ਇਫਤਾਰ ਦੀ ਰਾਜਨੀਤੀ

ਦੇਸ਼ ਵਿੱਚ ਇੱਕ ਵਾਰ ਫਿਰ ਇਫਤਾਰ ਦੀ ਰਾਜਨੀਤੀ ਜ਼ੋਰ ਫੜਦੀ ਦਿਖੀ| ਬੁੱਧਵਾਰ ਨੂੰ ਦਿੱਲੀ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਇਫਤਾਰ ਪਾਰਟੀ ਕਾਫੀ ਚਰਚਾ ਵਿੱਚ ਰਹੀ| ਹਾਲਾਂਕਿ ਉਸੇ ਦਿਨ ਭਾਜਪਾ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਵੀ ‘ਤਿੰਨ ਤਲਾਕ ਨਾਲ ਪੀੜਿਤ ਔਰਤਾਂ’ ਲਈ ਇਫਤਾਰ ਪਾਰਟੀ ਆਯੋਜਿਤ ਕੀਤੀ ਅਤੇ ਉਸਨੂੰ ਵੀ ਚੰਗੀ ਕਵਰੇਜ ਮਿਲੀ| ਵੈਸੇ ਤਾਂ ਇਫਤਾਰ ਪਾਰਟੀਆਂ ਰਾਹੀਂ ਸਿਆਸੀ ਸੁਨੇਹਾ ਦੇਣ ਦਾ ਰਿਵਾਜ ਦੇਸ਼ ਵਿੱਚ ਨਵਾਂ ਨਹੀਂ ਹੈ, ਪਰ ਹਾਲ ਦੇ ਸਾਲਾਂ ਵਿੱਚ ਇਸ ਟ੍ਰੈਂਡ ਵਿੱਚ ਥੋੜ੍ਹਾ ਬਦਲਾਵ ਦਿਖਣ ਲੱਗਿਆ ਸੀ| ਕਥਿਤ ਹਿੰਦੁਤਵਵਾਦੀ ਰਾਜਨੀਤੀ ਵਾਲੇ ਇਸ ਦੌਰ ਵਿੱਚ ਇਫਤਾਰ ਨੂੰ ਲੈ ਕੇ ਸਰਕਾਰੀ ਦਾਇਰੇ ਵਿੱਚ ਵਾਧੂ ਚੇਤੰਨਤਾ ਦਿਖਣੀ ਲਾਜ਼ਮੀ ਹੈ, ਪਰ ਮੁੱਖ ਵਿਰੋਧੀ ਪਾਰਟੀ ਕਾਂਗਰਸ ਵੀ ਇਸ ਨੂੰ ਲੈ ਕੇ ਅਸਹਿਜ ਮਹਿਸੂਸ ਕਰਨ ਲੱਗੀ ਸੀ|
2014 ਦੀਆਂ ਲੋਕਸਭਾ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਲਈ ਗਠਿਤ ਏ ਕੇ ਐਂਟਨੀ ਕਮੇਟੀ ਨੇ ਸਾਫ ਕਿਹਾ ਸੀ ਕਿ ਪਾਰਟੀ ਦੀ ਹਾਰ ਦੀ ਇੱਕ ਵੱਡੀ ਵਜ੍ਹਾ ਉਸਦੀ ਛਵੀ ਮੁਸਲਮਾਨ ਸਮਰਥਕ ਪਾਰਟੀ ਵਰਗੀ ਬਣ ਜਾਣਾ ਵੀ ਸੀ| ਕੁੱਝ ਸਮਾਂ ਪਹਿਲਾਂ ਖੁਦ ਸੋਨੀਆ ਗਾਂਧੀ ਨੇ ਰੋਸ ਭਰੇ ਸੁਰ ਵਿੱਚ ਕਿਹਾ ਸੀ ਕਿ ‘ਸਾਡੀ ਪਾਰਟੀ ਬਾਰੇ ਇਹ ਮਾੜਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਹ ਮੁਸਲਮਾਨਾਂ ਦੀ ਪਾਰਟੀ ਹੈ|’ ਅਜਿਹੇ ਮਾਹੌਲ ਵਿੱਚ ਕਾਂਗਰਸ ਪਾਰਟੀ ਦਾ ਇਫਤਾਰ ਪਾਰਟੀ ਆਯੋਜਿਤ ਕਰਨ ਵਿੱਚ ਦਿਲਚਸਪੀ ਨਾ ਲੈਣਾ ਸੁਭਾਵਿਕ ਸੀ| 2016 ਵਿੱਚ ਬਕਾਇਦਾ ਐਲਾਨ ਕੀਤਾ ਗਿਆ ਕਿ ਇਸ ਵਾਰ ਕਾਂਗਰਸ ਪ੍ਰਧਾਨ ਵਲੋਂ ਇਫਤਾਰ ਪਾਰਟੀ ਨਹੀਂ ਦਿੱਤੀ ਜਾਵੇਗੀ| ਪਰ ਦੋ ਸਾਲਾਂ ਦੇ ਵਕਫੇ ਤੋਂ ਬਾਅਦ ਆਮ ਚੋਣਾਂ ਨਾਲ ਜੁੜੀਆਂ ਚਰਚਾਵਾਂ ਦੇ ਵਿਚਾਲੇ ਨਵੇਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਾਨਦਾਰ ਇਫਤਾਰ ਪਾਰਟੀ ਆਯੋਜਿਤ ਕਰਨ ਦਾ ਫੈਸਲਾ ਕੀਤਾ ਤਾਂ ਇਸ ਬਾਰੇ ਪਾਰਟੀ ਦੇ ਅੰਦਰ ਵਿਚਾਰ ਵਟਾਂਦਰਾ ਹੋਇਆ ਹੀ ਹੋਵੇਗਾ|
ਇਹ ਇਫਤਾਰ ਪਾਰਟੀ ਇਸ ਕਿਆਸਬਾਜੀ ਨੂੰ ਲੈ ਕੇ ਵੀ ਚਰਚਾ ਵਿੱਚ ਰਹੀ ਕਿ ਇਸ ਵਿੱਚ ਸਾਬਕਾ ਰਾਸ਼ਟਰਪਤੀ ਪ੍ਰਣਵ ਮੁਖਰਜੀ ਨੂੰ ਸੱਦਿਆ ਜਾਵੇਗਾ ਜਾਂ ਨਹੀਂ| ਬਾਅਦ ਵਿੱਚ ਇਸ ਵਿੱਚ ਸਮਾਜਵਾਦੀ ਪਾਰਟੀ ਅਤੇ ਬਸਪਾ ਦੇ ਵੱਡੇ ਨੇਤਾਵਾਂ ਦੀ ਗੈਰਮੌਜੂਦਗੀ ਤੇ ਵੀ ਖੂਬ ਗੱਲਾਂ ਹੋਈਆਂ| ਚੋਣ ਵਰ੍ਹੇ ਵਿੱਚ ਕਿਸੇ ਵੀ ਰਾਜਨੀਤਕ ਦਲ ਵਲੋਂ ਕੀਤਾ ਗਿਆ ਕੋਈ ਵੀ ਵੱਡਾ ਪ੍ਰਬੰਧ ਅਜਿਹੇ ਸਵਾਲਾਂ ਤੋਂ ਬਚ ਨਹੀਂ ਸਕਦਾ| ਪਰ ਹਕੀਕਤ ਇਹ ਵੀ ਹੈ ਕਿ ਚੁਣਾਵੀ ਮੋਰਚੇਬੰਦੀ ਦੇ ਸਵਰੂਪ ਦੀ ਕੁੱਝ ਝਲਕ ਭਾਵੇਂ ਹੀ ਇਹਨਾਂ ਆਯੋਜਨਾਂ ਵਿੱਚ ਮਿਲ ਜਾਵੇ, ਪਰ ਉਸਦੀ ਸ਼ਕਲ ਇੱਥੇ ਤੈਅ ਨਹੀਂ ਹੋ ਸਕਦੀ| ਰਾਜਨੀਤਕ ਇਫਤਾਰ ਪਾਰਟੀਆਂ ਦੀ ਆਪਣੀ ਅਹਿਮੀਅਤ ਜਰੂਰ ਹੈ, ਪਰ ਇਨ੍ਹਾਂ ਦਾ ਮਕਸਦ ਵਿਰੋਧੀ ਧਿਰ ਤੋਂ ਜ਼ਿਆਦਾ ਜਨਤਾ ਵਿੱਚ ਸੁਨੇਹਾ ਭੇਜਣ ਦਾ ਹੈ|
ਰਾਜੀਵ ਵਰਮਾ

Leave a Reply

Your email address will not be published. Required fields are marked *