ਇਰਾਨ ਨੇ ਚਾਬਹਾਰ ਪ੍ਰੋਜੈਕਟ ਵਿੱਚ ਚੀਨ ਤੇ ਪਾਕਿ ਨੂੰ ਦਿੱਤਾ ਸੱਦਾ

ਤੇਹਰਾਨ, 14 ਮਾਰਚ (ਸ.ਬ.) ਇਰਾਨ ਵਿਚ ਭਾਰਤ ਦਾ ਚਾਬਹਾਰ ਪੋਰਟ ਪ੍ਰੋਜੈਕਟ ਉਹ ਪ੍ਰੋਜੈਕਟ ਹੈ ਜੋ ਭਾਰਤ ਨੂੰ ਅਫਗਾਨਿਸਤਾਨ ਦੇ ਇਲਾਵਾ ਯੂਰਪ ਤੱਕ ਪਹੁੰਚਣ ਵਿਚ ਮਦਦ ਕਰਦਾ ਹੈ| ਇਸ ਦੇ ਨਾਲ ਹੀ ਭਾਰਤ-ਇਰਾਨ ਵਿਚਕਾਰ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਹੋਈ ਸੀ ਪਰ ਇਰਾਨ ਨੇ ਭਾਰਤ ਨੂੰ ਝਟਕਾ ਦਿੰਦੇ ਹੋਏ ਪਾਕਿਸਤਾਨ ਅਤੇ ਚੀਨ ਨੂੰ ਵੀ ਇਸ ਪ੍ਰੋਜੈਕਟ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਹੈ| ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ ਇਰਾਨ ਦੇ ਵਿਦੇਸ਼ ਮੰਤਰੀ ਜਾਵੇਦ ਜਾਰਿਫ ਨੇ ਚਾਬਹਾਰ ਬੰਦਰਗਾਹ ਪ੍ਰੋਜੈਕਟ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਨੂੰ ਸੱਦਾ ਦਿੱਤਾ ਹੈ| ਉਨ੍ਹਾਂ ਨੇ ਇਰਾਨੀ ਬੰਦਰਗਾਹ ਵਿਚ ਭਾਰਤ ਦੇ ਜੁੜੇ ਹੋਣ ਦੀ ਚਿੰਤਾ ਨੂੰ ਦਬਾਉਂਦੇ ਹੋਏ ਪਾਕਿਸਤਾਨ ਨੂੰ ਕਿਹਾ ਕਿ ਉਹ ਆਪਣੇ ਗਵਾਦਰ ਬੰਦਰਗਾਹ ਨੂੰ ਚਾਬਹਾਰ ਪ੍ਰੋਜੈਕਟ ਨਾਲ ਲਿੰਕ ਕਰੇ|
ਜਾਰਿਫ ਨੇ ਆਪਣੀ ਤਿੰਨ ਦਿਨਾਂ ਦੀ ਪਾਕਿਸਤਾਨ ਯਾਤਰਾ ਦੌਰਾਨ ਇਸਲਾਮਾਬਾਦ ਦੇ ਰਣਨੀਤਕ ਅਧਿਐਨ ਦੇ ਇੰਸਟੀਚਿਊਟ ਵਿਚ ਭਾਸ਼ਣ ਦਿੰਦੇ ਹੋਏ ਚੀਨ ਨੂੰ ਵੀ ਇਸ ਪ੍ਰੋਜੈਕਟ ਵਿਚ ਭਾਗ ਲੈਣ ਦੀ ਪੇਸ਼ਕਸ਼ ਕੀਤੀ| ਇਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ. ਪੀ. ਈ. ਸੀ.) ਵਿਚ ਹਿੱਸੇਦਾਰ ਬਨਣ ਦੀ ਪੇਸ਼ਕਸ਼ ਕੀਤੀ ਸੀ| ਹੁਣ ਅਸੀਂ ਚੀਨ ਅਤੇ ਪਾਕਿਸਤਾਨ ਨੂੰ ਚਾਬਹਾਰ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਦੇ ਰਹੇ ਹਾਂ| ਕਿਉਂਕਿ ਚਾਬਹਾਰ ਪ੍ਰੋਜੈਕਟ ਨੂੰ ਭਾਰਤ-ਇਰਾਨ ਵਿਚਕਾਰ ਇਕ ਸਫਲ ਸ਼ੁਰੂਆਤ ਦੇ ਰੂਪ ਵਿਚ ਮੰਨਿਆ ਜਾਂਦਾ ਹੈ, ਇਸ ਲਈ ਇਰਾਨ ਦੇ ਵਿਦੇਸ਼ ਮੰਤਰੀ ਦਾ ਇਹ ਬਿਆਨ ਭਾਰਤ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ| ਦੱਖਣੀ-ਪੂਰਬੀ ਇਰਾਨ ਵਿਚ ਭਾਰਤ ਚਾਬਹਾਰ ਬੰਦਰਗਾਹ ਦਾ ਪਹਿਲਾ ਪੜਾਅ ਵਿਕਸਿਤ ਕਰ ਰਿਹਾ ਹੈ| ਇਸ ਦਾ ਉਦਘਾਟਨ ਬੀਤੇ ਸਾਲ ਦਸੰਬਰ ਵਿਚ ਕੀਤਾ ਗਿਆ ਹੈ| ਜਾਰਿਫ ਦੇ ਇਸ ਦਾਅਵੇ ਤੇ ਫਿਲਹਾਲ ਭਾਰਤ ਵੱਲੋਂ ਕਈ ਅਧਿਕਾਰਿਕ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਤੇ ਸਿੱਧਾ ਇਰਾਨ ਦਾ ਪੱਖ ਸੁਨਣਾ ਚਾਹੁੰਦੇ ਹਨ| ਰਿਪੋਰਟ ਮੁਤਾਬਕ ਜਾਰਿਫ ਇਰਾਨ ਦੇ ਬੰਦਰਗਾਹ ਵਿਚ ਭਾਰਤ ਦੀ ਦਖਲ ਅੰਦਾਜ਼ੀ ਨੂੰ ਲੈ ਕੇ ਚਿੰਤਤ ਹੈ ਅਤੇ ਆਪਣੀਆਂ ਚਿੰਤਾਵਾਂ ਨੂੰ ਜ਼ਾਹਰ ਕਰਨ ਲਈ ਹੀ ਉਨ੍ਹਾਂ ਵੱਲੋਂ ਇਹ ਬਿਆਨ ਆਇਆ ਹੈ|

Leave a Reply

Your email address will not be published. Required fields are marked *