ਇਨਸਾਨੀਅਨ, ਜਮਹੂਰੀਅਤ ਅਤੇ ਕਸ਼ਮੀਰੀਅਤ ਦੇ ਰੂਪ ਵਿੱਚ ਹਮੇਸ਼ਾ ਅਮਰ ਰਹਿਣਗੇ ਵਾਜਪਾਈ

ਪਹਿਲਾਂ 13 ਦਿਨ, ਫਿਰ 13 ਮਹੀਨੇ ਅਤੇ ਫਿਰ ਇੱਕ ਪੂਰਾ ਕਾਰਜਕਾਲ – ਪ੍ਰਧਾਨਮੰਤਰੀ ਦੇ ਰੂਪ ਵਿੱਚ ਇਹੀ ਇਤਿਹਾਸ ਰਿਹਾ ਅਟਲ ਬਿਹਾਰੀ ਵਾਜਪਾਈ ਦਾ| ਪਰੰਤੂ ਇਹ ਤਾਂ ਸਿਰਫ ਮਿਆਦ ਦੀ ਗੱਲ ਹੋਈ, ਉਸ ਮਿਆਦ ਵਿੱਚ ਜੋ ਕੰਮ ਉਨ੍ਹਾਂ ਨੇ ਕੀਤਾ, ਉਸਦੇ ਲੇਖੇ ਜੋਖੇ ਲਈ ਸਮੇਂ ਨੂੰ ਫੁਰਸਤ ਨਾਲ ਬੈਠਣਾ ਪਵੇਗਾ| ਇਹ ਅਜਿਹਾ ਕੰਮ ਨਹੀਂ ਹੈ ਕਿ ਚਲਦੇ- ਚਲਦੇ ਲੱਗੇ ਹੱਥੀਂ ਨਿਪਟਾਇਆ ਜਾ ਸਕੇ| ਜੇਕਰ ਰਾਜਨੀਤਿਕ ਕੱਦ, ਬਤੌਰ ਪ੍ਰਧਾਨਮੰਤਰੀ ਲਏ ਗਏ ਇਤਿਹਾਸਿਕ ਫੈਸਲੇ ਅਤੇ ਸਰਵਸਵੀਕਾਰਤਾ- ਇਹਨਾਂ ਤਿੰਨ ਕਸੌਟੀਆਂ ਉਤੇ ਵੇਖਿਆ ਜਾਵੇ ਤਾਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਅਤੇ ਅਟਲ ਬਿਹਾਰੀ ਵਾਜਪਾਈ ਦੇ ਵਿਚਾਲੇ ਸ਼ਾਇਦ ਹੀ ਕੋਈ ਹੋਰ ਪ੍ਰਧਾਨ ਮੰਤਰੀ ਆਵੇ| ਪੰਡਤ ਨਹਿਰੂ ਨੇ ਜੇਕਰ ਆਧੁਨਿਕ ਭਾਰਤ ਦੀ ਮਜਬੂਤ ਨੀਂਹ ਰੱਖੀ ਤਾਂ ਵਾਜਪਾਈ ਨੇ ਇੱਕ ਪਰਮਾਣੂ ਸ਼ਕਤੀ ਸੰਪੰਨ ਰਾਸ਼ਟਰ ਦਾ ਦਰਜਾ ਦਿਵਾ ਕੇ ਉਸਨੂੰ ਬੁਲੰਦੀਆਂ ਤੱਕ ਪਹੁੰਚਾਇਆ| ਕਸ਼ਮੀਰ ਦਾ ਮਸਲਾ ਆਜ਼ਾਦ ਭਾਰਤ ਦੀ ਇੱਕ ਅਜਿਹੀ ਸਮੱਸਿਆ ਰਹੀ ਹੈ ਜਿਸ ਦੇ ਨਾਲ ਦੇਸ਼ ਦੇ ਸਾਰੇ ਪ੍ਰਧਾਨ ਮੰਤਰੀ ਜੂਝਦੇ ਰਹੇ ਪਰੰਤੂ ਉਹ ਵਾਜਪਾਈ ਹੀ ਸਨ ਜਿਨ੍ਹਾਂ ਨੇ ‘ਇਨਸਾਨੀਅਤ, ਜਮਹੂਰੀਅਤ ਅਤੇ ਕਸ਼ਮੀਰੀਅਤ’ ਦੇ ਰੂਪ ਵਿੱਚ ਉਸਨੂੰ ਦੇਖਣ ਦਾ ਇੱਕ ਅਜਿਹਾ ਵਿਆਪਕ ਨਜਰੀਆ ਦਿੱਤਾ, ਜੋ ਇਸ ਮਸਲੇ ਨਾਲ ਜੁੜੇ ਸਾਰੇ ਪੱਖਾਂ ਲਈ ਮਿਸਾਲ ਬਣ ਗਿਆ ਹੈ|
ਹੈਰਾਨੀ ਨਹੀਂ ਕਿ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਦਿਨ ਪਹਿਲਾਂ 15 ਅਗਸਤ ਨੂੰ ਲਾਲ ਕਿਲੇ ਤੋਂ ਦਿੱਤੇ ਗਏ ਆਪਣੇ ਭਾਸ਼ਣ ਵਿੱਚ ਉਸੇ ਨਜਰੀਏ ਦਾ ਹਵਾਲਾ ਦਿੰਦਿਆਂ ਉਸਨੂੰ ਆਪਣੀਆਂ ਨੀਤੀਆਂ ਦੀ ਵੀ ਪ੍ਰਮੁੱਖ ਕਸੌਟੀ ਘੋਸ਼ਿਤ ਕੀਤਾ| ਇਹ ਤੈਅ ਮੰਨਿਆ ਜਾ ਸਕਦਾ ਹੈ ਕਿ ਜਦੋਂ ਵੀ ਕਸ਼ਮੀਰ ਸਮੱਸਿਆ ਦੇ ਹੱਲ ਦੀ ਕੋਈ ਮਹੱਤਵਪੂਰਣ ਕੋਸ਼ਿਸ਼ ਹੋਵੇਗੀ ਤਾਂ ਉਸਨੂੰ ਇਸ ਕਸੌਟੀ ਤੋਂ ਹੋ ਕੇ ਗੁਜਰਨਾ ਪਵੇਗਾ| ਪਰੰਤੂ ਵਾਜਪਾਈ ਦੇ ਲੰਬੇ ਰਾਜਨੀਤਿਕ ਜੀਵਨ ਦਾ ਸਿਰਫ਼ ਇੱਕ ਹਿੱਸਾ ਰਿਹਾ ਹੈ ਉਨ੍ਹਾਂ ਦਾ ਪ੍ਰਧਾਨਮੰਤਰੀ ਕਾਲ| ਇੱਕ ਸਾਂਸਦ ਦੇ ਰੂਪ ਵਿੱਚ ਉਨ੍ਹਾਂ ਦੇ ਭਾਸ਼ਣਾਂ ਦਾ ਅਸਰ ਇਸ ਇੱਕ ਉਦਾਹਰਣ ਨਾਲ ਸਮਝਿਆ ਜਾ ਸਕਦਾ ਹੈ ਕਿ ਲੋਕਸਭਾ ਮੈਂਬਰ ਦੇ ਉਨ੍ਹਾਂ ਦੇ ਪਹਿਲੇ ਕਾਰਜਕਾਲ ਵਿੱਚ ਹੀ ਉਨ੍ਹਾਂ ਦਾ ਭਾਸ਼ਣ ਸੁਣ ਕੇ ਪੰਡਤ ਨਹਿਰੂ ਨੇ ਕਹਿ ਦਿੱਤਾ ਸੀ ਕਿ ਉਹ ਇੱਕ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ| ਉਸ ਤੋਂ ਬਾਅਦ ਸੰਸਦ ਵਿੱਚ ਵਿਰੋਧੀ ਧੜੇ ਦੇ ਇੱਕ ਨੇਤਾ ਦੇ ਤੌਰ ਤੇ ਸਰਕਾਰ ਦੀ ਤਾਰੀਫ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਮ ਦਰਜ ਹੈ| ਅੱਜ ਵੀ ਯਾਦ ਕੀਤਾ ਜਾਂਦਾ ਹੈ ਕਿ ਬੰਗਲਾਦੇਸ਼ ਯੁੱਧ ਵਿੱਚ ਜਿੱਤ ਤੋ ਬਾਅਦ ਉਨ੍ਹਾਂ ਨੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦੁਰਗਾ ਦਾ ਅਵਤਾਰ ਕਿਹਾ ਸੀ| ਨੱਬੇ ਦੇ ਦਹਾਕੇ ਵਿੱਚ ਜਦੋਂ ਉਸ ਸਮੇਂ ਦੇ ਪ੍ਰਧਾਨਮੰਤਰੀ ਪੀਵੀ ਨਰਸਿੰਮਾ ਰਾਓ ਨੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦਾ ਪੱਖ ਰੱਖਣ ਵਾਲੇ ਵਫਦ ਦੀ ਅਗਵਾਈ ਦੀ ਪੇਸ਼ਕਸ਼ ਕੀਤੀ ਤਾਂ ਉਹ ਇਹ ਸੋਚ ਕੇ ਹਿਚਕੇ ਨਹੀਂ ਕਿ ਉਥੇ ਮਿਲੀ ਸਫਲਤਾ ਦਾ ਸਿਹਰਾ ਸਰਕਾਰ ਲੈ ਜਾਵੇਗੀ ਜਦੋਂ ਕਿ ਅਸਫਲਤਾ ਦਾ ਦੋਸ਼ ਉਨ੍ਹਾਂ ਦੇ ਹਿੱਸੇ ਆਵੇਗਾ| ਰਾਸ਼ਟਰਹਿਤ ਦੇ ਸਵਾਲ ਤੇ ਰਾਜਨੀਤਿਕ ਲਾਭ- ਨੁਕਸਾਨ ਤੋਂ ਉੱਪਰ ਉਠਣ ਦੀ ਆਪਣੀ ਸਮਰੱਥਾ ਦਿਖਾਉਂਦੇ ਹੋਏ ਉਨ੍ਹਾਂ ਨੇ ਨਾ ਸਿਰਫ ਜਿਨੀਵਾ ਵਿੱਚ ਭਾਰਤੀ ਵਫਦ ਦੀ ਅਗਵਾਈ ਦੀ ਚੁਣੌਤੀ ਸਵੀਕਾਰ ਕੀਤੀ ਬਲਕਿ ਉਸ ਮੁਸ਼ਕਿਲ ਮੋਰਚੇ ਤੇ ਦੇਸ਼ ਨੂੰ ਮਹੱਤਵਪੂਰਣ ਕੂਟਨੀਤਿਕ ਜਿੱਤ ਵੀ ਦਿਵਾਈ|
ਯੋਗਰਾਜ

Leave a Reply

Your email address will not be published. Required fields are marked *