ਇਰਾਨ ਤੋਂ ਕੱਚਾ ਤੇਲ ਖਰੀਦਣ ਵਾਲੇ ਦੇਸ਼ਾਂ ਵਿਰੁੱਧ ਅਮਰੀਕਾ ਕਰੇਗਾ ਕਾਰਵਾਈ: ਟਰੰਪ

ਵਾਸ਼ਿੰਗਟਨ, 12 ਅਕਤੂਬਰ (ਸ.ਬ.) ਅਮਰੀਕਾ ਦੀ ਇੱਛਾ ਵਿਰੁੱਧ ਜਿੱਥੇ ਭਾਰਤ ਨੇ ਰੂਸ ਨਾਲ ਐਸ-400 ਡਿਫੈਂਸ ਮਿਜ਼ਾਈਲ ਸਿਸਟਮ ਖਰੀਦਣ ਤੇ ਸਮਝੌਤਾ ਕੀਤਾ ਹੈ ਉੱਥੇ ਹੁਣ ਇਰਾਨ ਤੇ ਅਮਰੀਕੀ ਪਾਬੰਦੀ ਦੇ ਬਾਵਜੂਦ ਲਗਾਤਾਰ ਕੱਚਾ ਤੇਲ ਖਰੀਦਣਾ ਅਮਰੀਕਾ ਨੂੰ ਚੁੱਭ ਰਿਹਾ ਹੈ| ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਪਾਬੰਦੀ ਦੇ ਹਵਾਲੇ ਨਾਲ ਪੂਰੀ ਦੁਨੀਆ ਨੂੰ ਧਮਕਾਉਂਦੇ ਹੋਏ ਕਿਹਾ ਹੈ ਕਿ 4 ਨਵੰਬਰ ਦੇ ਬਾਅਦ ਜੇ ਕੋਈ ਦੇਸ਼ ਇਰਾਨ ਤੋਂ ਕੱਚਾ ਤੇਲ ਖਰੀਦਦਾ ਹੈ ਤਾਂ ਉਹ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਦਮ ਚੁੱਕਣ ਲਈ ਤਿਆਰ ਹੈ|
ਡੋਨਾਲਡ ਟਰੰਪ ਨੇ ਇਰਾਨ ਤੋਂ ਕੱਚੇ ਤੇਲ ਦੀ ਦਰਾਮਦ ਨੂੰ ਲੈ ਕੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ 4 ਨਵੰਬਰ ਤੱਕ ਇਰਾਨ ਤੋਂ ਕੱਚੇ ਤੇਲ ਦੀ ਦਰਾਮਦ ਘਟਾ ਕੇ ਜ਼ੀਰੋ ਨਾ ਕਰਨ ਵਾਲੇ ਦੇਸ਼ਾਂ ਵਿਰੁੱਧ ਅਮਰੀਕਾ ਕਾਰਵਾਈ ਕਰੇਗਾ| ਜਿਕਰਯੋਸਗ ਹੈ ਕਿ ਭਾਰਤ ਤੇ ਚੀਨ ਜਿਹੇ ਦੇਸ਼ਾਂ ਦੇ ਇਰਾਨ ਤੋਂ ਤੇਲ ਦਰਾਮਦ ਜਾਰੀ ਰੱਖਣ ਦੇ ਬਾਰੇ ਵਿਚ ਪੁੱਛੇ ਜਾਣ ਤੇ ਟਰੰਪ ਨੇ ਕਿਹਾ,”ਅਸੀਂ ਉਨ੍ਹਾਂ ਨੂੰ ਵੀ ਦੇਖਾਂਗੇ|” ਟਰੰਪ ਨੇ ਮਈ ਵਿਚ ਅਮਰੀਕਾ ਨੂੰ ਸਾਲ 2015 ਵਿਚ ਹੋਏ ਇਰਾਨ ਪਰਮਾਣੂ ਸਮਝੌਤੇ ਤੋਂ ਵੱਖ ਕਰ ਲਿਆ ਸੀ ਅਤੇ ਉਸ ਤੇ ਮੁੜ ਪਾਬੰਦੀਆਂ ਲਗਾਈਆਂ ਸਨ| ਟਰੰਪ ਨੇ ਇਰਾਨ ਤੋਂ ਤੇਲ ਦਰਾਮਦ ਕਰਨ ਵਾਲੇ ਦੇਸ਼ਾਂ ਨੂੰ 4 ਨਵੰਬਰ ਤੱਕ ਆਪਣੀ ਦਰਾਮਦ ਘਟਾ ਕੇ ਜ਼ੀਰੋ ਕਰਨ ਲਈ ਕਿਹਾ ਹੈ| ਨਾਲ ਹੀ ਉਨ੍ਹਾਂ ਨੇ ਅਜਿਹਾ ਨਾ ਕਰਨ ਵਾਲੇ ਦੇਸ਼ਾਂ ‘ਤੇ ਪਾਬੰਦੀ ਲਗਾਉਣ ਦੀ ਵੀ ਚਿਤਾਵਨੀ ਦਿੱਤੀ ਹੈ|
