ਇੰਗਲੈਂਡ ਵਿੱਚ ਪੰਜਾਬਣ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਵਿਅਕਤੀ ਗ੍ਰਿਫਤਾਰ

ਲੰਡਨ, 9 ਮਾਰਚ (ਸ.ਬ.) ਬਰਤਾਨੀਆ ਦੇ ਸ਼ਹਿਰ ਵੁਲਵਰਹੈਂਪਟਨ ਵਿੱਚ ਕਤਲ ਹੋਈ ਸਰਬਜੀਤ ਕੌਰ ਢੰਡਾ ਦੀ ਮੌਤ ਸਬੰਧੀ ਪੁਲੀਸ ਨੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ| 38 ਸਾਲਾਂ ਸਰਬਜੀਤ ਕੌਰ ਆਪਣੇ ਹੀ ਘਰ ਵਿੱਚ 16 ਫਰਵਰੀ ਨੂੰ ਸ਼ਾਮ 4 ਵਜੇ ਮ੍ਰਿਤਕ ਹਾਲਤ ਵਿੱਚ ਪਾਈ ਗਈ ਸੀ| ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਰਬਜੀਤ ਕੌਰ ਤੇ ਹਮਲਾ ਹੋਇਆ ਸੀ ਅਤੇ ਉਸ ਦੀ ਮੌਤ ਲਾਸ਼ ਮਿਲਣ ਤੋਂ ਕਈ ਘੰਟੇ ਪਹਿਲਾਂ ਹੋ ਚੁੱਕੀ ਸੀ| ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਸਾਹ ਘੁੱਟ ਹੋਣ ਕਾਰਨ ਹੋਈ ਹੈ| ਸਰਬਜੀਤ ਦੀ ਲਾਸ਼ ਰੌਕਰੀ ਲੇਨ, ਪਿੰਨ ਇੰਨ ਵੁਲਵਰਹੈਂਪਟਨ ਵਿਖੇ ਮਿਲੀ ਸੀ| ਘਰ ਵਿੱਚੋਂ ਕੁਝ ਗਹਿਣੇ ਵੀ ਗੁੰਮ ਸਨ ਅਤੇ ਇਸੇ ਲਈ ਉਸ ਦੀ ਮੌਤ ਦਾ ਕਾਰਨ ਡਕੈਤੀ ਨੂੰ ਵੀ ਮੰਨਿਆ ਜਾ ਰਿਹਾ ਹੈ|
ਜਾਂਚ ਅਧਿਕਾਰੀ ਪੁਲੀਸ ਇੰਸਪੈਕਟਰ ਜੇਮਜ਼ ਮੁਨਰੋ ਨੇ ਕਿਹਾ ਕਿ ਇਲਾਕੇ ਵਿੱਚ ਏਸ਼ੀਅਨ ਸੋਨਾ ਚੋਰੀ ਜਾਂ ਲੁੱਟਣ ਲਈ ਕਈ ਵਾਰਦਾਤਾਂ ਹੋਈਆਂ ਹਨ ਪਰ ਇਸ ਤਰ੍ਹਾਂ ਦੀ ਹਿੰਸਕ ਘਟਨਾ ਨਹੀਂ ਹੋਈ| ਪੁਲੀਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਕਤਲ ਕਿਸੇ ਗਾਹਕ ਵਲੋਂ ਵੀ ਕੀਤਾ ਗਿਆ ਹੋ ਸਕਦਾ ਹੈ ਕਿਉਂਕਿ ਸਰਬਜੀਤ ਆਪਣੇ ਘਰ ਵਿੱਚ ਕੱਪੜੇ ਸਿਊਣ ਦਾ ਕੰਮ ਕਰਦੀ ਸੀ| ਪੁਲੀਸ ਵੱਲੋਂ ਮੰਗਲਵਾਰ ਰਾਤ ਨੂੰ ਇਕ 39 ਸਾਲਾਂ ਔਰਤ ਅਤੇ 42 ਤੇ 32 ਸਾਲਾਂ ਵਿਅਕਤੀਆਂ ਨੂੰ ਵੁਲਵਰਹੈਂਪਟਨ ਦੀਆਂ ਵੱਖ-ਵੱਖ ਥਾਵਾਂ ਤੋਂ ਹਿਰਾਸਤ ਵਿੱਚ ਲਿਆ ਗਿਆ| ਜ਼ਿਕਰਯੋਗ ਹੈ ਕਿ ਸਰਬਜੀਤ ਕੌਰ ਦਾ ਪਿਛੋਕੜ ਪੰਜਾਬ ਤੋਂ ਹੈ ਜਿੱਥੋਂ ਉਹ ਜੁਲਾਈ 2015 ਵਿੱਚ ਗੁਰਪ੍ਰੀਤ ਸਿੰਘ ਢੰਡਾ ਨਾਲ ਵਿਆਹ ਕਰਵਾ ਕੇ ਯੂ.ਕੇ. ਆਈ ਸੀ|

Leave a Reply

Your email address will not be published. Required fields are marked *