਤੇ ਇਸ ਕੰਮ ਦੌਰਾਨ ਵੋਟਰਾਂ ਨੂੰ ਕਿਸੇ ਵੀ ਨਿੱਜੀ ਭਾਵਨਾ ਤੋਂ ਉੱਪਰ ਉਠ ਕੇ ਅਤੇ ਆਪਣੇ ਹਲਕੇ ਦੇ ਵਿਕਾਸ ਲਈ ਸਮਰਪਿਤ ਉਮੀਦਵਾਰ ਦੀ ਹੀ ਚੋਣ ਕਰਨੀ ਚਾਹੀਦੀ ਹੈ| ਇਸਦੇ ਨਾਲ ਨਾਲ ਵੋਟਰਾਂ ਨੂੰ ਚੋਣ ਲੜਣ ਵਾਲੇ ਉਮੀਦਵਾਰ ਦੀ ਸਿਆਸੀ ਪਾਰਟੀ ਦੀ ਥਾਂ ਉਸਦੀ ਨਿੱਜੀ ਸ਼ਖਸ਼ੀਅਤ ਨੂੰ ਵੱਧ ਤਰਜੀਹ ਦੇਣੀ ਚਾਹੀਦੀ ਹੈ| ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰੇਕ ਨਾਗਰਿਕ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ ਤਾਂ ਜੋ ਹਲਕੇ ਦੇ ਨੁਮਾਇੰਦੇ ਦੀ ਚੋਣ ਵਿੱਚ ਉਹਨਾਂ ਦੀ ਹਿੱਸੇਦਾਰੀ ਕਾਇਮ ਰਹੇ ਅਤੇ ਉਹਨਾਂ ਦੀਆਂ ਵੋਟਾਂ ਪੈਣ ਨਾਲ ਉਹਨਾਂ ਦਾ ਪਸੰਦੀਦਾ ਉਮੀਦਵਾਰ ਚੋਣ ਜਿੱਤਣ ਦਾ ਸਮਰਥ ਹੋਵੇ| ਆਸ ਕੀਤੀ ਜਾਣੀ ਚਾਹੀਦੀ ਹੈ ਕਿ ਵੋਟਰ ਇਸ ਪ੍ਰੀਖਿਆ ਵਿੱਚ ਖਰੇ ਉਤਰਣਗੇ ਅਤੇ ਅਜਿਹੇ ਉਮੀਦਵਾਰਾਂ ਦੀ ਚੋਣ ਕਰਣਗੇ ਜਿਹੜੇ ਮਿਲ ਕੇ ਪੰਜਾਬ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਕੰਮ  ਕਰਣਗੇ|

Leave a Reply

Your email address will not be published. Required fields are marked *