ਇੱਕ ਘੰਟਾ ਪਏ ਤੇਜ਼ ਮੀਂਹ ਕਾਰਨ ਪਾਣੀ-ਪਾਣੀ ਹੋਇਆ ਸਿਡਨੀ

ਸਿਡਨੀ, 7 ਫਰਵਰੀ (ਸ.ਬ.) ਆਸਟਰੇਲੀਅਨ ਸ਼ਹਿਰ ਸਿਡਨੀ ਵਿੱਚ ਅੱਜ ਸਵੇਰੇ ਭਾਰੀ ਮੀਂਹ ਪਿਆ| ਇਸ ਕਾਰਨ ਜਿੱਥੇ ਲੋਕਾਂ ਨੂੰ ਭਖਦੀ ਗਰਮੀ ਤੋਂ ਕੁਝ ਰਾਹਤ ਮਿਲੀ, ਉੱਥੇ ਹੀ ਇਸ ਨਾਲ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਹੜ੍ਹ ਵੀ ਆ ਗਿਆ| ਦੱਸ ਦਈਏ ਕਿ ਸਵੇਰੇ 10 ਵਜੇ ਸ਼ਹਿਰ ਵਿੱਚ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋਈਆਂ, ਜਿਹੜੀਆਂ ਕਿ ਭਿਆਨਕ ਤੂਫਾਨ ਅਤੇ ਭਾਰੀ ਮੀਂਹ ਦੀ ਇੱਕ ਚਿਤਾਵਨੀ ਸਨ| ਸਭ ਤੋਂ ਪਹਿਲਾਂ ਤੂਫਾਨ ਸਿਡਨੀ ਹਾਰਬਰ ਤੇ ਆਇਆ ਅਤੇ ਇਸ ਪਿੱਛੋਂ ਅਸਮਾਨ ਵਿੱਚ ਕਾਲੇ ਬੱਦਲ ਚੜ੍ਹ ਆਏ| ਫਿਰ ਮਿੰਟਾਂ ਵਿੱਚ ਮੀਂਹ ਸ਼ੁਰੂ ਹੋ ਗਿਆ| ਮੌਸਮ ਮਾਹਰਾਂ ਦਾ ਮੰਨਣਾ ਹੈ ਕਿ ਸ਼ਹਿਰ ਦੀਆਂ ਬਹੁਤ ਸਾਰੀਆਂ ਥਾਂਵਾਂ ਤੇ ਇੱਕ ਘੰਟੇ ਦੇ ਅੰਦਰ 40 ਮਿਲੀਮੀਟਰ ਤੱਕ ਮੀਂਹ ਪਿਆ| ਇਸ ਕਾਰਨ ਪੂਰਾ ਸ਼ਹਿਰ ਕੁਝ ਸਮੇਂ ਅੰਦਰ ਹੀ ਪਾਣੀ-ਪਾਣੀ ਹੋ ਗਿਆ ਅਤੇ ਪਿਛਲੇ ਛੇ ਮਹੀਨਿਆਂ ਦੌਰਾਨ ਇੱਥੇ ਇੱਕ ਘੰਟੇ ਅੰਦਰ ਪਿਆ ਇਹ ਸਭ ਤੋਂ ਭਾਰੀ ਅਤੇ ਤੇਜ਼ ਮੀਂਹ ਸੀ|
ਮੀਂਹ ਦੇ ਕਾਰਨ ਕਈ ਘਰਾਂ ਅੰਦਰ ਵੀ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ| ਇਸ ਦੇ ਨਾਲ ਹੀ ਸੜਕਾਂ ਵੀ ਪਾਣੀ ਨਾਲ ਭਰ ਗਈਆਂ| ਇਸ ਕਾਰਨ ਸ਼ਹਿਰ ਵਿੱਚ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ| ਇਸ ਮੌਸਮੀ ਮਾਰ ਦੇ ਕਾਰਨ ਸ਼ਹਿਰ ਵਿੱਚ ਕਈ ਥਾਂਈਂ ਇਮਾਰਤਾਂ ਦੇ ਨੁਕਸਾਨੇ ਜਾਣ ਦੀਆਂ ਖ਼ਬਰਾਂ ਵੀ ਆਈਆਂ ਹਨ|

Leave a Reply

Your email address will not be published. Required fields are marked *