ਇਸ਼ਤਿਹਾਰੀ ਕੰਪਨੀਆਂ ਤੋਂ ਪੈਸਾ ਵਸੂਲੇ ਜਾਂ ਉਹਨਾਂ ਨੂੰ ਬਲੈਕਲਿਸਟ ਕਰੇ ਨਗਰ ਨਿਗਮ : ਕੁਲਜੀਤ ਬੇਦੀ

ਐਸ.ਏ.ਐਸ.ਨਗਰ, 26 ਜੂਨ (ਸ.ਬ.)  ਨਗਰ ਨਿਗਮ ਮੁਹਾਲੀ ਅਧੀਨ ਪੈਂਦੀਆਂ ਮਾਰਕੀਟਾਂ ਤੇ ਸ਼ਹਿਰ ਦੇ ਹੋਰਨਾਂ ਵੱਖ-ਵੱਖ ਹਿੱਸਿਆਂ ਵਿੱਚ ਸੜਕਾਂ ਕਿਨਾਰੇ ਇਸ਼ਤਿਹਾਰਾਂ ਵਾਲੀਆਂ ਸਾਈਟਾਂ ਉਤੇ ਇਸ਼ਤਿਹਾਰ ਲਗਾਉਣ ਵਾਲੀਆਂ ਕੰਪਨੀਆਂ ਵੱਲੋਂ ਤਾਲ਼ਾਬੰਦੀ ਦਾ ਬਹਾਨਾ ਲਗਾ ਕੇ ਨਗਰ ਨਿਗਮ ਨੂੰ ਕੀਤਾ ਜਾ ਰਿਹਾ ਭੁਗਤਾਨ ਰੋਕ ਦਿੱਤਾ ਗਿਆ ਹੈ ਅਤੇ ਪਿਛਲੇ 3 ਮਹੀਨਿਆਂ ਤੋਂ ਕੰਪਨੀਆਂ ਨਿਗਮ ਨੂੰ ਭੁਗਤਾਨ ਨਹੀਂ ਕਰ ਰਹੀਆਂ ਹਨ ਜਦਕਿ ਇਨ੍ਹਾਂ ਕੰਪਨੀਆਂ ਦਾ ਨਿਗਮ ਨਾਲ ਪੂਰੇ ਸਾਲ ਦਾ ਐਗਰੀਮੈਂਟ ਹੈ| ਇਸ ਸੰਬੰਧੀ ਨਿਗਮ ਦੇ ਸਾਬਕਾ ਕੌਂਸਲਰ ਅਤੇ ਪ੍ਰਸਿੱਧ ਸਮਾਜਸੇਵੀ ਆਗੂ ਕੁਲਜੀਤ ਸਿੰਘ  ਬੇਦੀ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਇਨ੍ਹਾਂ ਕੰਪਨੀਆਂ ਤੋਂ ਤੁਰੰਤ ਵਸੂਲੀ ਕਰਨ ਅਤੇ ਅਦਾਇਗੀ ਨਾ ਮਿਲਣ ਤੇ ਉਹਨਾਂ ਨੂੰ ਬਲੈਕਲਿਸਟ ਕਰਨ ਦੀ ਮੰਗ ਕੀਤੀ ਹੈ| 
ਨਗਰ ਨਿਗਮ ਦੇ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਸ੍ਰ. ਬੇਦੀ ਨੇ ਕਿਹਾ ਹੈ ਕਿ ਹੁਣ ਜਦੋਂ ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਖੁੱਲ੍ਹ ਚੁੱਕੀਆਂ ਹੋਈਆਂ ਹਨ, ਸਾਰੇ ਕਾਰੋਬਾਰ ਚਾਲੂ ਹੋ ਚੁੱਕੇ ਹਨ ਅਤੇ ਸਾਰੇ ਲੋਕੀਂ ਕਿਸੇ ਨਾ ਕਿਸੇ ਰੂਪ ਵਿੱਚ ਸਰਕਾਰ ਨੂੰ ਟੈਕਸ ਅਦਾ ਕਰ ਰਹੇ ਹਨ| ਪ੍ਰੰਤੂ ਫਿਰ ਵੀ ਇਹ ਇਸ਼ਤਿਹਾਰ ਲਗਾਉਣ ਵਾਲੀਆਂ ਕੰਪਨੀਆਂ ਇਨ੍ਹਾਂ ਇਸ਼ਤਿਹਾਰਾਂ ਵਾਲੀਆਂ ਸਾਈਟਾਂ ਉਤੇ ਜਾਣਬੁੱਝ ਕੇ ਇਸ਼ਤਿਹਾਰ ਨਹੀਂ ਲਗਾ ਰਹੀਆਂ ਹਨ ਤਾਂ ਜੋ ਤਾਲ਼ਾਬੰਦੀ ਦੀ ਆੜ ਵਿੱਚ ਭੁਗਤਾਨ ਕਰਨ ਤੋਂ ਬਚਣ ਲਈ ਡਰਾਮੇਬਾਜ਼ੀ ਕੀਤੀ ਜਾ ਸਕੇ| ਉਨ੍ਹਾਂ ਨਿਗਮ ਕਮਿਸ਼ਨਰ ਕੋਲੋਂ ਮੰਗ ਕੀਤੀ ਹੈ ਕਿ ਉਕਤ ਕੰਪਨੀਆਂ ਕੋਲੋਂ ਪੈਸੇ ਦੀ ਰਿਕਵਰੀ ਕਰਵਾਉਣ ਲਈ ਇਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣ ਅਤੇ ਪਿਛਲੇ ਸਾਰੇ ਮਹੀਨਿਆਂ ਦਾ ਪੈਸਾ ਇਨ੍ਹਾਂ ਕੰਪਨੀ ਤੋਂ ਵਸੂਲਿਆ ਜਾਵੇ ਤਾਂ ਜੋ ਇਹ ਪੈਸਾ ਸ਼ਹਿਰ ਦੇ ਵਿਕਾਸ ਕਾਰਜਾਂ ਉਤੇ ਖਰਚਿਆ ਜਾ ਸਕੇ| 
ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਸ਼ਹਿਰ ਵਿੱਚ ਪੰਜ ਪ੍ਰਾਈਵੇਟ ਕੰਪਨੀਆਂ ਕੋਲ ਨਗਰ ਨਿਗਮ ਅਧੀਨ ਆਉਂਦੇ ਖੇਤਰਾਂ ਵਿੱਚ ਇਸ਼ਤਿਹਾਰਬਾਜ਼ੀ ਕਰਨ ਦਾ ਠੇਕਾ ਹੈ| ਇਨ੍ਹਾਂ ਕੰਪਨੀਆਂ ਵਿੱਚ ਸੈਲਵਾਨ ਪ੍ਰਾਈਵੇਟ ਲਿਮਟਿਡ, ਹਿੰਦੋਸਤਾਨ ਪਬਲੀਸਿਟੀ, ਪਾਇਨੀਅਰ ਪਬਲਿਸ਼ਿੰਗ, ਵਿਜ਼ਨ ਏਜੰਸੀ, ਗਰੋਇੰਗ ਕੰਟੈਂਟ ਸ਼ਾਮਿਲ ਹਨ| ਇਹ ਸਾਰੀਆਂ ਕੰਪਨੀਆਂ ਤਾਲ਼ਾਬੰਦੀ ਦੇ ਬਹਾਨੇ ਨਿਗਮ ਦਾ ਲਗਭਗ ਸਵਾ 2 ਕਰੋੜ ਰੁਪਏ ਦੱਬੀ ਬੈਠੀਆਂ ਹਨ| ਉਨ੍ਹਾਂ ਕਿਹਾ ਕਿ ਇਹਨਾਂ ਕੰਪਨੀਆਂ ਵੱਲ ਬਕਾਇਆ ਰਕਮ ਦੀ ਤੁਰੰਤ ਵਸੂਲੀ ਕੀਤੀ ਜਾਵੇ ਅਤੇ ਜਿਹੜੀ ਕੰਪਨੀ ਨਿਗਮ ਦਾ ਪੈਸਾ ਦੇਣ ਤੋਂ ਮੁਨਕਰ ਹੁੰਦੀ ਹੈ, ਉਸਨੂੰ ਬਲੈਕਲਿਸਟ ਕੀਤਾ ਜਾਵੇ| 

Leave a Reply

Your email address will not be published. Required fields are marked *