ਇਮਾਮ ਤੇ ਉਸ ਦੇ ਸਾਥੀ ਦੇ ਕਤਲ ਮਾਮਲੇ ਵਿੱਚ ਅਮਰੀਕੀ ਨਾਗਰਿਕ ਦੋਸ਼ੀ ਕਰਾਰ

ਨਿਊਯਾਰਕ, 24 ਮਾਰਚ (ਸ.ਬ.) ਬੰਗਲਾਦੇਸ਼ੀ ਮੂਲ ਦੇ ਅਮਰੀਕੀ ਇਮਾਮ ਅਤੇ ਉਸ ਦੇ ਸਹਿਯੋਗੀ ਦੀ ਸਾਲ 2016 ਵਿਚ ਨਿਊਯਾਰਕ ਵਿਚ ਹੋਈ ਹੱਤਿਆ ਦੇ ਮਾਮਲੇ ਵਿਚ ਇਸ ਸ਼ਹਿਰ ਦੇ 37 ਸਾਲਾ ਇਕ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ| ਕਵੀਨਸ ਜ਼ਿਲਾ ਅਟਾਰਨੀ ਰਿਚਰਡ ਬਰਾਊਨ ਨੇ ਇਕ ਬਿਆਨ ਵਿਚ ਕਿਹਾ ਕਿ ਬਰੂਕਲੀਨ ਦੇ ਰਹਿਣ ਵਾਲੇ ਆਸਕ ਮੋਰੇਲ ਨੂੰ ਸੁਣਵਾਈ ਦੌਰਾਨ 55 ਸਾਲਾ ਇਮਾਮ ਮੌਲਾਨਾ ਅਕੋਨਜੀ ਅਤੇ ਉਨ੍ਹਾਂ ਦੇ ਸਾਥੀ ਅਤੇ ਦੌਸਤ ਰਹੇ 64 ਸਾਲਾ ਥਾਰਾ ਉਡੀਨ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ| ਇਨ੍ਹਾਂ ਦੋਵਾਂ ਵਿਅਕਤੀਆਂ ਦੀ ਹੱਤਿਆ ਉਸ ਸਮੇਂ ਕਰ ਦਿੱਤੀ ਗਈ ਸੀ, ਜਦੋਂ ਅਗਸਤ 2016 ਵਿਚ ਕਵੀਨਸ ਦੇ ਅਲ-ਫੁਰਕਾਨ ਜਾਮਾ ਮਸਜਿਦ ਤੋਂ ਨਮਾਜ ਤੋਂ ਬਾਅਦ ਉਹ ਆਪਣੇ ਘਰ ਪਰਤ ਰਹੇ ਸਨ|
ਬਰਾਊਨ ਨੇ ਕਿਹਾ ਕਿ ਇਸ ਅਪਰਾਧ ਨੇ ਨਾ ਸਿਰਫ ਪੀੜਤ ਦੇ ਪਰਿਵਾਰਾਂ ਨੂੰ ਅਥਾਹ ਦੁੱਖ ਪਹੁੰਚਾਇਆ ਸਗੋਂ ਕਵੀਨਸ ਵਿਚ ਰਹਿ ਰਹੇ ਮੁਸਲਿਮ ਭਾਇਚਾਰਿਆਂ ਦੇ ਦਿਲਾਂ ਵਿਚ ਇਸ ਨਾਲ ਡਰ ਵੀ ਬੈਠ ਗਿਆ ਹੈ| ਮੋਰੇਲ ਨੂੰ ਕਵੀਨਸ ਦੀ ਸੁਪਰੀਮ ਕੋਰਟ ਵਿਚ ਜੱਜ ਗ੍ਰੇਗੋਰੀ ਲਸਾਕ ਨੇ 3 ਹਫਤੇ ਲੰਬੀ ਚੱਲੀ ਸੁਣਵਾਈ ਤੋਂ ਬਾਅਦ ਕੱਲ ਉਸ ਨੂੰ ਦੋਸ਼ੀ ਠਹਿਰਾਇਆ| ਉਸ ਨੂੰ ਅਗਲੇ ਮਹੀਨੇ ਸਜ਼ਾ ਸੁਣਾਈ ਜਾਏਗੀ ਅਤੇ ਹੋ ਸਕਦਾ ਹੈ ਕਿ ਬਿਨਾਂ ਕਿਸੇ ਪੈਰੋਲ ਦੇ ਉਸ ਨੂੰ ਸਾਰੀ ਉਮਰ ਜੇਲ੍ਹ ਵਿਚ ਹੀ ਬਿਤਾਉਣੀ ਪਏ| ਮੁਸਲਿਮ ਨਾਗਰਿਕ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਸੰਗਠਨ ਕੌਂਸਲ ਆਨ ਅਮਰੀਕਨ ਇਸਲਾਮਿਕ ਰਿਲੇਸ਼ਨਸ ਦੇ ਨਿਊਯਾਰਕ ਚੈਪਟਰ (ਸੀ.ਏ.ਆਈ.ਆਰ-ਐਨ.ਵਾਈ) ਨੇ ਮੋਰੇਲ ਨੂੰ ਦੋਸ਼ੀ ਠਹਿਰਾਏ ਜਾਣ ਦਾ ਸਵਾਗਤ ਕੀਤਾ ਹੈ|

Leave a Reply

Your email address will not be published. Required fields are marked *