Announcement of Congress Candidate for Punjab delayed again

ਇੱਕ ਵਾਰ ਫਿਰ ਲਮਕ ਗਈ ਕਾਂਗਰਸੀ ਉਮੀਦਵਾਰਾਂ ਦੀ ਸੂਚੀ
ਐਤਵਾਰ ਤੱਕ ਜਾਰੀ ਹੋ ਸਕਦੀ ਹੈ 75 ਦੇ ਕਰੀਬ ਉਮੀਦਵਾਰਾਂ ਦੀ ਸੂਚੀ
ਐਸ.ਏ.ਐਸ.ਨਗਰ, 14 ਦਸੰਬਰ (ਸ.ਬ.) ਪੰਜਾਬ ਵਿਧਾਨ ਸਭਾ ਲਈ ਕਾਂਗਰਸੀ ਉਮੀਦਵਾਰਾਂ ਦੀ ਅੱਜ ਜਾਰੀ ਹੋਣ ਵਾਲੀ ਸੂਚੀ ਇੱਕ ਵਾਰ ਫਿਰ ਲਮਕ ਗਈ ਹੈ ਅਤੇ ਇਸਦੇ ਹੁਣ ਅਗਲੇ 2-3 ਦਿਨਾਂ ਵਿੱਚ ਜਾਰੀ ਹੋਣ ਦੀ ਗੱਲ ਆਖੀ ਜਾ ਰਹੀ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਸਕਰੀਨਿੰਗ ਕਮੇਟੀ ਦੀ ਦਿੱਲੀ ਵਿੱਚ ਬੀਤੀ ਦੇਰ ਰਾਤ ਤੱਕ ਚਲੀ ਮੀਟਿੰਗ ਵਿੱਚ ਭਾਵੇਂ 70 ਦੇ ਕਰੀਬ ਉਮੀਦਵਾਰਾਂ ਦੇ ਨਾਵਾਂ ਤੇ ਅੰਤਿਮ ਫੈਸਲਾ ਹੋ ਗਿਆ ਹੈ ਪਰੰਤੂ ਇਕ ਦਰਜਨ ਦੇ ਕਰੀਬ ਅਜਿਹੀਆਂ ਸੀਟਾਂ ਜਿੱਥੇ 2 ਜਾਂ 3 ਦੇ ਕਰੀਬ ਤਕੜੇ ਦਾਅਵੇਦਾਰ ਹਨ, ਬਾਰੇ ਰੇੜਕਾ ਬਣਿਆ ਹੋਇਆ ਹੈ  ਅਤੇ ਇਸ ਰੇੜਕੇ ਦੇ ਹੱਲ ਲਈ ਅਜ ਸ਼ਾਮ ਨੂੰ ਚੋਣ ਸਕਰੀਨਿੰਗ  ਕਮੇਟੀ ਦੀ ਮੁੜ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਇਹਨਾਂ ਸੀਟਾਂ ਤੇ ਚੋਣ ਲੜਣ ਵਾਲੇ ਉਮੀਦਵਾਰਾਂ ਬਾਰੇ ਕੋਈ ਫੈਸਲਾ ਹੋਣ ਤੋਂ ਬਾਅਦ ਹੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਦੀ  ਸੰਭਾਵਨਾ ਹੈ|
ਹਾਲਾਂਕਿ ਕਾਂਗਰਸ ਪਾਰਟੀ ਦੇ ਸੂਤਰ ਦੱਸਦੇ ਹਨ ਕਿ ਜੇਕਰ ਅੱਜ ਸ਼ਾਮ ਹੋਣ ਵਾਲੀ ਮੀਟਿੰਗ ਵਿੱਚ ਵਿਚਾਰੀਆਂ ਜਾਣ ਵਾਲੀਆਂ ਸੀਟਾਂ ਤੇ ਚੋਣ ਲੜਣ ਵਾਲੇ ਉਮੀਦਵਾਰਾਂ ਦੇ ਨਾਵਾਂ ਤੇ ਕੋਈ ਆਮ ਸਹਿਮਤੀ ਕਾਇਮ ਨਾ ਹੋਈ ਤਾਂ ਵੀ ਅਗਲੇ ਦੋ ਤਿੰਨ ਦਿਨਾਂ ਵਿੱਚ ਪਾਰਟੀ ਹਾਈਕਮਾਨ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ               ਜਾਵੇਗੀ|
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਜਿਲ੍ਹੇ ਦੀਆਂ ਤਿੰਨ ਸੀਟਾਂ ਵਿੱਚੋਂ ਮੁਹਾਲੀ ਵਿਧਾਨਸਭਾ  ਸੀਟ ਲਈ ਸ੍ਰ. ਬਲਬੀਰ ਸਿੰਘ ਦੀ ਉਮੀਦਵਾਰੀ ਬਾਰੇ ਪਹਿਲਾਂ ਹੀ ਆਮ ਸਹਿਮਤੀ ਬਣ ਚੁੱਕੀ ਹੈ ਜਦੋਂ ਕਿ ਬਾਕੀ ਦੀਆਂ 2 ਸੀਟਾਂ ਖਰੜ ਅਤੇ ਡੇਰਾਬਸੀ ਵਿੱਚ ਐਲਾਨੇ ਜਾਣ ਵਾਲੇ ਉਮੀਦਵਾਰਾਂ ਬਾਰੇ ਰੇੜਕਾ ਕਾਇਮ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਖਰੜ ਤੋਂ ਮੌਜੂਦਾ ਵਿਧਾਇਕ ਸ੍ਰ. ਜਗਮੋਹਨ ਸਿੰਘ ਕੰਗ ਅਤੇ ਪੰਜਾਬ ਕਾਂਗਰਸ ਦੀ ਜਨਰਲ ਸਕੱਤਰ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਵਿੱਚੋਂ ਕਿਸੇ ਇੱਕ ਨਾਮ ਤੇ ਆਮ ਸਹਿਮਤੀ ਨਹੀਂ ਬਣ ਪਾਈ ਹੈ| ਇਸੇ ਤਰ੍ਹਾਂ ਡੇਰਾਬਸੀ ਸੀਟ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜਣ ਵਾਲੇ ਉਮੀਦਵਾਰ ਦੇ ਨਾਮ ਤੇ ਆਮ ਸਹਿਮਤੀ ਨਹੀਂ ਬਣ ਪਾਈ ਹੈ|
ਕਾਂਗਰਸ ਪਾਰਟੀ ਦੇ  ਸੂਤਰਾਂ ਅਨੁਸਾਰ ਇਸ ਵਾਰ ਅੱਧੀ ