ਇਪਟਾ ਵੱਲੋਂ ਕਿਸਾਨ ਜੱਥੇਬੰਦੀਆਂ ਦੇ ‘ਦਿੱਲੀ ਚੱਲੋ’ ਦੇ ਸੱਦੇ ਦੀ ਹਮਾਇਤ
ਐਸ ਏ ਐਸ ਨਗਰ, 23 ਨਵੰਬਰ (ਸ.ਬ.) ਪੰਜਾਬ ਦੇ ਕਿਸਾਨਾਂ ਵਲੋਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਆਰੰਭੇ ਸੰਘਰਸ਼ ਦੌਰਾਨ 26-27 ਨਵੰਬਰ ਨੂੰ ‘ਦਿੱਲੀ ਚੱਲੋ’ ਦੇ ਸੱਦੇ ਉਤੇ ਇਪਟਾ, ਪੰਜਾਬ ਵੱਲੋਂ ਹਮਾਇਤ ਦਾ ਐਲਾਨ ਕਰਦੇ ਹੋਏ ਇਪਟਾ ਦੇ ਆਗੂਆਂ ਨੇ ਕਿਹਾ ਹੈ ਕਿ ਇਪਟਾ ਦੇ ਕਲਾਕਾਰ ਕਿਸਾਨਾਂ ਦੇ ਪੱਖ ਵਿੱਚ ਅਤੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ‘ਕਲਾ ਲੋਕਾਂ ਲਈ’ ਦੇ ਆਪਣੇ ਸਿਧਾਂਤ ਅਤੇ ਸੋਚ ਮੁਤਾਬਿਕ ਨੁਕੜ-ਨਾਟਕਾਂ ਤੇ ਲੋਕ-ਪੱਖੀ ਗਾਇਕੀ ਰਾਹੀਂ ਆਪਣੀ ਅਵਾਜ਼ ਬੁਲੰਦ ਕਰਨਗੇ|
ਇੱਥੇ ਜਾਰੀ ਬਿਆਨ ਵਿੱਚ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਇਪਟਾ ਦੀ ਸੂਬਾ ਇਕਾਈ ਵਲੋਂ ਸਮੂਹ ਜਿਲ੍ਹਿਆਂ ਦੇ ਇਪਟਾ ਆਗੁਆਂ ਨੂੰ ਸੂਬਾ ਇਕਾਈ ਦੇ ਫੈਸਲੇ ਤੋਂ ਜਾਣੂੰ ਕਰਵਾਉਂਦਿਆਂ 26-27 ਨਵੰਬਰ ਨੂੰ ‘ਦਿੱਲੀ ਚੱਲੋ’ ਦੇ ਸੱਦੇ ਦੀ ਹਮਾਇਤ ਕਰਨ ਲਈ ਕਿਹਾ ਗਿਆ ਹੈ|