ਇਟਲੀ ਵਿਚ ਤਰਸਯੋਗ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋ ਰਹੇ ਨੇ ਭਾਰਤੀ

ਰੋਮ, 28 ਜੁਲਾਈ (ਸ.ਬ.) ਇਟਲੀ ਦੇ ਪੋਂਟਿਨ ਮਾਰਸੇਸ ਵਿਚ ਰਹਿਣ ਵਾਲੇ ਭਾਰਤੀ ਤਰਸਯੋਗ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋ ਰਹੇ ਹਨ| ਇਟਲੀ ਵਿਚ ਰਹਿ ਰਹੇ ਇਨ੍ਹਾਂ ਲੋਕਾਂ ਨਾਲ ਗੁਲਾਮਾਂ ਵਰਗਾ ਵਿਵਹਾਰ ਕੀਤਾ ਜਾਂਦਾ ਹੈ| ਇੰਨੀ ਜ਼ਿਆਦਾ ਮਿਹਨਤ ਤੋਂ ਬਾਅਦ ਵੀ ਇਨ੍ਹਾਂ ਨੂੰ ਗੁਜ਼ਰ-ਬਸਰ ਲਈ ਕੁਝ ਹੀ ਰੁਪਏ ਮਿਲਦੇ ਹਨ | ਇੱਥੇ ਕਰੀਬ 30 ਹਜ਼ਾਰ ਭਾਰਤੀ ਰਹਿੰਦੇ ਹਨ, ਜਿਨ੍ਹਾਂ ਵਿਚ ਸਿੱਖਾਂ ਦੀ ਗਿਣਤੀ ਜ਼ਿਆਦਾ ਹੈ|
ਨਾਮ ਨਾ ਦੱਸਣ ਦੀ ਸ਼ਰਤ ਤੇ ਇਕ ਮਜ਼ਦੂਰ ਨੇ ਦੱਸਿਆ ਕਿ ਜ਼ਿਆਦਾਤਰ ਲੋਕ ਏਜੰਟਾਂ ਜ਼ਰੀਏ ਇੱਥੇ ਪੁੱਜੇ ਹਨ| ਇਨ੍ਹਾਂ ਨੂੰ ਇਹੀ ਦੱਸਿਆ ਗਿਆ ਸੀ ਕਿ ਕੰਪਨੀ ਵਿਚ ਚੰਗੀ ਨੌਕਰੀ ਹੈ, ਜਿਸ ਦੇ ਬਦਲੇ ਵਿਚ ਉਨ੍ਹਾਂ ਨੂੰ ਚੰਗੀ ਰਕਮ ਮਿਲੇਗੀ ਪਰ ਜਦੋਂ ਉਹ ਇੱਥੇ ਪੁੱਜੇ ਤਾਂ ਉਨ੍ਹਾਂ ਨੂੰ ਫੈਕਟਰੀਆਂ ਵਿਚ ਮਜ਼ਦੂਰ ਬਣਾ ਦਿੱਤਾ ਗਿਆ| ਇਨ੍ਹਾਂ ਵਿਚੋਂ ਕਈ ਲੋਕ ਖੇਤਾਂ ਵਿਚ ਵੀ ਮਜ਼ਦੂਰੀ ਕਰਦੇ ਹਨ| ਇਨ੍ਹਾਂ ਤੋਂ 12-14 ਘੰਟੇ ਤੱਕ ਕੰਮ ਲਿਆ ਜਾਂਦਾ ਹੈ ਅਤੇ ਬਦਲੇ ਵਿਚ ਇੰਨੇ ਘੱਟ ਪੈਸੇ ਦਿੱਤੇ ਜਾਂਦੇ ਹਨ ਕਿ ਜੇਬ ਖਰਚ ਚਲਾਉਣਾ ਵੀ ਮੁਸ਼ਕਿਲ ਹੁੰਦਾ ਹੈ |
ਇਸ ਪ੍ਰੇਸ਼ਾਨੀ ਦੀ ਵਜ੍ਹਾ ਨਾਲ ਲੋਕ ਡਿਪ੍ਰੈਸ਼ਨ ਦੇ ਸ਼ਿਕਾਰ ਹੋ ਕੇ ਹੁਣ ਅਫੀਮ ਅਤੇ ਡਰਗੱਸ ਦੇ ਆਦੀ ਹੁੰਦੇ ਜਾ ਰਹੇ ਹਨ| ਇਕ ਭਾਰਤੀ ਮਜ਼ਦੂਰ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਅਣਗਿਣਤ ਲੋਕ ਤਾਂ ਅਜਿਹੇ ਹਨ, ਜੋ ਕਰਜ਼ ਲੈ ਕੇ ਇੱਥੇ ਪੁੱਜੇ ਸਨ| ਇਸ ਦੇ ਚੱਲਦੇ ਉਹ ਵਾਪਸ ਵੀ ਨਹੀਂ ਜਾ ਸਕਦੇ| ਇਸ ਤੋਂ ਇਲਾਵਾ ਕਈ ਕੰਪਨੀਆਂ ਨੇ ਇਨ੍ਹਾਂ ਨਾਲ ਧੋਖਾਧੜੀ ਕਰਦੇ ਹੋਏ ਦਸਤਖਤ ਵੀ ਕਰਵਾ ਲਏ ਹਨ, ਜਿਸ ਕਾਰਨ ਉਹ ਹੁਣ ਵਾਪਸ ਆਪਣੇ ਘਰ ਨਹੀਂ ਜਾ ਸਕਦੇ ਹਨ| ਭਾਰਤੀਆਂ ਤੋਂ ਇਲਾਵਾ ਇੱਥੇ ਅਫਰੀਕਾ ਦੇ ਗਰੀਬ ਦੇਸ਼ਾਂ ਦੇ ਵੀ ਹਜ਼ਾਰਾਂ ਲੋਕ ਇਸੇ ਤਰ੍ਹਾਂ ਦਾ ਜੀਵਨ ਜਿਊਣ ਲਈ ਮਜ਼ਬੂਰ ਹਨ, ਜਿਨ੍ਹਾਂ ਨੂੰ ਕਿਸੇ ਮਦਦ ਦੀ ਵੀ ਉਮੀਦ ਨਹੀਂ ਹੈ|

Leave a Reply

Your email address will not be published. Required fields are marked *