ਇਪਟਾ ਪੰਜਾਬ-ਪੰਛੀ ਝਾਤ

ਇਪਟਾ 25 ਮਈ 1943 ਨੂੰ ਹੌਂਦ ਵਿੱਚ ਆਈ| ਇਸ ਦੇ ਪਹਿਲੇ ਪ੍ਰਧਾਨ ਐਚ.ਐਮ. ਜੋਸ਼ੀ ਸਨ| ਇਪਟਾ ਨੇ ਆਪਣੀ ਸਥਾਪਨਾ ਮੌਕੇ ਹੀ ਐਲਾਨ ਕਰ ਦਿੱਤਾ ਸੀ ਕਿ ਕਲਾ ਸਿਰਫ਼ ਕਲਾ ਨਹੀਂ ਬਲਕਿ ਲੋਕਾਂ ਲਈ ਹੈ| ਭਾਵੇਂ ਬੰਗਾਲ ਦਾ ਅਕਾਲ ਹੋਵੇ, ਆਜ਼ਾਦੀ ਦੀ ਲੜਾਈ ਜਾਂ ਕਿਸਾਨਾਂ-ਮਜ਼ਦੂਰਾਂ ਦਾ ਸੰਘਰਸ਼ ਹੋਵੇ| ਇਪਟਾ ਨੇ ਹਮੇਸ਼ਾ ਹੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ| ਹਿੰਦੀ ਫਿਲਮੀਆਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਨਰਗਿਸ ਦੱਤ, ਸ਼ਬਾਨਾ ਆਜ਼ਮੀ, ਏ.ਕੇ. ਹੰਗਲ, ਉਤਪਲਦੱਤ, ਦੁਰਗਾ ਖੋਟੇ, ਕੈਫ਼ੀ ਆਜ਼ਮੀ, ਸੰਜੀਵ ਕੁਮਾਰ, ਹੇਮੰਤ ਕੁਮਾਰ, ਮਨਾ ਡੇ, ਸਾਹਿਰ ਲੁਧਿਆਣਵੀ, ਮੁਲਕ ਰਾਜ ਆਨੰਦ, ਭੀਸ਼ਮ ਸਾਹਨੀ ਆਦਿ ਅਣਗਿਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫਨਕਾਰ ਇਪਟਾ ਨਾਲ ਜੁੜੇ|
ਇਪਟਾ ਦਾ ਮੁੱਢ ਪੰਜਾਬ ਵਿੱਚ ਸਾਢੇ ਛੇ ਦਹਾਕੇ ਪਹਿਲਾਂ ਤੇਰਾ ਸਿੰਘ ਚੰਨ ਨੇ ਸੁਰਿੰਦਰ ਕੌਰ (ਲੋਕ-ਗਾਇਕਾ),ਜਗਦੀਸ਼ ਫਰਿਆਦੀ, ਨਿਰੰਜਣ ਸਿੰਘ ਮਾਨ, ਹਰਨਾਮ ਸਿੰਘ ਨਰੂਲਾ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਹੁਕਮ ਚੰਦ ਖਲੀਲੀ,ਓਰਮਿਲਾ ਆਨੰਦ, ਅਮਰਜੀਤ ਗੁਰਦਾਸ ਪੁਰੀ,ਪ੍ਰੀਤ ਮਾਨ, ਗੁਰਚਰਨ ਬੋਪਾਰਾਏ, ਸਵਰਣ ਸੰਧੂ, ਡਾ. ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ, ਕੇ.ਐਸ. ਸੂਰੀ, ਡਾ. ਇਕਬਾਲ ਕੌਰ, ਓਮਾ ਗੁਰਬਖਸ਼ ਸਿੰਘ, ਨਰਿੰਦਰ ਕੌਰ, ਓਰਮਿਲਾ ਆਨੰਦ, ਡਾ.ਹਰਸ਼ਰਨ ਸਿੰਘ ਅਤੇ ਉਨਾਂ ਦੀ ਭੈਣ ਸੁਰਜੀਤ ਹੋਰਾਂ ਦੇ ਸਰਗਰਮ ਸਹਿਯੋਗ ਨਾਲ ਬੰਨਿਆ| ਇਪਟਾ ਦੇ ਮੁੱਢਲੇ ਦੌਰ ਵਿੱਚ ਇਪਟਾ ਦੀਆਂ ਗਤੀਵਿਧੀਆਂ ਦਾ ਗੜ ਅਤੇ ਲੇਖਕਾਂ, ਬੁੱਧੀਜੀਵੀਆਂ ਅਤੇ ਕਲਾਕਾਰਾਂ ਦਾ ਮੱਕਾ ਹਿੰਦ-ਪਾਕਿ ਦੀ ਬਰੂਹਾਂ ਤੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਸੁਹਿਰਦ ਅਤੇ ਗੰਭੀਰ ਯਤਨਾਂ ਨਾਲ ਵੱਸੇ ਪ੍ਰੀਤ ਨਗਰ ਵਿਖੇ ਉਨਾਂ ਦੇ ਘਰ ਦੇ ਦਰ ਇਪਟਾ ਦੇ ਸਿਰੜੀ ਅਤੇ ਸਿਦਕੀ ਕਾਰਕੁੰਨਾ ਲਈ ਨਾਟਕੀ ਸਭਿਆਚਾਰਕ ਗਤੀਵਿਧੀਆਂ ਦੀ ਰਿਹਰਸਲ ਵਾਸਤੇ ਖੁੱਲਾ ਰਹਿੰਦਾ ਸੀ|
ਇਪਟਾ ਨੇ ਪੰਜਾਬ ਭਰ ਵਿੱਚ ਗਾਇਕੀ ਰਾਹੀਂ ਪੰਜਾਬੀ ਲੱਚਰ, ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਕੁੱਝ ਟੀ.ਵੀ. ਚੈਨਲਾਂ, ਗੀਤਕਾਰਾਂ, ਗਾਇਕਾਂ ਅਤੇ ਮਿਊਜ਼ਕ ਕੰਪਨੀਆਂ ਦੇ ਖਿਲਾਫ ਭਰਾਤਰੀ ਜਥੇਬੰਦੀਆਂ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਉਪਾਸ਼ਕਾਂ ਦੇ ਸਹਿਯੋਗ ਨਾਲ ਪੰਜਾਬ ਭਰ ਵਿਚ ਧਰਨੇ ਮਾਰੇ, ਪੰਜਾਬ ਦੇ ਮੁੱਖ ਮੰਤਰੀ ਨੂੰ ਹਰ ਜ਼ਿਲੇ ਦੇ ਡੀ.ਸੀ. ਰਾਹੀਂ ਮੰਗ-ਪੱਤਰ ਦਿੱਤੇ, ਸਭਿਆਚਾਰਕ ਪ੍ਰਦੂਸ਼ਣ ਦੇ ਪੁਤਲੇ ਵੀ ਫੂਕੇ ਅਤੇ ਪੰਜਾਬੀ ਸਭਿਆਚਾਰ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ|
ਸੰਜੀਵਨ ਸਿੰਘ

Leave a Reply

Your email address will not be published. Required fields are marked *