ਇਖਲਾਕੀ ਗੰਦਲੇਪਣ ਦੀ ਸ਼ਿਕਾਰ ਹੋ ਚੁੱਕੀ ਹੈ ਪੰਜਾਬ ਦੀ ਰਾਜਨੀਤੀ

ਇਖਲਾਕੀ ਗੰਦਲੇਪਣ ਦੀ ਸ਼ਿਕਾਰ ਹੋ ਚੁੱਕੀ ਹੈ ਪੰਜਾਬ ਦੀ ਰਾਜਨੀਤੀ
ਸਾਫ ਸੁਥਰੇ ਕਿਰਦਾਰ ਵਾਲੇ ਆਗੂਆਂ ਦੀ ਗਿਣਤੀ ਘਟੀ
ਜਗਮੋਹਨ ਸਿੰਘ ਲੱਕੀ
ਐਸ ਏ ਐਸ ਨਗਰ,  10 ਅਕਤੂਬਰ
ਪੰਜਾਬ ਦੀ ਰਾਜਨੀਤੀ ਵਿੱਚ ਇਸ ਸਮੇਂ ਅਹਿਮ ਮੋੜ ਆ ਚੁਕਿਆ ਹੈ ਅਤੇ ਸਾਬਕਾ ਕੇਂਦਰੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਫਿਲਮ ਦੇ ਮਾਮਲੇ ਤੋਂ ਬਾਅਦ ਤਾਂ ਇਹ ਗੱਲ ਮੁੱਖ ਰੂਪ ਵਿੱਚ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੀ ਰਾਜਨੀਤੀ ਇਖਲਾਕੀ ਗੰਦਲੇਪਣ ਦੀ ਸ਼ਿਕਾਰ ਹੋ ਰਹੀ ਹੈ| ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਰਾਜਸੀ ਆਗੂਆਂ ਉਪਰ ਕਈ ਤਰ੍ਹਾਂ ਦੇ ਇਲਜਾਮ ਲੱਗਦੇ ਰਹੇ ਹਨ| ਸਮੇਂ ਸਮੇਂ ਤੇ ਕਾਂਗਰਸੀ ਆਗੂਆਂ ਅਤੇ ਹੋਰ ਵਿਰੋਧੀ ਧਿਰਾਂ ਵਲੋਂ ਬਿਕਰਮ ਸਿੰਘ ਮਜੀਠੀਆ ਉਪਰ ਵੀ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਧੰਦਾ ਪ੍ਰਫੂਲਤ ਕਰਨ ਦੇ ਦੋਸ਼ ਲੱਗਦੇ ਰਹੇ ਹਨ| ਭਾਵੇਂ ਕਿ ਸ੍ਰੀ ਮਜੀਠੀਆ ਇਹਨਾਂ ਦੋਸ਼ਾਂ ਦਾ ਖੰਡਨ ਕਰਦੇ ਰਹਿੰਦੇ ਹਨ ਪਰ ਫਿਰ ਵੀ ਲੋਕਾਂ ਵਿੱਚ ਕਈ ਤਰ੍ਹਾਂ ਦੀ ਚਰਚਾ ਅਜੇ ਵੀ ਹੁੰਦੀ ਰਹਿੰਦੀ ਹੈ| ਮਾਲਵਾ ਇਲਾਕੇ ਦੇ ਬਰਨਾਲਾ ਵਿਧਾਨ ਸਭਾ ਹਲਕੇ ਦੇ ਇਕ ਮਰਹੂਮ ਅਕਾਲੀ ਵਿਧਾਇਕ ਬਾਰੇ ਤਾਂ ਇਹ ਕਿਹਾ ਜਾਂਦਾ ਸੀ ਕਿ ਉਸਦੀ ਨਾਜਾਇਜ ਸ਼ਰਾਬ ਸਰਕਾਰੀ ਠੇਕਿਆਂ ਦੇ ਬਰਾਬਰ ਵਿਕਦੀ ਸੀ ਅਤੇ ਉਹ ਵਿਧਾਇਕ ਸਰਕਾਰੀ ਅਫਸਰਾਂ ਨਾਲ ਵੀ ਡਰਾਇਵਰਾਂ ਦੀ ਬੋਲੀ ਵਿਚ ਹੀ ਗਲ ਕਰਦਾ ਸੀ| ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ  ਮੰਤਰੀ ਸੁਖਬੀਰ ਸਿੰਘ ਬਾਦਲ ਉਪਰ ਵੀ ਕੁਝ ਸਾਲ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਚੁਕੇ ਹਨ| ਉਸ ਸਮੇਂ ਵੀ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਹੀ ਹੋਂਦ ਵਿਚ ਸੀ ਉਸ ਸਮੇਂ ਕੁਝ ਸਮੇਂ ਲਈ ਵੱਡੇ ਅਤੇ ਛੋਟੇ ਬਾਦਲ ਨੂੰ ਕੁਝ ਸਮੇਂ ਲਈ ਜੇਲ ਵਿਚ ਵੀ ਜਾਣਾ ਪਿਆ ਸੀ| ਇਹ ਵੱਖਰੀ ਗਲ ਹੈ ਕਿ ਉਸ ਸਮੇਂ ਜੇਲ ਵਿਚੋਂ ਦੋਵੇਂ ਬਾਦਲ ਲੋਕਾਂ ਦੇ ਹੀਰੋ ਬਣਕੇ ਜੇਲ ਵਿਚੋਂ ਬਾਹਰ ਆਏ ਸਨ ਅਤੇ ਦੋਵੇਂ ਬਾਦਲਾਂ ਨੂੰ ਆਮ ਲੋਕਾਂ ਦਾ ਭਾਰੀ ਸਮਰਥਣ ਮਿਲਣਾ  ਸ਼ੁਰੂ ਹੋ ਗਿਆ, ਜਿਸਦੇ ਨਤੀਜੇ ਵਜੋਂ ਪੰਜਾਬ ਵਿਚ ਅਗਲੀ  ਸਰਕਾਰ ਬਾਦਲਾਂ ਦੀ ਹੀ ਬਣੀ  ਸੀ|
ਇਸ ਤੋਂ ਇਲਾਵਾ ਪੰਜਾਬ ਵਿਚ ਵਿਚਰ ਰਹੀਆਂ ਵੱਖ ਵੱਖ ਰਾਜਸੀ ਪਾਰਟੀਆਂ ਦੇ ਅਨੇਕਾਂ ਆਗੂਆਂ ਉਪਰ ਹੀ ਕਈ ਤਰਾਂ ਦੇ ਇਲਜਾਮ ਲੱਗ ਚੁਕੇ ਹਨ| ਆਮ ਆਦਮੀ ਪਾਰਟੀ ਵੀ ਇਸ ਤੋਂ ਅਛੂਤੀ ਨਹੀਂ ਰਹੀ ਅਤੇ ਇਸ ਪਾਰਟੀ ਦੇ ਸਾਬਕਾ ਆਗੂ ਸੁੱਚਾ ਸਿੰਘ ਛੋਟੇਪੁਰ ਨੂੰ ਇਸੇ ਕਾਰਨ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਕਿਉਂਕਿ ਉਹਨਾਂ ਉਪਰ ਵੀ ਭ੍ਰਿਸਟਾਚਾਰ ਦੇ ਇਲਜਾਮ ਲੱਗੇ ਸਨ|
ਇਸ ਵੇਲੇ ਪੰਜਾਬ ਵਿਚ ਕੋਈ ਵੀ ਪਾਰਟੀ ਆਪਣੇ ਆਪ ਨੂੰ ਸਾਫ ਸੁਥਰੀ ਹੋਣ ਦਾ ਦਾਅਵਾ ਨਹੀਂ ਕਰ ਸਕਦੀ ਭਾਵੇਂ ਕਿ ਸਾਰੀਆਂ ਹੀ ਪਾਰਟੀਆਂ ਦੇ ਆਗੂ ਆਪਣੇ ਆਪ ਨੂੰ ਦੁੱਧ ਧੋਤਾ ਅਤੇ ਦੂਜੇ ਆਗੂਆਂ ਨੂੰ ਭ੍ਰਿਸਟਾਚਾਰੀ ਕਹਿਣ ਦੇ ਆਦੀ ਹਨ| ਪੰਜਾਬ ਦੀ ਰਾਜਨੀਤੀ ਦਿਨੋਂ ਦਿਨ ਇਖਲਾਕੀ ਗੰਦਲੇਪਣ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ| ਪੰਜਾਬ ਦੀ ਰਾਜਨੀਤੀ ਵਿਚ ਸਾਫ ਸੁਥਰੇ ਕਿਰਦਾਰ ਵਾਲੇ ਆਗੂਆਂ ਦੀ ਗਿਣਤੀ ਤੇਜੀ ਨਾਲ ਘੱਟ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ|
ਚੋਣਾਂ ਵੇਲੇ ਹਰੇਕ ਪਾਰਟੀ ਦੇ ਆਗੂਆਂ ਵਲੋਂ ਦੂਜੀਆਂ ਪਾਰਟੀਆਂ ਦੇ ਆਗੂਆਂ ਉਪਰ ਨਿੱਜੀ ਦੂਸਣਬਾਜੀ ਵੀ ਕੀਤੀ ਜਾਂਦੀ ਹੈ| ਇਹ ਰਾਜਸੀ ਆਗੂ ਆਪਣੇ ਆਪ ਨੂੰ ਮਹਾਤਮਾ ਗਰਦਾਨਦੇ ਹਨ ਅਤੇ ਵਿਰੋਧੀ ਆਗੂਆਂ ਨੂੰ ਚੋਰ ਤਕ ਕਹਿਣ ਤੋਂ ਗੁਰੇਜ ਨਹੀਂ ਕਰਦੇ| ਇਸ ਤਰਾਂ ਲੋਕਾਂ ਵਿਚ ਇਹਨਾਂ ਸਾਰੇ ਰਾਜਸੀ ਆਗੂਆਂ ਦਾ ਅਕਸ਼ ਖਰਾਬ ਹੋ ਜਾਂਦਾ ਹੈ| ਆਮ ਲੋਕਾਂ  ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਕਿਹੜਾ ਆਗੂ ਅਤੇ ਉਮੀਦਵਾਰ ਸਹੀ ਅਤੇ ਅਤੇ ਕਿਹੜਾ ਗਲਤ ਹੈ| ਇਹੀ ਕਾਰਨ ਹੈ ਕਿ ਲੋਕਾਂ ਵਿਚ ਪਏ ਭੰਬਲਭੂਸੇ ਕਾਰਨ ਕਈ ਵਾਰ ਸਹੀ ਬੰਦੇ ਨਹੀਂ ਚੁਣੇ ਜਾਂਦੇ|
ਪੰਜਾਬ ਦੀ ਰਾਜਨੀਤੀ ਵਿਚ ਆ ਰਿਹਾ ਇਖਲਾਕੀ ਗੰਦਲਾਪਣ ਸੂਬੇ  ਨੂੰ ਕਿਸ ਹਾਲਤ ਵਿੱਚ ਲੈ ਕੇ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਪੰਜਾਬ ਨੂੰ ਇਸ ਵੇਲੇ ਇਹੋ ਜਿਹੇ ਸਾਫ ਸੁਥਰੇ ਕਿਰਦਾਰ ਵਾਲੇ ਆਗੂਆਂ ਦੀ ਲੋੜ ਹੈ ਜੋ ਪੰਜਾਬ ਦੀ ਰਾਜਨੀਤੀ ਨੂੰ ਇਸ ਗੰਧਲੇਪਨ ਤੋਂ ਬਾਹਰ ਕੱਢਣ ਦੇ ਸਮਰਥ ਹੋਣ|

Leave a Reply

Your email address will not be published. Required fields are marked *