ਇਜ਼ਰਾਇਲ ਵੱਲੋਂ ਪੰਜਾਬ ਨੂੰ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਦੇਣ ਦਾ ਭਰੋਸਾ

ਨਵੀਂ ਦਿੱਲੀ, 21 ਅਪ੍ਰੈਲ (ਸ.ਬ.) ਇਜ਼ਰਾਇਲ ਨੇ ਪੰਜਾਬ ਵਿੱਚ ਨਿੱਜੀ ਨਿਵੇਸ਼ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਤਕਨਾਲੋਜੀ ਦੇ ਅਦਾਨ-ਪ੍ਰਦਾਨ, ਪੁਲੀਸ ਤੇ ਸੁਰੱਖਿਆ ਸਿਖਲਾਈ, ਖੇਤੀਬਾੜੀ ਤੇ ਸਿੰਚਾਈ, ਡੇਅਰੀ ਫਾਰਮਿੰਗ ਸਣੇ ਵੱਖ-ਵੱਖ  ਖੇਤਰਾਂ ਵਿੱਚ ਪੰਜਾਬ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਦਿਲਚਸਪੀ ਦਿਖਾਈ ਹੈ|
ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤ ਵਿੱਚ ਇਜ਼ਰਾਇਲ ਦੇ ਰਾਜਦੂਤ ਸ੍ਰੀ ਡੇਨਿਅਲ ਕੈਰਮੋਨ ਵਿਚਕਾਰ ਹੋਈ ਇਕ ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਦੁਵੱਲੇ ਹਿੱਤਾਂ ਨਾਲ ਸਬੰਧਤ ਮੁੱਦਿਆਂ ਬਾਰੇ ਵਿਚਾਰ-ਵਟਾਂਦਰੇ ਨੂੰ ਜਾਰੀ ਰੱਖਣ ਲਈ ਪੰਜਾਬ-ਇਜ਼ਰਾਇਲ ਵਰਕਿੰਗ ਗਰੁੱਪ ਸਥਾਪਤ ਕਰਨ ਲਈ ਸੰਭਾਵਨਾਵਾਂ ਨੂੰ ਤਲਾਸ਼ਣ ਦਾ ਫੈਸਲਾ ਕੀਤਾ ਹੈ| ਇਜ਼ਰਾਇਲ ਦੇ ਰਾਜਦੂਤ ਵੱਲੋਂ ਲੰਮੀ ਮਿਆਦ ਦੇ ਸਹਿਯੋਗ ਲਈ ਅਜਿਹਾ ਗਰੁੱਪ ਬਣਾਉਣ ਦੇ ਦਿੱਤੇ ਸੁਝਾਅ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਮਾਮਲਾ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲ ਉਠਾਉਣ ਦਾ ਵਾਅਦਾ ਕੀਤਾ ਹੈ|
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਨਾਲ ਸੂਬੇ ਦੇ ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ, ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ, ਏ.ਡੀ.ਜੀ.