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਤੋਂ 5 ਅਰਬ ਡਾਲਰ ਦੇ ਸੌਦੇ ਵਿਚ ਐੱਸ-400 ਹਵਾਈ ਰੱਖਿਆ ਪ੍ਰਣਾਲੀ ਖਰੀਦਣ ਤੇ ਭਾਰਤ ਵਿਰੁੱਧ ਅਮਰੀਕੀ ਕਾਨੂੰਨ ਦੇ ਤਹਿਤ ਦੰਡਕਾਰੀ ਕਾਰਵਾਈ ਹੁੰਦੀ ਹੈ ਜਾਂ ਨਹੀਂ ਇਸ ਦੇ ਬਾਰੇ ਵਿੱਚ ਜਲਦੀ ਸਥਿਤੀ ਸਪੱਸ਼ਟ ਹੋ ਜਾਵੇਗੀ| 5 ਬਿਲੀਅਨ ਡਾਲਰ ਦੀ ਇਸ ਮੈਗਾ ਡਿਫੈਂਸ ਡੀਲ ਤੇ ਅਮਰੀਕਾ ਕਾਟਸਾ ਪਾਬੰਦੀ ਲਗਾ ਸਕਦਾ ਹੈ| ਬੀਤੇ ਮਹੀਨੇ ਅਮਰੀਕਾ ਨੇ ਚੀਨ ਤੇ ਇਹੀ ਪਾਬੰਦੀ ਲਗਾਈ ਸੀ| ਉਦੋਂ ਚੀਨ ਨੇ ਰੂਸ ਤੋਂ ਲੜਾਕੂ ਜਹਾਜ਼ ਅਤੇ ਮਿਜ਼ਾਈਲ ਡਿਫੈਂਸ ਸਿਸਟਮ ਖਰੀਦਿਆ ਸੀ| ਅਮਰੀਕਾ ਨੇ ਆਪਣੇ ਵਿਰੋਧੀਆਂ ਵਿਰੁੱਧ ਪਾਬੰਦੀ ਲਗਾਉਣ ਲਈ ਕਾਨੂੰਨ ਬਣਾਇਆ ਹੈ| ਇਸ ਦੇ ਤਹਿਤ ਰੂਸ ਨਾਲ ਹਥਿਆਰ ਸੌਦੇ ਤੇ ਅਮਰੀਕੀ ਪਾਬੰਦੀਆਂ ਤੋਂ ਭਾਰਤ ਨੂੰ ਛੋਟ ਦੇਣ ਦਾ ਅਧਿਕਾਰ ਸਿਰਫ ਰਾਸ਼ਟਰਪਤੀ ਕੋਲ ਹੀ ਹੈ| ਕਾਟਸਾ ਅਮਰੀਕਾ ਦਾ ਫੈਡਕਲ ਕਾਨੂੰਨ ਹੈ| ਇਸ ਦੇ ਤਹਿਤ ਇਰਾਨ, ਦੱਖਣੀ ਕੋਰੀਆ ਅਤੇ ਰੂਸ ਤੇ ਪਾਬੰਦੀ ਲਗਾਈ ਗਈ ਹੈ| ਭਾਰਤ ਅਤੇ ਰੂਸ ਵਿਚਕਾਰ ਹੋਏ ਸੌਦੇ ਦੇ ਬਾਰੇ ਪੁੱਛੇ ਜਾਣ ਤੇ ਟਰੰਪ ਨੇ ਕਿਹਾ,”ਭਾਰਤ ਨੂੰ ਪਤਾ ਲੱਗ ਜਾਵੇਗਾ|” ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਜਲਦੀ ਹੀ ਪਤਾ ਲੱਗਣ ਵਾਲਾ ਹੈ| ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਭਾਰਤ ਨੂੰ ਕਦੋਂ ਪਤਾ ਲੱਗੇਗਾ ਤਾਂ ਉਨ੍ਹਾਂ ਨੇ ਕਿਹਾ,”ਤੁਸੀਂ ਦੇਖੋਗੇ, ਤੁਸੀਂ ਜਿੰਨਾ ਸੋਚ ਰਹੇ ਹੋ ਉਸ ਤੋਂ ਪਹਿਲਾਂ|”

Leave a Reply

Your email address will not be published. Required fields are marked *