ਇਕ ਫ਼ੌਜੀ ਆਪਣੀ ਡਿਊਟੀ ਦੇਸ਼ ਭਗਤੀ ਦੇ ਜਜ਼ਬੇ ਨਾਲ ਕਰਦਾ ਹੈ: ਬ੍ਰਿਗੇਡੀਅਰ ਚਾਂਦਪੁਰੀ

ਐਸ ਏ ਐਸ ਨਗਰ, 8 ਫਰਵਰੀ (ਸ.ਬ.) ਸ਼ਹੀਦ ਦੇਸ਼ ਅਤੇ ਕੌਮਾਂ ਦਾ ਅਜਿਹਾ ਸਰਮਾਇਆ ਹੁੰਦੇ ਹਨ, ਜਿਨ੍ਹਾਂ ਦੀ ਕੁਰਬਾਨੀ ਦੀਆਂ ਦਾਸਤਾਨਾਂ ਆਉਣ ਵਾਲੀਆਂ ਨਸਲਾਂ ਦੇ ਅੰਦਰ ਨਾ ਸਿਰਫ਼ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ ਬਲਕਿ ਇਕ ਮਿਸਾਲ ਪੈਦਾ ਕਰਕੇ ਤਰੱਕੀ ਦੀਆਂ ਰਾਹਾਂ ਦੇ ਪੈਡੇ ਤੈਅ ਕਰਦੀਆਂ ਹਨ| ਇਹ ਅਹਿਮ ਗੱਲ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੇ ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਵਿਚ ਸ਼ਹੀਦਾਂ ਦੇ ਪਰਿਵਾਰਾਂ ਲਈ ਰੱਖੇ ਇਕ ਸਨਮਾਨ ਸਮਾਰੋਹ ਦੌਰਾਨ ਸਾਂਝੀਆਂ ਕੀਤੀਆਂ| ਇਸ ਮੌਕੇ ਤੇ ਝੰਜੇੜੀ ਕਾਲਜ ਦੀ ਮੈਨੇਜਮੈਂਟ ਵੱਲੋਂ  ਮੇਜਰ ਹਰਮਿੰਦਰ ਪਾਲ ਸਿੰਘ, ਕੈਪਟਨ ਦਵਿੰਦਰ ਪਾਲ ਸਿੰਘ, ਸੂਬੇਦਾਰ ਕੁਲਦੀਪ ਸਿੰਘ, ਹੌਲਦਾਰ ਬਿਕਰਮ ਸਿੰਘ ਅਤੇ ਸਿਪਾਹੀ ਸੁਖਪ੍ਰੀਤ ਸਿੰਘ ਅਮਰ ਸ਼ਹੀਦਾਂ ਦੇ ਪਰਿਵਾਰਾਂ ਨੂੰ  5100 ਰੁਪਏ ਦੀ ਸਨਮਾਨ ਰਾਸ਼ੀ ਵੀ ਭੇਟ ਕੀਤੀ ਗਈ|
ਬ੍ਰਿਗੇਡੀਅਰ ਚਾਂਦਪੁਰੀ ਨੇ 1971 ਵਿਚ ਪਾਕਿਸਤਾਨ ਨਾਲ ਹੋਈ ਜੰਗ ਦੇ ਪਲ ਸਾਂਝੇ ਕਰਦੇ ਹੋਏ ਦੱਸਿਆਂ ਕਿ ਉਸ ਸਮੇਂ ਲੋਗੇਵਾਲਾ ਰਾਜਸਥਾਨ ਪੋਸਟ ਤੇ ਜਦ ਪਾਕਿਸਤਾਨ ਦੀ ਫ਼ੌਜ ਨੇ 60 ਟੈਂਕਾਂ ਅਤੇ 3000 ਹਜ਼ਾਰ ਫ਼ੌਜੀਆਂ ਨਾਲ ਹਮਲਾ ਕੀਤਾ ਤਾਂ ਉਨ੍ਹਾਂ ਨਾਲ ਸਿਰਫ਼ 60 ਜਵਾਨ ਸਨ| ਇਨੀ ਘੱਟ ਸੰਖਿਆ  ਵਿਚ ਹੁੰਦੇ ਹੋਏ ਵਿਚ ਭਾਰਤੀ ਯੋਧਿਆਂ ਨੇ ਚੜ੍ਹਦੀਕਲਾ ਵਿਚ ਰਹਿੰਦੇ ਹੋਏ ਨਾ ਸਿਰਫ਼ ਲੋਗੇਵਾਲਾ ਦੀ ਪੋਸਟ ਤੇ ਆਪਣਾ ਕਬਜ਼ਾ ਜਮਾਈ ਰੱਖਿਆਂ ਬਲਕਿ ਇਨ੍ਹੀਂ ਵੱਡੀ ਫ਼ੌਜ ਨੂੰ ਭਾਜੜਾਂ ਵੀ ਪਾਈ ਰੱਖੀਆਂ| ਇਸ ਦੇ ਨਾਲ ਹੀ ਬ੍ਰਿਗੇਡੀਅਰ ਚਾਂਦਪੁਰੀ ਨੇ ਉਸ ਜੰਗ ਦੌਰਾਨ ਹੋਈਆਂ ਛੋਟੀਆਂ ਛੋਟੀਆਂ ਘਟਨਾਵਾਂ ਦੇ ਪਲ ਸਾਂਝੇ ਕਰਦੇ ਹੋਏ ਇਸ ਦੌਰਾਨ ਬਹਾਦਰੀ ਨਾਲ ਲੋਹਾ ਲੈਦੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਵੀ ਦਿਤੀ|
ਇਸ ਮੌਕੇ ਤੇ ਬ੍ਰਿਗੇਡੀਅਰ ਚਾਂਦਪੁਰੀ ਨਾਲ ਸ਼ਹੀਦਾਂ ਦੇ ਪਰਿਵਾਰਾਂ ਨੂੰ 5100 ਰੁਪਏ ਦੇ ਚੈੱਕ ਤਕਸੀਮ ਕਰਦੇ ਹੋਏ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਸਨਮਾਨ ਸਮਾਰੋਹ ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਦੇਣ ਦਾ ਇਕ ਛੋਟਾ ਜਿਹਾ ਉਪਰਾਲਾ ਸੀ| ਸੀ ਜੀ ਸੀ ਦੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ| ਉਨ੍ਹਾਂ ਦੀ ਕੁਰਬਾਨੀ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ| ਇਸ ਮੌਕੇ ਦੇਸ਼ ਦੇ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਵੀ ਰੱਖਿਆ ਗਿਆ|

Leave a Reply

Your email address will not be published. Required fields are marked *