ਇਟਲੀ ਦੇ ਪ੍ਰਧਾਨ ਮੰਤਰੀ ਗਿਓਸੇਪ ਕੌਂਤੇ ਨੇ ਸੈਨੇਟ ਵਿੱਚ ਹਾਸਿਲ ਕੀਤਾ ਵਿਸ਼ਵਾਸ ਮਤਾ ਇਟਲੀ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਗਿਓਸੇਪ ਕੌਂਤੇ
ਰੋਮ, 20 ਜਨਵਰੀ (ਸ. ਬ.) ਇਟਲੀ ਦੇ ਪ੍ਰਧਾਨ ਮੰਤਰੀ ਗਿਓਸੇਪ ਕੌਂਤੇ ਦੀ ਅਗਵਾਈ ਵਾਲੀ ਸਰਕਾਰ ਨੇ ਸੈਨੇਟ ਵਿੱਚ ਵਿਸ਼ਵਾਸ ਮਤਾ ਹਾਸਿਲ ਕਰ ਲਿਆ ਹੈ। ਸਥਾਨਕ ਮੀਡੀਆ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਇਸ ਤਰ੍ਹਾਂ ਨਾਲ ਉਹ ਇਟਲੀ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਕਿਉਂਕਿ ਉਨ੍ਹਾਂ ਨੇ ਸੰਸਦ ਵਿਚ ਬਹੁਮਤ ਹਾਸਿਲ ਕਰ ਲਿਆ ਹੈ।
ਸੈਨੇਟ ਦੀ ਪ੍ਰਧਾਨ ਮਾਰਿਆ ਐਲਿਸਾਬੇਟਾ ਕਾਸੇਲਟੀ ਨੇ ਨਤੀਜਿਆਂ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਕੌਂਤੇ ਦੇ ਪੱਖ ਵਿੱਚ ਕੁੱਲ 156 ਵੋਟਾਂ ਪਈਆਂ ਜਦਕਿ ਵਿਰੋਧ ਵਿੱਚ 140 ਸੈਨੇਟਰਾਂ ਨੇ ਮਤਦਾਨ ਕੀਤਾ ਅਤੇ 16 ਸੈਨੇਟਰ ਗੈਰ-ਹਾਜ਼ਰ ਰਹੇ।
ਇਸ ਤਰ੍ਹਾਂ ਨਾਲ 321 ਮੈਂਬਰੀ ਸੈਨੇਟਰ ਵਿੱਚ ਵੋਟਿੰਗ ਦੌਰਾਨ 312 ਸੈਨੇਟਰ ਮੌਜੂਦ ਰਹੇ। ਵੋਟਿੰਗ ਦਾ ਟੀ. ਵੀ. ਉੱਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ। ਇਸਤੋਂ ਪਹਿਲਾਂ ਸੋਮਵਾਰ ਨੂੰ ਦਿ ਚੈਂਬਰ ਆਫ਼ ਡਿਪਟੀਜ਼ ਵਿੱਚ ਕੌਂਤੇ ਦੇ ਪੱਖ ਵਿੱਚ 321 ਅਤੇ ਵਿਰੋਧ ਵਿਚ 259 ਵੋਟਾਂ ਪਈਆਂ ਸਨ।