ਇਟਲੀ ਵਿੱਚ ਨਸਲੀ ਭੇਦਭਾਵ ਕਾਰਨ ਸ਼ਰਨਾਰਥੀਆਂ ਦੀ ਕੁੱਟਮਾਰ, 7 ਦੋਸ਼ੀ ਗ੍ਰਿਫਤਾਰ

ਰੋਮ, 6 ਸਤੰਬਰ (ਸ.ਬ.) ਇਟਲੀ ਦੇ ਰੋਮ ਸ਼ਹਿਰ ਵਿੱਚ ਨਸਲੀ ਭੇਦਭਾਵ ਦਾ ਵੱਡਾ ਮਾਮਲਾ ਸਾਹਮਣੇ ਆਇਆ| ਇੱਥੇ ਕੁਝ ਇਟਾਲੀਅਨਾਂ ਨੇ ਨਫਰਤ ਕਾਰਨ ਅਫਰੀਕਨ ਸ਼ਰਨਾਰਥੀਆਂ ਦੀ ਜਮ ਕੇ ਕੁੱਟਮਾਰ ਕੀਤੀ| ਇਸ ਸਬੰਧ ਵਿਚ ਇਟਾਲੀਅਨ ਪੁਲੀਸ ਵਲੋਂ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਮਿਲੀ ਜਾਣਕਾਰੀ ਮੁਤਾਬਕ ਇਹ ਸਾਰਾ ਘਟਨਾਕ੍ਰਮ ਉਸ ਸਮੇਂ ਵਾਪਰਿਆ, ਜਦੋਂ ਬੀਤੀ ਸ਼ਾਮ ਅਫਰੀਕਨ ਨਾਬਾਲਗ ਸ਼ਰਨਾਰਥੀਆਂ ਦਾ ਇਕ ਗਰੁੱਪ ਸ਼ਹਿਰ ਦੀ ਇਕ ਗਲੀ ਦੇ ਫੁੱਟਪਾਥ ਉਤੇ ਬੈਠਾ ਸੀ ਤਾਂ ਅਚਾਨਕ ਇਟਾਲੀਅਨ ਵਿਅਕਤੀਆਂ ਨੇ ਇਨ੍ਹਾਂ ਅਫਰੀਕਨਾਂ ਉਤੇ ਲੋਹੇ ਦੀਆਂ ਰਾਡਾਂ ਅਤੇ ਸੋਟੀਆਂ ਨਾਲ ਹਮਲਾ ਕਰਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ|
ਇਟਾਲੀਅਨ ਵਿਅਕਤੀਆਂ ਨੇ ਇਨ੍ਹਾਂ ਅਫਰੀਕਨਾਂ ਵਿਰੁੱਧ ਨਸਲੀ ਭੇਦਭਾਵ ਨੂੰ ਪ੍ਰਗਟਾਉਂਦੀ ਹੋਈ ਭੱਦੀ ਸ਼ਬਦਾਵਲੀ ਵੀ ਵਰਤੀ ਅਤੇ ਉਨ੍ਹਾਂ ਨੂੰ ਕਾਲੇ-ਕਾਲੇ ਸੰਬੋਧਨ ਕਰਦੇ ਹੋਏ ਇਟਲੀ ਛੱਡ ਕੇ ਜਾਣ ਲਈ ਵੀ ਕਹਿੰਦੇ ਰਹੇ| ਅਫਰੀਕਨਾਂ ਉਤੇ ਅਜਿਹੇ ਤਸ਼ੱਦਦ ਦੀ ਸੂਚਨਾ ਜਿਵੇਂ ਹੀ ਇਟਾਲੀਅਨ ਪੁਲੀਸ ਨੂੰ ਮਿਲੀ ਤਾਂ ਪੁਲੀਸ ਨੇ ਮੌਕੇ ਉਤੇ ਪਹੁੰਚ ਕੇ ਉਕਤ ਹਮਲਾਵਰਾਂ ਤੋਂ ਅਫਰੀਕਨ ਨੌਜਵਾਨਾਂ ਨੂੰ ਬਚਾਇਆ ਅਤੇ ਸਾਰੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ| ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ 2 ਔਰਤਾਂ ਵੀ ਸ਼ਾਮਲ ਹਨ| ਜ਼ਿਕਰਯੋਗ ਹੈ ਕਿ ਇਟਲੀ ਦਾ ਰੋਮ ਇਕ ਅਜਿਹਾ ਸ਼ਹਿਰ ਹੈ, ਜਿੱਥੇ ਵੱਡੀ ਗਿਣਤੀ ਵਿੱਚ ਅਫਰੀਕਨ ਲੋਕ ਵੱਸੇ ਹੋਏ ਹਨ|

Leave a Reply

Your email address will not be published. Required fields are marked *