ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ 14 ਜਨਵਰੀ ਨੂੰ ਭਾਰਤ ਦੀ 4 ਦਿਨਾਂ ਯਾਤਰਾ ਤੇ ਆਉਣਗੇ

ਯੇਰੁਸ਼ਲਮ, 23 ਨਵੰਬਰ (ਸ.ਬ.) ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ 14 ਜਨਵਰੀ ਤੋਂ ਆਪਣੀ 4 ਦਿਨਾਂ ਭਾਰਤ ਯਾਤਰਾ ਆਰੰਭ ਕਰਨਗੇ| ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ| ਕਰੀਬ 6 ਮਹੀਨੇ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯਹੂਦੀ ਰਾਸ਼ਟਰ ਦਾ ਦੌਰਾ ਕੀਤਾ ਸੀ| ਸਾਲ 1992 ਵਿਚ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਸਬੰਧ ਬਣਨ ਤੋਂ ਬਾਅਦ ਬੈਂਜਾਮਿਨ ਨੇਤਨਯਾਹੂ ਭਾਰਤ ਦਾ ਦੌਰਾ ਕਰਨ ਵਾਲੇ ਇਜ਼ਰਾਇਲ ਦੇ ਦੂਜੇ ਪ੍ਰਧਾਨ ਮੰਤਰੀ ਹੋਣਗੇ| ਕਰੀਬ 15 ਸਾਲ ਪਹਿਲਾਂ ਇਜ਼ਰਾਇਲ ਦੇ ਸਾਬਕਾ ਪ੍ਰਧਾਨ ਮੰਤਰੀ ਏਰੀਅਲ ਸ਼ੇਰਾਨ ਨੇ ਸਾਲ 2003 ਵਿਚ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ| ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਜਨਵਰੀ ਨੂੰ ਅਹਿਮਦਾਬਾਦ ਵਿਚ ਉਨ੍ਹਾਂ ਦਾ ਸਵਾਗਤ ਕਰਨਗੇ| ਇਸ ਤੋਂ ਪਹਿਲਾਂ ਮੋਦੀ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਵੀ ਆਪਣੇ ਗ੍ਰਹਿ ਰਾਜ ਵਿਚ ਸਵਾਗਤ ਕਰ ਚੁੱਕੇ ਹਨ| ਨੇਤਨਯਾਹੂ 15 ਅਤੇ 16 ਜਨਵਰੀ ਨੂੰ ਆਪਣੀ ਜ਼ਿਆਦਾਤਰ ਅਧਿਕਾਰਤ ਬੈਠਕਾਂ ਨਵੀਂ ਦਿੱਲੀ ਵਿਚ ਕਰਨਗੇ|
ਸੂਤਰਾਂ ਨੇ ਇੱਥੇ ਦੱਸਿਆ ਕਿ ਉਨ੍ਹਾਂ ਦੇ ਵਿਸਤ੍ਰਿਤ ਪ੍ਰੋਗਰਾਮ ਤੇ ਅਜੇ ਕੰਮ ਚੱਲ ਰਿਹਾ ਹੈ ਪਰ ਇਸ ਵਿਚ ਭਾਰਤ ਦੀ ਸਿਖਰ ਅਗਵਾਈ ਵਾਲੀਆਂ ਬੈਠਕਾਂ ਸ਼ਾਮਲ ਹੋਣਗੀਆ| ਇਜ਼ਰਾਇਲੀ ਨੇਤਾ 17 ਜਨਵਰੀ ਨੂੰ ਮੁੰਬਈ ਵੀ ਜਾਣਗੇ, ਜਿੱਥੇ ਉਹ 2008 ਵਿਚ ਅੱਤਵਾਦੀ ਹਮਲੇ ਦੇ ਸ਼ਿਕਾਰ ਯਹੂਦੀ ਚਬਦ ਹਾਊਸ ਦਾ ਦੌਰਾ ਕਰਨਗੇ| ਉਹ 18 ਜਨਵਰੀ ਨੂੰ ਵਾਪਸ ਇਜ਼ਰਾਇਲ ਰਵਾਨਾ ਹੋਣਗੇ| ਯਾਤਰਾ ਦੇ ਦੌਰਾਨ ਉਨ੍ਹਾਂ ਦੇ ਆਗਰਾ ਜਾਣ ਦੀ ਵੀ ਸੰਭਾਵਨਾ ਹੈ| ਕਾਸੇਟ (ਇਜ਼ਾਰਾਇਲੀ ਸੰਸਦ) ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਦੌਰਾਨ ਨੇਤਨਯਾਹੂ ਨੇ ਕਿਹਾ ਸੀ ਪਿਛਲੇ ਕੁੱਝ ਸਾਲਾਂ ਵਿਚ, ਮੈਂ ਅੰਟਾਰਕਟੀਕਾ ਤੋਂ ਇਲਾਵਾ ਸਾਰੇ ਮਹਾਦੀਪਾਂ ਦਾ ਦੌਰਾ ਕੀਤਾ ਹੈ| ਉਨ੍ਹਾਂ ਕਿਹਾ ਕਿ ਜਨਵਰੀ ਵਿਚ ਮੈਂ ਆਪਣੇ ਚੰਗੇ ਦੋਸਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਜਾਵਾਂਗਾ, ਜਿੱਥੇ ਦੀ ਆਬਾਦੀ ਮਨੁੱਖਤਾ ਦਾ ਇਕ ਮਹੱਤਵਪੂਰਨ ਹਿੱਸਾ ਹੈ| ਮੋਦੀ ਨੇ ਦੋਵਾਂ ਦੇਸ਼ਾਂ ਵਿਚਕਾਰ ਰਾਜਨੀਤਿਕ ਸਬੰਧਾਂ ਦੀ ਸਥਾਪਨਾ ਦੇ 25 ਸਾਲ ਦਾ ਜਸ਼ਨ ਮਨਾਉਣ ਲਈ ਇਸ ਸਾਲ ਜੁਲਾਈ ਵਿਚ ਇਜ਼ਰਾਇਲ ਦਾ ਦੌਰਾ ਕੀਤਾ ਸੀ|

Leave a Reply

Your email address will not be published. Required fields are marked *