ਇਰਾਕ ਵਿੱਚ ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਨਾਲ ਸਰਕਾਰ ਦੀ ਕਾਰਗੁਜਾਰੀ ਤੇ ਉਠੇ ਸਵਾਲ

ਇਰਾਕ ਵਿੱਚ ਪੌਣੇ ਚਾਰ ਸਾਲ ਪਹਿਲਾਂ ਜਿਨ੍ਹਾਂ ਚਾਲ੍ਹੀ ਭਾਰਤੀ ਨਾਗਰਿਕਾਂ ਦਾ ਅਗਵਾ ਹੋਇਆ ਸੀ, ਉਸਦੀ ਹਕੀਕਤ ਹੁਣ ਸਾਹਮਣੇ ਆਈ ਹੈ ਕਿ ਉਨ੍ਹਾਂ ਵਿਚੋਂ 39 ਲੋਕ ਮਾਰੇ ਜਾ ਚੁੱਕੇ ਹਨ| ਉਦੋਂ ਇੱਕ ਵਿਅਕਤੀ ਆਪਣੀ ਪਹਿਚਾਣ ਬਦਲ ਕੇ ਬਚ ਨਿਕਲਿਆ ਸੀ| ਕੱਟਰਪੰਥੀ ਸੰਗਠਨ ਆਈਐਸ ਮਤਲਬ ਇਸਲਾਮਿਕ ਸਟੇਟ ਨੇ ਇਹਨਾਂ ਲੋਕਾਂ ਦੀ ਹੱਤਿਆ ਕਰਕੇ ਇੱਕ ਪਿੰਡ ਵਿੱਚ ਦਫਨਾ ਦਿੱਤਾ ਸੀ|
ਸਰਕਾਰ ਇਸ ਖਬਰ ਤੇ ਕੀ ਰੁਖ ਅਪਣਾਉਂਦੀ ਹੈ, ਇਹ ਆਉਣ ਵਾਲੇ ਸਮੇਂ ਵਿੱਚ ਪਤਾ ਚੱਲੇਗਾ, ਪਰ ਜਿਨ੍ਹਾਂ ਘਰਾਂ ਦੇ ਨੌਜਵਾਨ ਮਾਰੇ ਗਏ, ਉਹ ਡੂੰਘੇ ਸਦਮੇ ਵਿੱਚ ਹਨ| ਉਨ੍ਹਾਂ ਤਮਾਮ ਲੋਕਾਂ ਦੇ ਪਰਿਵਾਰ ਵਾਲੇ ਜ਼ਿਆਦਾ ਦੁੱਖੀ ਇਸ ਲਈ ਹਨ ਕਿ ਸਰਕਾਰ ਨੇ ਸ਼ੁਰੂ ਵਿੱਚ ਇੱਕ ਤਰ੍ਹਾਂ ਨਾਲ ਝੂਠ ਬੋਲਿਆ ਅਤੇ ਇਸ ਮਸਲੇ ਤੇ ਦੇਸ਼ ਨੂੰ ਹਨ੍ਹੇਰੇ ਵਿੱਚ ਰੱਖਿਆ| ਹੁਣੇ ਤੱਕ ਸਰਕਾਰ ਕਹਿੰਦੀ ਆਈ ਸੀ ਕਿ ਇਰਾਕ ਵਿੱਚ ਲਾਪਤਾ ਭਾਰਤੀ ਸੁਰੱਖਿਅਤ ਹਨ| ਪਰ ਹੁਣ ਡੀਐਨਏ ਜਾਂਚ ਨਾਲ ਇਹਨਾਂ ਮੌਤਾਂ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਬਿਆਨ ਦੇ ਕੇ ਅਗਵਾ ਭਾਰਤੀਆਂ ਦੇ ਮਾਰੇ ਜਾਣ ਬਾਰੇ ਦੱਸਿਆ| ਹਾਲਾਂਕਿ ਲੰਬੇ ਸਮੇਂ ਤੋਂ ਸਰਕਾਰ ਇਸ ਮੁੱਦੇ ਤੇ ਘਿਰੀ ਸੀ, ਪਰ ਇੰਨੇ ਸੰਵੇਦਨਸ਼ੀਲ ਮਾਮਲੇ ਵਿੱਚ ਉਸਦਾ ਹੁਣ ਤੱਕ ਦਾ ਰਵੱਈਆ ਹੈਰਾਨ ਕਰਨ ਵਾਲਾ ਹੈ|
ਸਵਾਲ ਹੈ ਕਿ ਜੋ ਤੱਕ ਹੁਣ ਸਾਹਮਣੇ ਆਏ ਹਨ, ਕੀ ਉਨ੍ਹਾਂ ਬਾਰੇ ਸਰਕਾਰ ਨੂੰ ਸਚਮੁੱਚ ਪਤਾ ਨਹੀਂ ਸੀ? ਹੁਣ ਜਿਸ ਤਰ੍ਹਾਂ ਇਹ ਮਾਮਲਾ ਸਾਹਮਣੇ ਆਇਆ ਅਤੇ ਸਮੇਂ- ਸਮੇਂ ਤੇ ਇਸਦੀਆਂ ਪਰਤਾਂ ਖੁਲਦੀਆਂ ਗਈਆਂ, ਉਸ ਨਾਲ ਸਪਸ਼ਟ ਹੈ ਕਿ ਅਗਵਾ ਭਾਰਤੀਆਂ ਦੀ ਹੱਤਿਆ ਦੇ ਸੰਕੇਤ ਸਰਕਾਰ ਨੂੰ ਪਹਿਲਾਂ ਹੀ ਮਿਲ ਚੁੱਕੇ ਸਨ| ਉਨ੍ਹਾਂ ਵਿੱਚ ਇੱਕ ਜੋ ਵਿਅਕਤੀ ਬਚ ਨਿਕਲਿਆ ਸੀ, ਉਸਨੇ ਦੱਸਿਆ ਸੀ ਕਿ ਬਾਕੀ ਲੋਕਾਂ ਨੂੰ ਆਈਐਸ ਨੇ ਮਾਰ ਦਿੱਤਾ ਹੈ| ਹਾਲਾਂਕਿ ਵਿਦੇਸ਼ ਮੰਤਰੀ ਨੇ ਤਰਕ ਦਿੱਤਾ ਹੈ ਕਿ ਜਦੋਂ ਤੱਕ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਨਹੀਂ ਹੋ ਜਾਂਦੀ, ਉਦੋਂ ਤੱਕ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਨਹੀਂ ਕੀਤਾ ਜਾ ਸਕਦਾ ਸੀ| ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੇ ਇਰਾਕ ਜਾ ਕੇ ਉੱਥੇ ਭਾਰਤੀ ਰਾਜਦੂਤ ਅਤੇ ਇਰਾਕੀ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਕਰਕੇ ਖੋਜਬੀਨ ਦਾ ਕੰਮ ਕੀਤਾ ਸੀ| ਉਦੋਂ ਬਦੂਸ਼ ਸ਼ਹਿਰ ਦੇ ਕੋਲ ਇੱਕ ਕਬਰ ਤੋਂ ਜੋ 39 ਲਾਸ਼ਾਂ ਅਤੇ ਪਹਿਚਾਣ ਪੱਤਰ, ਕੜੇ, ਲੰਬੇ ਬਾਲ ਆਦਿ ਮਿਲੇ, ਉਹ ਕਾਫ਼ੀ ਕੁੱਝ ਦੱਸਣ ਲਈ ਲੋੜੀਂਦੇ ਸਨ| ਇਸਦੇ ਬਾਵਜੂਦ ਪਿਛਲੇ ਸਾਲ ਜਦੋਂ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰ ਵਿਦੇਸ਼ ਮੰਤਰੀ ਨੂੰ ਮਿਲੇ, ਉਦੋਂ ਵੀ ਉਨ੍ਹਾਂ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਅਗਵਾ ਲੋਕ ਸੁਰੱਖਿਅਤ ਹਨ| ਇਹ ਸਾਰੇ ਤੱਥ ਅਤੇ ਘਟਨਾਵਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਸਰਕਾਰ ਸ਼ਾਇਦ ਸੱਚਾਈ ਨੂੰ ਦੇਸ਼ ਦੇ ਸਾਹਮਣੇ ਰੱਖਣ ਦੀ ਹਿੰਮਤ ਨਹੀਂ ਕਰ ਪਾ ਰਹੀ ਸੀ|
ਹੁਣ ਵਿਦੇਸ਼ ਮੰਤਰੀ ਦਾ ਇਹ ਕਹਿਣਾ ਭਾਰਤ ਸਰਕਾਰ ਦੀ ਸੀਮਾ ਨੂੰ ਦੱਸਦਾ ਹੈ ਕਿ ਇਰਾਕ ਵਿੱਚ ਸਬੂਤ ਇਕੱਠੇ ਕਰਨਾ ਬਹੁਤ ਹੀ ਮੁਸ਼ਕਿਲ ਸੀ| ਇੱਕ ਅੱਤਵਾਦੀ ਸੰਗਠਨ ਆਈਐਸਆਈਐਸ ਅਤੇ ਸਮੂਹਿਕ ਕਬਰਾਂ . . | ਲਾਸ਼ਾਂ ਦਾ ਢੇਰ ਸੀ| ਇਹਨਾਂ ਵਿਚੋਂ ਆਪਣੇ ਲੋਕਾਂ ਦੀ ਲਾਸ਼ਾਂ ਦਾ ਪਤਾ ਲਗਾਉਣਾ, ਉਨ੍ਹਾਂ ਨੂੰ ਜਾਂਚ ਲਈ ਬਗਦਾਦ ਭੇਜਣਾ ਆਸਾਨ ਨਹੀਂ ਸੀ’| ਇਹ ਘਟਨਾ ਕਈ ਗੰਭੀਰ ਸਵਾਲ ਖੜੇ ਕਰਦੀ ਹੈ| ਜੇਕਰ ਇੱਕ ਬਚਿਆ ਹੋਇਆ ਵਿਅਕਤੀ ਸੱਚ ਨਾ ਦੱਸਦਾ ਕਿ ਲੋਕਾਂ ਨੂੰ ਆਈਐਸ ਨੇ ਮਾਰ ਦਿੱਤਾ ਹੈ ਤਾਂ ਸਰਕਾਰ ਦੇ ਕੋਲ ਕੀ ਕੋਈ ਅਜਿਹਾ ਤਰੀਕਾ ਸੀ, ਜਿਸਦੇ ਨਾਲ ਇਰਾਕ ਵਿੱਚ ਉਹ ਆਪਣੇ ਲੋਕਾਂ ਦਾ ਪਤਾ ਲਗਾ ਪਾਉਂਦੀ? ਇਸ ਤੋਂ ਇਲਾਵਾ, ਜਦੋਂ ਕੋਈ ਦੇਸ਼ ਖੁਦ ਗੰਭੀਰ ਸੰਕਟਾਂ ਨਾਲ ਜੂਝ ਰਿਹਾ ਹੋਵੇ ਅਤੇ ਆਪਣੇ ਹੀ ਨਾਗਰਿਕਾਂ ਦੀ ਰੱਖਿਆ ਨਹੀਂ ਕਰ ਪਾ ਰਿਹਾ ਹੋਵੇ , ਤਾਂ ਅਜਿਹੇ ਵਿੱਚ ਆਪਣੇ ਨਾਗਰਿਕਾਂ ਨੂੰ ਉੱਥੇ ਜਾਣ ਤੋਂ ਰੋਕਣ ਦੇ ਹਰ ਇੰਤਜਾਮ ਕੀਤੇ ਜਾਣੇ ਚਾਹੀਦੇ ਹਨ| ਚੋਰੀ – ਛਿਪੇ ਦੂਜੇ ਦੇਸ਼ਾਂ ਵਿੱਚ ਇਸ ਤਰ੍ਹਾਂ ਜਾਣਾ ਇੰਨਾ ਆਸਾਨ ਨਹੀਂ ਹੁੰਦਾ| ਫਿਰ ਵੀ ਜੇਕਰ ਲੋਕ ਕੋਈ ਗਲਤ ਰਸਤਾ ਅਖਤਿਆਰ ਕਰਕੇ ਦੂਜੇ ਦੇਸ਼ਾਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਰੋਕਣ ਦੇ ਸਖਤ ਬੰਦੋਬਸਤ ਹੋਣੇ ਚਾਹੀਦੇ ਹਨ| ਜਾਂ ਫਿਰ ਜਿਨ੍ਹਾਂ ਏਜੰਸੀਆਂ ਰਾਹੀਂ ਲੋਕ ਅਜਿਹੇ ਦੇਸ਼ਾਂ ਵਿੱਚ ਰੋਜਗਾਰ ਲਈ ਜਾ ਰਹੇ ਹਨ, ਉਨ੍ਹਾਂ ਉੱਤੇ ਨਿਗਰਾਨੀ ਅਤੇ ਸ਼ਿਕੰਜਾ ਕੱਸਿਆ ਜਾਵੇ|
ਮਨੋਜ ਤਿਵਾਰੀ

Leave a Reply

Your email address will not be published. Required fields are marked *