ਇੰਟੈਲੀਜੇਂਸ ਵਿੰਗ ਵਿੱਚ 22 ਕਰਮਚਾਰੀਆਂ ਦੀ ਭਰਤੀ ਸਬੰਧੀ ਕਾਂਗਰਸ ਕਰੇਗੀ ਚੋਣ ਕਮਿਸ਼ਨ ਤੇ ਰਾਜਪਾਲ ਨੂੰ ਸ਼ਿਕਾਇਤ: ਸੁਨੀਲ ਜਾਖੜ

ਅਬੋਹਰ, 28 ਦਸੰਬਰ (ਸ.ਬ)  ਪੰਜਾਬ ਸਰਕਾਰ ਵੱਲੋਂ 22 ਦਸੰਬਰ ਨੂੰ  ਇੰਟੈਲੀਜੇਂਸ ਵਿੰਗ ਵਿੱਚ 22 ਮੁਲਾਜ਼ਮਾਂ ਦੀ ਭਰਤੀ ਨੂੰ ਲੈ ਕੇ ਕਾਂਗਰਸ ਨੇ ਜ਼ੋਰਦਾਰ ਵਿਰੋਧ ਪ੍ਰਗਟਾਇਆ ਹੈ| ਅੱਜ ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਤੇ ਬੁਲਾਰੇ ਸੁਨੀਲ ਜਾਖੜ ਨੇ ਆਪਣੇ ਨਿਵਾਸ ਸਥਾਨ ਤੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਉਹ ਦਸਤਾਵੇਜ ਦਿਖਾਇਆ, ਜਿਸ ਮੁਤਾਬਿਕ ਅਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਇੰਟੈਲੀਜੇਂਸ ਵੱਲੋਂ 22 ਵਿਅਕਤੀਆਂ ਨੂੰ ਇੰਟੈਲੀਜੇਂਸ ਅਸਿਸਟੈਂਟ ਅਹੁਦੇ ਤੇ ਕਾਂਸਟੇਬਲ ਰੈਂਕ ਵਿੱਚ ਨਿਯੁਕਤੀ ਦੇ ਕੇ ਉਨ੍ਹਾਂ ਦੀ ਬਾਰਡਰ ਤੇ ਪੈਂਦੇ ਪੱਟੀ ਇਲਾਕੇ ਵਿੱਚ ਪੋਸਟਿੰਗ ਦੇ ਆਰਡਰ ਵੀ ਹੱਥੋਂ ਹੱਥ ਫੜ੍ਹਾ ਦਿੱਤੇ ਗਏ| ਇਨ੍ਹਾਂ ਵਿੱਚੋਂ 21 ਨਿਯੁਕਤੀਆਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਚੋਣ ਹਲਕੇ ਜਲਾਲਾਬਾਦ ਵਿੱਚ ਰਹਿਣ ਵਾਲਿਆਂ ਦੀਆਂ ਕੀਤੀਆਂ ਗਈਆਂ ਹਨ, ਜਦਕਿ ਇਕ ਅਬੋਹਰ ਉਪ ਮੰਡਲ ਦਾ ਵਾਸੀ ਹੈ|
ਜਾਖੜ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ ਹੋਈਆਂ   ਬੇਨਿਯਮੀਆਂ ਦਾ ਰਿਕਾਰਡ ਤੋੜਦਿਆਂ ਗ੍ਰਹਿ ਵਿਭਾਗ ਦੇ ਮੁਖੀ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਪਣੇ ਚੋਣ ਹਲਕੇ ਦੇ ਵਰਕਰਾਂ ਦਾ ਚੋਣ ਜਾਬਤਾ ਲਾਗੂ ਹੋਣ ਤੋਂ ਕੁਝ ਸਮੇਂ ਪਹਿਲਾਂ ਸਰਕਾਰੀ ਨੌਕਰੀਆਂ, ਪ੍ਰਸ਼ਾਸਨਿਕ ਪ੍ਰੀਕ੍ਰਿਆ ਦੀਆਂ ਧੱਜੀਆਂ ਉਡਾਉਂਦਿਆਂ, ਦੇਣ ਦਾ ਜੋ ਇਤਿਹਾਸ ਰੱਚਿਆ ਹੈ, ਉਸ ਖਿਲਾਫ ਚੋਣ ਕਮਿਸ਼ਨ ਤੇ ਰਾਜਪਾਲ ਤੋਂ ਗੁਹਾਰ ਲਗਾਉਂਦਿਆਂ, ਅਜਿਹੇ ਸਾਰੇ ਸਿਆਸੀ ਤੁਰੰਤ ਪ੍ਰਭਾਵ ਤੋਂ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਪੁਲੀਸ ਮੁਲਾਜ਼ਮਾਂ ਦੀ ਭਰਤੀ ਦੇ ਬਹਾਨੇ ਪੰਜਾਬ ਸਰਕਾਰ ਨੇ ਸਾਢੇ 6 ਲੱਖ ਬੇਰੁਜ਼ਗਾਰ ਨੌਜ਼ਵਾਨਾਂ ਤੇ ਔਰਤਾਂ ਤੋਂ ਪੈਸੇ ਬਟੋਰੇ, ਜਦਕਿ 7 ਹਜ਼ਾਰ ਤੋਂ ਘੱਟ ਪੁਲਿਸ ਮੁਲਾਜ਼ਮ ਭਰਤੀ ਕੀਤੇ ਜਾਣੇ ਸਨ| ਬਾਕੀ ਦੀ ਪ੍ਰੀਕ੍ਰਿਆ ਤਾਂ ਹਾਲੇ ਅਧੂਰੀ ਪਈ ਹੈ, ਲੇਕਿਨ 22 ਦਸੰਬਰ ਨੂੰ ਸਿਆਸੀ ਵਰਕਰਾਂ ਨੂੰ ਅਨੁਚਿਤ ਲਾਭ ਪਹੁੰਚਾਉਣ ਲਈ ਡਿਪਟੀ ਮੁੱਖ ਮੰਤਰੀ ਨੇ ਪੂਰੇ ਪੰਜਾਬ ਦੇ ਨੌਜ਼ਵਾਨਾਂ ਨੂੰ ਨਜਰਅੰਦਾਜ ਕਰਦਿਆਂ ਸਰਹੱਦੀ ਜਿਲ੍ਹਿਆਂ ਵਿੱਚ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ| ਸੱਤਾਧਾਰੀ ਅਕਾਲੀ ਦਲ ਨਾਲ ਜੁੜੇ ਪਰਿਵਾਰਾਂ ਤੋਂ ਇਹ ਉਮੀਦ ਰੱਖਣਾ ਵਿਅਰਥ ਹੈ ਕਿ ਉਹ ਸਰਹੱਦੀ ਇਲਾਕੇ ਦੀਆਂ ਅਨੁਚਿਤ ਗਤੀਵਿਧੀਆਂ ਤੇ ਨਜ਼ਰ ਰੱਖ ਪਾਉਣਗੇ|

Leave a Reply

Your email address will not be published. Required fields are marked *