ਇਟਲੀ ਵਿਚ 4 ਕਿਲੋ ਅਫੀਮ ਅਤੇ 50,000 ਯੂਰੋ ਸਮੇਤ ਭਾਰਤੀ ਗ੍ਰਿਫਤਾਰ

ਰੋਮ, 21 ਜੁਲਾਈ (ਸ.ਬ.)  ਇਟਲੀ ਵਿਚ ਭਾਰਤੀ ਬੱਚੇ ਜਿੱਥੇ ਵੱਖ-ਵੱਖ ਕੋਰਸਾਂ ਤੇ ਡਿਗਰੀਆਂ ਵਿਚੋਂ 100 ਵਿਚੋਂ 100 ਨੰਬਰ ਪ੍ਰਾਪਤ ਕਰਕੇ ਭਾਰਤ ਦੀ ਬੱਲੇ-ਬੱਲੇ ਕਰਵਾ ਰਹੇ ਹਨ ਉਥੇ ਹੀ ਕੁਝ ਅਜਿਹੇ ਵਿਅਕਤੀ ਵੀ ਹਨ ਜਿਹੜੇ ਕਿ ਸਮਾਜ ਵਿਰੋਧੀ ਕੰਮਾਂ ਕਾਰਨ ਭਾਰਤ ਅਤੇ ਭਾਰਤੀ ਲੋਕਾਂ ਦੇ ਅਕਸ ਨੂੰ ਮਿੱਟੀ ਵਿਚ ਰੋਲਣ ਲਈ ਕੋਈ ਕਸਰ ਨਹੀਂ ਛੱਡ ਰਹੇ| ਅਜਿਹੀਆਂ ਸਖ਼ਸ਼ੀਅਤਾਂ ਇਟਲੀ ਭਰ ਵਿਚ ਵਧਦੀਆਂ ਹੀ ਜਾ ਰਹੀਆਂ ਹਨ ਪਰ ਇਸ ਦੇ ਮੱਦੇਨਜ਼ਰ ਇਟਲੀ ਪੁਲੀਸ ਵੀ ਪੂਰੀ ਤਰ੍ਹਾਂ ਚੌਕਸ ਹੈ ਤੇ ਹਰ ਰੋਜ਼ ਨਸ਼ਿਆਂ ਦੇ ਕਾਰੋਬਾਰੀਆਂ ਨੂੰ ਨੱਥ ਪਾਉਣ ਲਈ ਜੰਗੀ ਪੱਧਰ ਤੇ ਸਰਗਰਮ ਹੈ| ਇਸੇ ਮੁਹਿੰਮ ਤਹਿਤ ਸਟੇਟ ਪੁਲੀਸ ਨੇ ਇਕ 49 ਸਾਲਾ ਭਾਰਤੀ ਨੂੰ ਨਸ਼ੇ ਦੇ ਵਪਾਰ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ| ਪੁਲੀਸ ਨੇ ਕਾਬੂ ਕੀਤੇ ਭਾਰਤੀ ਕੋਲੋਂ 4 ਕਿਲੋ ਅਫੀਮ ਦੀਆਂ ਗੋਲੀਆਂ ਅਤੇ 50,000 ਯੂਰੋ ਨਕਦ ਬਰਾਮਦ ਕੀਤੇ ਹਨ| ਕਰੇਮੋਨਾ ਪੁਲੀਸ ਵੱਲੋਂ ਇਸ ਆਪਰੇਸ਼ਨ ਦੀ ਸ਼ੁਰੂਆਤ ਭਾਰਤੀ ਦੇ ਕਾਬੂ ਕੀਤੇ ਜਾਣ ਤੋਂ ਕੁੱਝ ਦਿਨ ਪਹਿਲਾਂ ਹੀ ਕਰ ਦਿੱਤੀ ਗਈ ਸੀ| ਪੁਲੀਸ ਵੱਲੋਂ ਇਸ ਕੇ. ਐਸ. ਨਾਮਕ 49 ਸਾਲਾ ਭਾਰਤੀ ਦੀਆਂ (ਬਰੇਸ਼ੀਆ ਦੀ ਮਾਰਕਿਟ ਆਦਿ ਵਿਚ) ਸ਼ੱਕੀ ਗਤੀਵਿਧੀਆਂ ਉਤੇ ਨਜ਼ਰ ਰੱਖੀ ਜਾ ਰਹੀ ਸੀ, ਅਤੇ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਪੁਲੀਸ ਨੇ ਦੋਸ਼ੀ ਭਾਰਤੀ ਨੂੰ ਗ੍ਰਿਫਤਾਰ ਕੀਤਾ ਹੈ|
ਇਸ ਭਾਰਤੀ ਦੇ ਬਣਾਏ ਗਏ ਇਕ ਮੈਗਜ਼ੀਨ (ਸਟੋਰ, ਵੇਅਰ ਹਾਊਸ) ਵਿਚ ਵੀ ਪੁਲੀਸ ਵੱਲੋਂ ਤਲਾਸ਼ੀ ਲਈ ਗਈ, ਜਿਸ ਦੌਰਾਨ ਪੁਲੀਸ ਨੂੰ 4 ਕਿਲੋ ਅਫੀਮ ਲਿਫਾਫੇ ਅਤੇ 23 ਹਜ਼ਾਰ ਯੂਰੋ (ਜੋ ਕਿ ਭਾਰਤੀ ਵੱਲੋਂ ਮਨੀ ਟਰਾਂਸਫਰ ਦੀ ਰਕਮ ਦੱਸੀ ਗਈ ਹੈ, ਜਦਕਿ ਮਨੀ ਟਰਾਂਸਫਰ ਰਕਮ ਦੇ ਖਾਤੇ ਅਤੇ ਬਰਾਮਦ ਨਕਦ ਰਾਸ਼ੀ ਦੇ ਅੰਕੜੇ ਆਪਸ ਵਿਚ ਮੇਲ ਨਹੀਂ ਖਾਂਦੇ) ਨਕਦ ਇਕ ਬਰੀਫਕੇਸ ਵਿਚੋਂ ਬਰਾਮਦ ਹੋਏ ਹਨ| ਇਟਲੀ ਵਿਚ ਭਾਰਤੀ ਲੋਕਾਂ ਦਾ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਹੋਣਾ ਨਾ ਰੁਕਣਾ ਭਵਿੱਖ ਵਿਚ ਇਟਲੀ ਵਿਚ ਰਹਿੰਦੇ ਭਾਰਤੀਆਂ ਦੀਆਂ ਮੁਸੀਬਤਾਂ ਵਿਚ ਅਥਾਹ ਵਾਧਾ ਕਰ ਸਕਦਾ ਹੈ|
ਇਸ ਲਈ ਭਾਰਤੀ ਇਟਲੀ ਦੀਆਂ ਕਈ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਖੇਤਰਾਂ ਵਿਚ ਧਿਆਨ ਦੇਣ ਦੇ ਨਾਲ-ਨਾਲ ਇਟਲੀ ਵਿਚ ਆਪਣੇ ਖਰਾਬ ਹੋ ਰਹੇ ਅਕਸ ਨੂੰ ਸੁਧਾਰਨ ਲਈ ਜ਼ਰੂਰ ਗੰਭੀਰਤਾ ਨਾਲ ਸੋਚਣ|

Leave a Reply

Your email address will not be published. Required fields are marked *