ਇੰਪੀਰੀਅਲ ਗਾਰਡਨ ਵਿੱਚ ਡਿੱਗੀ ਬਿਲਡਿੰਗ ਦਾ ਸਰੀਆ ਅਤੇ ਸ਼ਟਰਿੰਗ ਮੌਕੇ ਤੋਂ ਗਾਇਬ

ਇੰਪੀਰੀਅਲ ਗਾਰਡਨ ਵਿੱਚ ਡਿੱਗੀ ਬਿਲਡਿੰਗ ਦਾ ਸਰੀਆ ਅਤੇ ਸ਼ਟਰਿੰਗ ਮੌਕੇ ਤੋਂ ਗਾਇਬ
ਨਗਰ ਕੌਸਲ ਤੇ ਪੁਲੀਸ ਨੇ ਜਿੰਮੇਵਾਰੀ ਤੋਂ ਪੱਲਾ ਝਾੜਿਆ
ਜੀਰਕਪੁਰ, 28 ਅਪ੍ਰੈਲ (ਦੀਪਕ ਸ਼ਰਮਾ) ਬੀਤੇ ਦਿਨੀਂ ਜੀਰਕਪੁਰ ਦੇ ਪੀਰਮੁਛੱਲਾ ਦੇ ਇੰਪੀਰੀਅਲ ਗਾਰਡਨ ਵਿੱਚ ਇੱਕ 18 ਫਲੈਟਾਂ ਵਾਲੀ ਇਮਾਰਤ ਢਹਿ ਢੇਰੀ ਹੋ ਜਾਣ ਤੋਂ ਬਾਅਦ ਜਿੱਥੇ ਸਬੰਧਿਤ ਬਿਲਡਰਾਂ ਅਤੇ ਠੇਕੇਦਾਰਾਂ ਦੇ ਸਾਹ ਸੂਤੇ ਪਏ ਸਨ ਉੱਥੇ ਸਥਾਨਕ ਨਗਰ ਕੌਸਲ ਅਤੇ ਪੁਲੀਸ ਵਿਭਾਗ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਸੀ| ਜਾਣਕਾਰੀ ਦੇ ਮੁਤਾਬਿਕ ਬਿਲਡਿੰਗ ਡਿੱਗਣ ਤੋਂ ਬਾਅਦ ਇਸ ਵਿੱਚ ਲੱਗਿਆ ਸ਼ਟਰਿੰਗ ਦਾ ਸਮਾਨ ਸਬੰਧਿਤ ਠੇਕੇਦਾਰਾਂ ਵੱਲਂੋ ਇਕੱਠਾ ਕਰਵਾ ਲਿਆ ਗਿਆ ਸੀ ਅਤੇ ਮੌਕੇ ਤੇ ਮੌਜੂਦ ਨਗਰ ਕੌਸਲ ਦੇ ਅਧਿਕਾਰੀਆਂ ਅਤੇ ਪੁਲੀਸ ਦੀ ਨੱਕ ਦੇ ਥੱਲੇ ਉਹ ਠੇਕੇਦਾਰ ਆਪਣਾ ਲੱਖਾਂ ਰੁਪਏ ਦਾ ਸ਼ਟਰਿੰਗ ਦਾ ਸਮਾਨ ਲੈ ਕੇ ਜਾਣ ਵਿੱਚ ਕਾਮਯਾਬ ਹੋ ਗਿਆ| ਮੌਕੇ ਤੇ ਮੌਜੂਦ ਮੀਡੀਆ ਵੱਲੋਂ ਜਦਂੋ ਸਬੰਧਿਤ ਸ਼ਟਰਿੰਗ ਦੇ ਠੇਕੇਦਾਰ ਤੋਂ ਕੇਸ ਪ੍ਰਾਪਰਟੀ ਹੋਣ ਦੇ ਬਾਵਜੂਦ ਉਸ ਨੂੰ ਸਮਾਨ ਚੁੱਕਣ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਇਹ ਸ਼ਟਰਿੰਗ ਦਾ ਸਮਾਨ ਉਸਨੇ ਬਿਲਡਿੰਗ ਦੇ ਠੇਕੇਦਾਰ ਨੂੰ ਕਿਰਾਏ ਤੇ ਦਿੱਤਾ ਸੀ ਅਤੇ ਹੁਣ ਬਿਲਡਿੰਗ ਡਿੱਗਣ ਕਾਰਨ ਆਪਣਾ ਸਮਾਨ ਲੈ ਕੇ ਜਾ ਰਿਹਾ ਹੈ| ਜਦੋਂ ਮਾਮਲਾ ਨਗਰ ਕੌਸਲ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾ ਨੇ ਸਬੰਧਿਤ ਸ਼ਟਰਿੰਗ ਦੇ ਠੇਕੇਦਾਰ ਨੂੰ ਸ਼ਟਰਿੰਗ ਦਾ ਸਮਾਨ ਨਾ ਲੈ ਕੇ ਜਾਣ ਲਈ ਹਦਾਇਤਾਂ ਦਿੱਤੀਆਂ ਪਰ ਉਹ ਫਿਰ ਵੀ ਥੋੜਾ ਬਹੁਤਾ ਸਮਾਨ ਛੱਡ ਕੇ ਬਾਕੀ ਸਾਰਾ ਸਮਾਨ ਲੈ ਕੇ ਰਫੂ ਚੱਕਰ ਹੋ ਗਿਆ| ਇਸ ਤੋਂ ਇਲਾਵਾ ਡਿੱਗੀ ਬਿਲਡਿੰਗ ਵਿੱਚਂੋ ਜੋ ਕਈ ਕਵੰਟਲ ਸਰੀਆ ਕੱਢਿਆ ਗਿਆ ਸੀ ਉਹ ਵੀ ਕਿਤੇ ਨਜਰ ਨਹੀਂ ਆ ਰਿਹਾ ਜਦੋਂਕਿ ਉਸ ਸਮੇਂ ਨਗਰ ਕੌਂਸਲ ਦੇ ਅਧਿਕਾਰੀ ਇਹ ਦਾਅਵਾ ਕਰਦੇ ਰਹੇ ਕਿ ਉਹ ਇਸ ਸਰੀਏ ਨੂੰ ਸੁਰੱਖਿਆ ਥਾਂ ਤੇ ਇਕੱਠਾ ਕਰਕੇ ਰੱਖ ਰਹੇ ਹਨ| ਇੱਥੇ ਇਹ ਵੀ ਦੱਸਣਯੋਗ ਹੈ ਕਿ ਕਿਸੇ ਵਿਅਕਤੀ ਦੇ ਬਿਲਡਿੰਗ ਦੇ ਮਲਬੇ ਥੱਲੇ ਦਬੇ ਹੋਣ ਦੀ ਸ਼ੰਕਾ ਨੂੰ ਧਿਆਨ ਵਿੱਚ ਰੱਖਦੇ ਹੋਏ ਜਦੋਂ ਮਲਬਾ ਹਟਾਇਆ ਜਾ ਰਿਹਾ ਸੀ ਅਤੇ ਸਰੀਆ ਇੱਕ ਪਾਸੇ ਕੀਤਾ ਜਾ ਰਿਹਾ ਸੀ ਤਾਂ ਇਸ ਕੰਮ ਨੂੰ ਕਰਨ ਲਈ ਨਗਰ ਕੌਸਲ ਵੱਲੋਂ ਕੋਈ ਪ੍ਰਬੰਧ ਨਹੀ ਕੀਤੇ ਹੋਏ ਸਨ ਬਲਕਿ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਹੀ ਇਹ ਮਲਬਾ ਹਟਾ ਕੇ ਸਰੀਆ ਅਲੱਗ ਕੀਤਾ ਜਾ ਰਿਹਾ ਸੀ|
ਜਦਂੋ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਮਨਵੀਰ ਸਿੰਘ ਗਿੱਲ ਨਾਲ ਸੰਪਰਕ ਕਰਕੇ ਇਸ ਸਮਾਨ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਇਸ ਸਮਾਨ ਦੇ ਗਾਇਬ ਹੋਣ ਦੀ ਜਿੰਮੇਵਾਰੀ ਨਗਰ ਕੌਸਲ ਪ੍ਰਸ਼ਾਸ਼ਨ ਦੀ ਨਹੀ ਬਲਕਿ ਸਥਾਨਕ ਪੁਲੀਸ ਦੀ ਹੈ, ਕਿਉਕਿ ਇਹ ਕੇਸ ਪ੍ਰਾਪਰਟੀ ਨਾਲ ਸਬੰਧਿਤ ਹੈ| ਦੂਜੇ ਪਾਸੇ ਢਕੌਲੀ ਪੁਲੀਸ ਚੌਕੀ ਇੰਚਾਰਜ ਜਗਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾ ਕਿਹਾ ਕਿ ਉਨ੍ਹਾਂ ਦਾ ਕੰਮ ਉੱਥਂੋ ਸੈਂਪਲ ਇਕੱਠੇ ਕਰਨ ਤੱਕ ਸੀਮਤ ਸੀ ਅਤੇ ਉਨ੍ਹਾਂ ਨੇ ਸੈਂਪਲ ਲੈ ਕੇ ਸਬੰਧਿਤ ਅਧਿਕਾਰੀਆਂ ਨੂੰ ਭੇਜ ਦਿੱਤੇ ਸਨ|
ਜਿਕਰਯੋਗ ਹੈ ਕਿ ਲੱਖਾਂ ਰੁਪਏ ਦਾ ਸ਼ਟਰਿੰਗ ਦਾ ਸਮਾਨ ਅਤੇ ਸਰੀਆ ਠੇਕੇਦਾਰ ਵੱਲੋਂ ਉੱਥੋਂ ਕਿਤੇ ਹੋਰ ਲਿਜਾਇਆ ਜਾ ਚੁੱਕਿਆ ਹੈ ਪਰੰਤੂ ਇਸ ਦੀ ਜਿੰਮੇਵਾਰੀ ਲੈਣ ਨੂੰ ਕੋਈ ਵੀ ਵਿਭਾਗ ਤਿਆਰ ਨਹੀ ਹੈ| ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਦੀ ਉਚ ਪੱਧਰੀ ਜਾਂਚ ਕਰਵਾ ਕੇ ਸਬੰਧਿਤ ਜਿੰਮੇਵਾਰ ਅਧਿਕਾਰੀਆਂ ਤੋਂ ਇਸ ਦੀ ਭਰਪਾਈ ਕਰਵਾਈ ਜਾਵੇ|

Leave a Reply

Your email address will not be published. Required fields are marked *