ਇਤਿਹਾਸਕ ਜਿੱਤ ਤੋਂ ਬਾਅਦ ਭਾਰਤੀ ਟੀਮ ਤੋਂ ਵਧੀ ਉਮੀਦ

ਇਹ ਪਲ ਯਾਦਗਾਰ ਹਨ| ਇਸ ਜਿੱਤ ਨੂੰ ਭਾਰਤੀ ਪ੍ਰਸ਼ੰਸਕ ਅਤੇ ਖੇਡ ਪ੍ਰੇਮੀ ਲੰਬੇ ਸਮੇਂ ਤੱਕ ਆਪਣੇ ਦਿਮਾਗ ਵਿੱਚ ਸੰਜੋ ਕੇ ਰੱਖਣਗੇ| 71 ਸਾਲ ਬਾਅਦ ਭਾਰਤੀ ਟੀਮ ਨੇ ਉਸ ਟੀਮ ਨੂੰ ਉਸੇਦੇ ਘਰ ਵਿੱਚ ਟੈਸਟ ਸੀਰੀਜ ਵਿੱਚ 2-1 ਨਾਲ ਕਰਾਰੀ ਹਾਰ ਦਿੱਤੀ ਹੈ, ਜੋ ਸਾਲਾਂ ਤੱਕ ਵਿਸ਼ਵ ਕ੍ਰਿਕਟ ਵਿੱਚ ਰਾਜ ਕਰਦੀ ਰਹੀ| 1947-48 ਵਿੱਚ ਭਾਰਤੀ ਕ੍ਰਿਕਟ ਟੀਮ ਆਸਟ੍ਰੇਲੀਆ ਵਿੱਚ ਸਭ ਤੋਂ ਪਹਿਲਾਂ ਟੈਸਟ ਸੀਰੀਜ ਖੇਡਣ ਪਹੁੰਚੀ ਸੀ| ਇਸ ਸੀਰੀਜ ਵਿੱਚ ਭਾਰਤ ਨੂੰ 4-0 ਨਾਲ ਮੂੰਹ ਦੀ ਖਾਣੀ ਪਈ ਸੀ| ਇਸ ਤੋਂ ਬਾਅਦ ਕੁਲ 11 ਟੈਸਟ ਲੜੀਆਂ ਵਿੱਚ ਇੱਕ ਵਾਰ ਵੀ ਮਹਿਮਾਨ ਭਾਰਤੀ ਟੀਮ ਸੀਰੀਜ ਨਹੀਂ ਜਿੱਤ ਸਕੀ| 11 ਵਿੱਚ ਅੱਠ ਵਾਰ ਭਾਰਤ ਨੇ ਸੀਰੀਜ ਗਵਾਈ ਤਾਂ ਤਿੰਨ ਡਰਾਅ ਰਹੇ| 12ਵੇਂ ਦੌਰੇ ਵਿੱਚ ਕਪਤਾਨ ਵਿਰਾਟ ਕੋਹਲੀ ਐਂਡ ਕੰਪਨੀ ਨੇ ਦੇਸ਼ਵਾਸੀਆਂ ਨੂੰ ਮਾਣ ਕਰਨ ਦਾ ਮੌਕਾ ਦਿੱਤਾ| ਜਿੱਤ ਤੋਂ ਬਾਅਦ ਖੁਦ ਕਪਤਾਨ ਨੇ ਆਪਣੀ ਟੀਮ ਬਾਰੇ ‘ਵਿਰਾਟ’ ਗੱਲਾਂ ਕਹੀਆਂ ਅਤੇ ਇਸਨੂੰ ਗੌਰਵਮਈ ਅਨੁਭਵ ਕਰਾਰ ਦਿੱਤਾ | ਇਹ ਇਤਿਹਾਸ ਬਦਲਨ ਵਾਲੀ ਲੜੀ ਹੈ| ਇਸਨੇ ਕਈ ਮਾਇਨਿਆਂ ਵਿੱਚ ਭਾਰਤੀ ਟੀਮ ਨੂੰ ਉਹ ਰੁਤਬਾ ਅਤੇ ਮੁਕਾਮ ਦਿਵਾਇਆ, ਜਿਸਦੀ ਉਹ ਹੱਕਦਾਰ ਸੀ| ਨਾ ਸਿਰਫ ਬੱਲੇ ਨਾਲ ਭਾਰਤੀ ਖਿਡਾਰੀਆਂ ਨੇ ਕਹਿਰ ਢਾਹਿਆ, ਬਲਕਿ ਗੇਂਦਬਾਜੀ ਵੀ ਅੱਵਲ ਦਰਜੇ ਦੀ ਸੀ| ਕਈਆਂ ਦਾ ਤਾਂ ਮੰਨਣਾ ਹੈ ਕਿ ਇਸ ਤੋਂ ਬਿਹਤਰ ਗੇਂਦਬਾਜੀ ਹਮਲਾ ਪਹਿਲਾਂ ਦੀ ਟੀਮ ਵਿੱਚ ਨਹੀਂ ਵੇਖਿਆ ਗਿਆ| ਬੱਲੇਬਾਜਾਂ ਵਿੱਚ ਟੀਮ ਦੀ ਨਵੀਂ ‘ਦੀਵਾਰ’ ਚੇਤੇਸ਼ਵਰ ਪੁਜਾਰਾ ਦਾ ਤਾਂ ਹਰ ਕੋਈ ਕਾਇਲ ਹੈ| ਸਿਰਫ ਇਨ੍ਹਾਂ ਦੇ ਹੋਣ ਨਾਲ ਟੀਮ ਦੀ ਤਾਕਤ ਕਈ ਗੁਣਾ ਵੱਧ ਗਈ| ਉੱਥੇ ਹੀ ਸੀਰੀਜ ਦੇ ਤੀਸਰੇ ਮੈਚ ਵਿੱਚ ਸ਼ੁਰੂਆਤ ਕਰਨ ਵਾਲੇ ਜਵਾਨ ਮਯੰਕ ਅੱਗਰਵਾਲ ਅਤੇ ਹਨੁਮਾ ਵਿਹਾਰੀ ਨੇ ਓਪਨਿੰਗ ਜੋੜੀ ਦੇ ਤੌਰ ਤੇ ਭਰੋਸੇਮੰਦ ਪ੍ਰਦਰਸ਼ਨ ਨਾਲ ਭਾਰਤੀ ਪ੍ਰਬੰਧਨ ਦੀ ਸਿਰਦਰਦੀ ਨੂੰ ਵੀ ਖਤਮ ਕਰ ਦਿੱਤਾ ਹੈ| ਕਿਹਾ ਜਾ ਸਕਦਾ ਹੈ ਕਿ ‘ਵਿਰਾਟ’ ਮਾਲਾ ਵਿੱਚ ਪੁਜਾਰਾ, ਮਯੰਤ, ਪੰਤ ਅਤੇ ਬੁਮਰਾਹ ਨਗੀਨੇ ਦੀ ਤਰ੍ਹਾਂ ਹਨ| ਪੂਰੀ ਲੜੀ ਦਾ ਆਕਲਨ ਕੀਤਾ ਜਾਵੇ ਤਾਂ ਆਸਟ੍ਰੇਲੀਆ ਦੀ ਜ਼ਮੀਨ ਉੱਤੇ ਭਾਰਤੀ ਟੀਮ ਨੇ ਇਕਤਰਫਾ ਖੇਡ ਖੇਡਿਆ| ਕਿਤਿਉਂ ਵੀ ਇਹ ਨਹੀਂ ਲੱਗਿਆ ਕਿ ਭਾਰਤੀ ਟੀਮ ਵਿਦੇਸ਼ੀ ਪਿਚ ਉੱਤੇ ਖੇਡਣ ਆਈ ਹੈ| ਹਾਂ, ਇਸ ਇਤਿਹਾਸਿਕ ਜਿੱਤ ਤੋਂ ਬਾਅਦ ਭਾਰਤੀ ਟੀਮ ਤੋਂ ਉਮੀਦਾਂ ਵੀ ਕਾਫ਼ੀ ਹੋਣਗੀਆਂ| ਲਿਹਾਜਾ ਉਸਨੂੰ ਆਉਣ ਵਾਲੇ ਮੈਚਾਂ ਨੂੰ ਲੈ ਕੇ ਉਹੋ ਜਿਹੀ ਹੀ ਚੁਸਤੀ ਅਤੇ ਰਣਨੀਤੀ ਬਰਕਰਾਰ ਰੱਖਣੀ ਪਵੇਗੀ, ਜਿਸਦੀ ਬਦੌਲਤ ਉਸਨੇ ਇਤਿਹਾਸ ਰਚਿਆ ਹੈ| ਕੁੱਝ ਦਿਨਾਂ ਬਾਅਦ ਆਸਟ੍ਰੇਲੀਆ ਅਤੇ ਨਿਊਜੀਲੈਂਡ ਦੇ ਖਿਲਾਫ ਵਨ ਡੇ ਅਤੇ ਟੀ – 20 ਮੈਚ ਸ਼ੁਰੂ ਹੋਣਗੇ| ਇਹਨਾਂ ਮੈਚਾਂ ਦੇ ਪ੍ਰਦਰਸ਼ਨ ਨੂੰ ਵੀ ਵੇਖਣਾ ਦਿਲਚਸਪ ਹੋਵੇਗਾ| ਫਿਰ ਵਿਸ਼ਵ ਕੱਪ ਦੇ ਮੈਚ ਦੱਖਣ ਅਫਰੀਕਾ ਵਿੱਚ ਹੋਣਗੇ| ਮਤਲਬ ਇਤਹਾਸ ਬਣਾਉਣ ਦੇ ਮੌਕੇ ਹੁਣੇ ਹੋਰ ਆਉਣਗੇ|
ਹਰਪਾਲ ਖਹਿਰਾ

Leave a Reply

Your email address will not be published. Required fields are marked *