ਪੀ ਇੰਟੈਲੀਜੈਂਸ ਸ੍ਰੀ ਦਿਨਕਰ ਗੁਪਤਾ, ਵਿਸ਼ੇਸ਼ ਮੁੱਖ ਸਕੱਤਰ (ਬਾਗਬਾਨੀ ਤੇ ਜੰਗਲਾਤ) ਸ੍ਰੀ ਹਿੰਮਤ ਸਿੰਘ ਅਤੇ ਦਿੱਲੀ ਵਿਖੇ ਪੰਜਾਬ ਰੈਜ਼ੀਡੈਂਟ ਕਮਿਸ਼ਨਰ ਸ੍ਰੀ ਰਾਹੁਲ ਭੰਡਾਰੀ  ਅਤੇ ਇਜ਼ਰਾਇਲ ਦੇ ਰਾਜਦੂਤ ਨਾਲ ਡਿਪਟੀ ਚੀਫ ਆਫ ਮਿਸ਼ਨ ਸ੍ਰੀਮਤੀ ਡਾਨਾ ਕੁਰਸ਼ ਅਤੇ ਪ੍ਰਥਮ ਸਕੱਤਰ ਅਤੇ ਸਿਆਸੀ ਮਾਮਲਿਆਂ ਦੇ ਸਲਾਹਕਾਰ ਅਡਵਾ ਵਿਲਚਿੰਸਕੀ ਹਾਜ਼ਰ ਸਨ|
ਇਜ਼ਰਾਇਲ ਦੇ ਰਾਜਦੂਤ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦਾ ਦੇਸ਼ ਸਰਕਾਰ ਤੋਂ ਸਰਕਾਰ ਨਾਲ ਸਬੰਧਾਂ ਤੋਂ ਪਰ੍ਹੇ ਵੀ ਆਪਸੀ ਸਬੰਧਾਂ ਦਾ ਪਾਸਾਰ ਕਰਨ ਵਿੱਚ ਦਿਲਚਸਪੀ ਰੱਖਦਾ ਹੈ ਅਤੇ ਉਹ ਇਜ਼ਰਾਇਲ ਦੇ ਨਿੱਜੀ  ਖੇਤਰ ਦੇ ਵਪਾਰ ਦੇ ਪਾਸਾਰ ਦੀਆਂ ਸੰਭਾਵਨਾਵਾਂ ਵਿਚ ਵੀ ਰੁਚੀ ਰੱਖਦਾ ਹੈ| ਉਨ੍ਹਾਂ ਨੇ ਪੰਜਾਬ ਵਿੱਚ ਆਈ.ਟੀ. ਅਤੇ ਕਮਿਊਨੀਕੇਸ਼ਨ ਹੱਬ ਦੀਆਂ ਸੰਭਾਵਨਾਵਾਂ ਦੇ ਨਾਲ ਤਕਨਾਲੋਜੀ ਦੇ ਸਹਿਯੋਗ ਵਿੱਚ ਵੀ ਦਿਲਚਸਪੀ ਦਿਖਾਈ| ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪਸੀ ਵਿਕਾਸ ਲਈ ਇਹ ਖੇਤਰ ਬਹੁਤ ਮਹੱਤਵਪੂਰਨ ਹਨ|
ਇਜ਼ਰਾਇਲੀ ਗਾਵਾਂ ਦੁੱਧ ਦੀ ਪੈਦਾਵਾਰ ਪੱਖੋਂ ਵਿਸ਼ਵ ਦੇ ਸਿਖਰਲੇ ਤਿੰਨ ਸਥਾਨਾਂ ਵਿੱਚ ਸ਼ਾਮਲ ਹੋਣ ਦਾ ਜ਼ਿਕਰ ਕਰਦਿਆਂ ਸ੍ਰੀ ਕੈਰਮੋਨ ਨੇ ਪੰਜਾਬ ਨੂੰ ਭਰੂਣ ਅਤੇ ਬਣਾਵਟੀ ਸੀਮਨ ਦੀ ਤਕਨਾਲੋਜੀ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਤਾਂ ਕਿ ਸੂਬੇ ਵਿੱਚ ਡੇਅਰੀ ਦੇ ਧੰਦੇ ਨੂੰ ਹੋਰ ਅੱਗੇ ਵਧਾਇਆ ਜਾ ਸਕੇ|
ਦੋਵਾਂ ਧਿਰਾਂ ਨੇ ਖੇਤੀ ਤੇ ਹੋਰ  ਖੇਤਰਾਂ ਦੇ ਮਾਹਿਰਾਂ ਦੇ ਆਦਾਨ-ਪ੍ਰਦਾਨ ਲਈ ਆਪਸੀ ਸਹਿਯੋਗ ਨੂੰ ਵਧਾਉਣ ਲਈ ਰਜ਼ਾਮੰਦ ਹੁੰਦਿਆਂ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਇਸ ਨੂੰ ਪਹਿਲ ਦੇ ਆਧਾਰ ਤੇ ਜਾਰੀ ਰੱਖਿਆ ਜਾਵੇਗਾ|

Leave a Reply

Your email address will not be published. Required fields are marked *