ਇੱਕ ਮਹੀਨੇ ਪਹਿਲਾਂ ਬਣਾਈ ਫੇਜ਼ 10 ਦੀ ਮਾਰਕੀਟ ਦੀ ਪਾਰਕਿੰਗ ਦਾ ਲੈਵਲ ਠੀਕ ਨਾ ਹੋਣ ਕਾਰਨ ਖੜਿ੍ਹਆ ਪਾਣੀ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਸੰਬੰਧਿਤ ਵਿਅਕਤੀਆਂ ਦੇ ਖਿਲਾਫ ਕਾਰਵਾਈ ਦੀ ਮੰਗ


ਐਸ.ਏ.ਐਸ. ਨਗਰ 6 ਜਨਵਰੀ (ਸ.ਬ.) ਨਗਰ ਨਿਗਮ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੌਰਾਨ ਇਹਨਾਂ ਕੰਮਾਂ ਵਿੱਚ ਕਮੀਆਂ ਰਹਿ ਜਾਣ ਦੀਆਂ ਸ਼ਿਕਾਇਤਾਂ ਵੀ ਕਾਫੀ ਜਿਆਦਾ ਹਨ। ਨਗਰ ਨਿਗਮ ਵਲੋਂ ਪਿਛਲੇ ਦਿਨੀਂ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਦੀਆਂ ਪਾਰਕਿੰਗਾਂ ਦੀ ਮਾੜੀ ਹਾਲਤ ਵਿੱਚ ਸੁਧਾਰ ਲਈ ਇਹਨਾਂ ਪਾਰਕਿੰਗਾਂ ਵਿੱਚ ਪ੍ਰੀ ਮਿਕਸ ਪਵਾਇਆ ਗਿਆ ਸੀ ਤਾਂ ਜੋ ਲੋਕਾਂ ਨੂੰ ਬਿਹਤਰ ਪਾਰਕਿੰਗ ਦੀ ਸਹੂਲੀਅਤ ਮਿਲ ਸਕੇ ਪਰੰਤੂ ਇਹਨਾਂ ਪਾਰਕਿੰਗਾਂ ਦੀ ਉਸਾਰੀ ਦੌਰਾਨ ਕੰਮ ਕਰਨ ਵਾਲੇ ਠੇਕੇਦਾਰ ਵਲੋਂ ਲੈਵਲ ਦਾ ਧਿਆਨ ਨਾ ਰੱਖੇ ਜਾਣ ਕਾਰਨ ਇਹਨਾਂ ਵਿੱਚ ਪਾਣੀ ਖੜ੍ਹਾ ਹੋਣ ਲੱਗ ਗਿਆ ਹੈ।
ਸਥਾਨਕ ਫੇਜ਼ 10 ਦੀ ਮੁੱਖ ਮਾਰਕੀਟ ਵਿੱਚ ਬਣਾਈ ਗਈ ਨਵੀਂ ਪਾਰਕਿੰਗ ਵਿੱਚ ਬੂਥਾਂ ਵਾਲੇ ਪਾਸੇ ਕਾਫੀ ਜਿਆਦਾ ਪਾਣੀ ਖੜ੍ਹ ਗਿਆ ਹੈ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਇੱਥੇ ਪਾਣੀ ਖੜ੍ਹਾ ਰਿਹਾ ਤਾਂ ਇਹ ਪਾਰਕਿੰਗ ਬਹੁਤ ਛੇਤੀ ਟੁੱਟ ਜਾਣੀ ਹੈ। ਇਸ ਮੌਕੇ ਹਾਜਿਰ ਦੁਕਾਨਦਾਰਾਂ ਇਕਬਾਲ ਸਿੰਘ ਹਰਚਰਨ ਸਿੰਘ ਪੰਮਾਂ, ਹਰਵਿੰਦਰ ਸਿੰਘ, ਪ੍ਰਦੀਪ ਗਰਗ, ਆਕਾਸ਼ ਜੁਨੇਜਾ, ਐਚ ਐਸ ਹੰਸਪਾਲ, ਸੁਮੀਤ ਗਰਗ, ਅਕਿੰਤ ਗਰਗ ਨੇ ਕਿਹਾ ਕਿ ਪਿਛਲੇ ਮਹੀਨੇ ਹੀ ਇਹ ਪਾਰਕਿੰਗ ਬਣਾਈ ਗਈ ਹੈ ਪਰੰਤੂ ਉਸ ਵੇਲੇ ਇਸਦੇ ਲੈਵਲ ਦਾ ਧਿਆਨ ਨਾ ਰੱਖੇ ਜਾਣ ਕਾਰਨ ਹੁਣ ਇੱਥੇ ਪਾਣੀ ਖੜ੍ਹਾ ਹੋ ਗਿਆ ਹੈ। ਉਹਨਾਂ ਮੰਗ ਕੀਤੀ ਕਿ ਇਸ ਕੰਮ ਦੀ ਜਿੰਮੇਵਾਰੀ ਤੈਅ ਕਰਕੇ ਸੰਬੰਧਿਤ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *