ਇਰਾਕ : ਸਦਰ ਅਤੇ ਅਬਾਦੀ ਨੇ ਸੰਸਦ ਵਿੱਚ ਕੀਤਾ ਗਠਜੋੜ

ਬਗਦਾਦ, 13 ਸਤੰਬਰ (ਸ.ਬ.) ਇਰਾਕ ਵਿਚ ਰਾਸ਼ਟਰਵਾਦੀ ਸ਼ੀਆ ਮੌਲਵੀ ਮੁਕਤਦਾ ਸਦਰ ਅਤੇ ਬਾਹਰ ਜਾਣ ਵਾਲੇ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਸਮੇਤ 16 ਸਿਆਸੀ ਪਾਰਟੀਆਂ ਨੇ ਸੰਸਦ ਵਿਚ ਨਵੀਂ ਸਰਕਾਰ ਬਣਾਉਣ ਲਈ ਇਕ ਗਠਜੋੜ ਕਰਨ ਉਤੇ ਸਹਿਮਤੀ ਬਣਾਈ| ਅਬਾਦੀ ਦੇ ਕਰੀਬੀ ਸਾਥੀ ਨੇ ਦੱਸਿਆ ਕਿ ਗਠਜੋੜ ਵਿਚ 177 ਸੰਸਦ ਮੈਂਬਰ ਸ਼ਾਮਲ ਹਨ, ਜੋ ਚੋਣਾਂ ਵਿਚ ਚੁਣੇ ਗਏ 329 ਸੰਸਦ ਮੈਂਬਰਾਂ ਦੀ ਅੱਧੀ ਗਿਣਤੀ ਤੋਂ ਜ਼ਿਆਦਾ ਹਨ| ਹੁਣ ਰਾਸ਼ਟਰਪਤੀ ਸਭ ਤੋਂ ਵੱਡੇ ਗਠਜੋੜ ਨੂੰ ਸਰਕਾਰ ਬਣਾਉਣ ਦੀ ਮਨਜ਼ੂਰੀ ਦੇਣਗੇ| ਇਰਾਕ ਦੀ ਸਿਆਸੀ ਪ੍ਰਣਾਲੀ ਇਸ ਤਰ੍ਹਾਂ ਬਣਾਈ ਗਈ ਹੈ ਕਿ ਸੱਦਾਮ ਹੁਸੈਨ ਦੇ ਜਾਣ ਮਗਰੋਂ ਤਾਨਾਸ਼ਾਹੀ ਦਾ ਦੌਰ ਨਾ ਆਏ ਅਤੇ ਕੋਈ ਵਿਅਕਤੀ ਜਾਂ ਪਾਰਟੀ ਹਾਵੀ ਨਾ ਹੋ ਪਾਏ|
ਇਰਾਕੀ ਸੰਸਦ ਦੇ ਪਹਿਲੇ ਸੈਸ਼ਨ ਤੋਂ ਕੁਝ ਘੰਟੇ ਪਹਿਲਾਂ ਇਹ ਗਠਜੋੜ ਹੋਇਆ| ਦੇਸ਼ ਵਿਚ ਮਈ ਵਿਚ ਨਵੀਂ ਸੰਸਦ ਚੁਣੀ ਗਈ ਸੀ| ਅੱਜ ਨਵੀਂ ਸੰਸਦ ਦਾ ਪਹਿਲਾ ਸੈਸ਼ਨ ਹੋਵੇਗਾ ਜਿਸ ਦੌਰਾਨ ਉਸ ਨੂੰ ਇਕ ਪ੍ਰਧਾਨ ਦੀ ਚੋਣ ਕਰਨੀ ਹੋਵੇਗੀ| ਰਵਾਇਤੀ ਤੌਰ ਉਤੇ ਇਰਾਕ ਦੇ ਸੁੰਨੀ ਮੁਸਲਿਮ ਭਾਈਚਾਰੇ ਦਾ ਮੈਂਬਰ ਪ੍ਰਧਾਨ ਬਣਦਾ ਹੈ ਅਤੇ ਨਾਲ ਹੀ ਦੋ ਉਪ ਪ੍ਰਧਾਨ ਚੁਣੇ ਜਾਂਦੇ ਹਨ| ਸੰਸਦ ਮੈਂਬਰਾਂ ਕੋਲ ਦੇਸ਼ ਲਈ ਨਵੇਂ ਰਾਸ਼ਟਰਪਤੀ ਦੀ ਚੋਣ ਕਰਨ ਲਈ 30 ਦਿਨ ਦਾ ਸਮਾਂ ਹੋਵੇਗਾ| ਇਸ ਮਗਰੋਂ ਨਵੇਂ ਰਾਸ਼ਟਰਪਤੀ ਕੋਲ ਸੰਸਦ ਦੇ ਸਭ ਤੋਂ ਵੱਡੇ ਗਠਜੋੜ ਨੂੰ ਨਵੀਂ ਸਰਕਾਰ ਬਣਾਉਣ ਦੇਣ ਲਈ 15 ਦਿਨ ਦਾ ਸਮਾਂ ਹੋਵੇਗਾ|

Leave a Reply

Your email address will not be published. Required fields are marked *