ਇਮਰਾਨ ਖਾਨ ਨੇ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ

ਇਸਲਾਮਾਬਾਦ , 18 ਅਗਸਤ (ਸ.ਬ.) ਸਾਬਕਾ ਕ੍ਰਿਕੇਟ ਖਿਡਾਰੀ ਇਮਰਾਨ ਖਾਨ ਨੇ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ| ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂੰਨ ਹੁਸੈਨ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ| ਸਾਬਕਾ ਕ੍ਰਿਕਟਰ ਅਤੇ ਤਹਿਰੀਕ-ਏ-ਇਨਸਾਫ ਮੁਖੀ ਇਮਰਾਨ ਖਾਨ ਨੂੰ ਦੇਸ਼ ਦੀ ਨਵੀਂ ਚੁਣੀ ਸੰਸਦ ਨੇ ਕੱਲ ਹੀ ਆਪਣਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਸੀ|
ਇਮਰਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਭਾਰਤ ਤੋਂ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਉਚੇਚੇ ਤੌਰ ਉਤੇ ਪੁੱਜੇ ਹਨ| ਇਸ ਸੰਬੰਧੀ ਅੱਜ ਇਸਲਾਮਾਬਾਦ ਵਿੱਚ ਇੱਕ ਸਾਦਾ ਸਹੁੰ ਚੁੱਕ ਸਮਾਗਮ ਆਯੋਜਿਤ ਕੀਤਾ ਗਿਆ| ਬੀਤੇ ਦਿਨੀਂ ਹੋਏ ਸ਼ਕਤੀ ਪਰੀਖਣ ਵਿਚ ਨੈਸ਼ਨਲ ਅਸੈਂਬਲੀ ਨੇ ਉਨ੍ਹਾਂ ਨੂੰ 176 ਵੋਟਾਂ ਨਾਲ ਦੇਸ਼ ਦਾ 22ਵਾਂ ਪ੍ਰਧਾਨ ਮੰਤਰੀ ਚੁਣਿਆ ਹੈ|
ਇਮਰਾਨ ਦੇ ਸਹੁੰ ਚੁੱਕ ਸਮਾਰੋਹ ਵਿੱਚ ਵੱਡੀ ਗਿਣਤੀ ਵਿਚ ਫੌਜ ਦੇ ਸੀਨੀਅਰ ਅਧਿਕਾਰੀ ਪੁੱਜੇ| ਉਨ੍ਹਾਂ ਦੀ ਤੀਜੀ ਪਤਨੀ ਬੁਸ਼ਰਾ ਮੇਨਕਾ ਵੀ ਸਮਾਰੋਹ ਵਿਚ ਹਾਜਿਰ ਸੀ| ਬੁਸ਼ਰਾ ਉਥੇ ਪਰਦੇ ਵਾਲੇ ਲਿਬਾਸ ਵਿਚ ਸੀ ਅਤੇ ਲਗਾਤਾਰ ਮਾਲਾ ਫੇਰਦੀ ਹੋਈ ਨਜ਼ਰ ਆ ਰਹੀ ਸੀ| ਉਨ੍ਹਾਂ ਨੇ ਸਮਾਰੋਹ ਵਿਚ ਮੌਜੂਦ ਕੁਝ ਔਰਤਾਂ ਨਾਲ ਵੀ ਗੱਲਬਾਤ ਕੀਤੀ|
ਫੌਜ ਮੁਖੀ ਜਰਨਲ ਕਮਰ ਜਾਵੇਦ ਬਾਜਵਾ ਨੇ ਸਮਾਰੋਹ ਵਿਚ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ| ਸਿੱਧੂ ਉਨ੍ਹਾਂ ਨੂੰ ਗਲੇ ਮਿਲੇ ਅਤੇ ਕਾਫੀ ਦੇਰ ਤੱਕ ਗੱਲਬਾਤ ਵੀ ਕੀਤੀ| ਸਮਾਗਮ ਵਿੱਚ ਸਿੱਧੂ ਫਰੰਟ ਲਾਈਨ ਵਿਚ ਬੈਠੇ ਨਜ਼ਰ ਆਏ|
ਜ਼ਿਕਰਯੋਗ ਹੈ ਕਿ ਦੇਸ਼ ਵਿਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਦੇ ਤਿੰਨ ਹਫਤਿਆਂ ਬਾਅਦ ਉਹਨਾਂ ਨਵੇਂ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ| ਇਮਰਾਨ ਦੀ ਪਾਰਟੀ ਸਭ ਤੋਂ ਵੱਡੇ ਦਲ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਈ| ਆਖਰਕਾਰ ਕਦੇ ਪਾਕਿਸਤਾਨੀ ਕ੍ਰਿਕਟ ਦਾ ਸਿਤਾਰਾ ਰਹੇ ਇਮਰਾਨ ਖਾਨ ਨੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੇ ਤੌਰ ਉਤੇ ਸਹੁੰ ਚੁੱਕ ਹੀ ਲਈ|

Leave a Reply

Your email address will not be published. Required fields are marked *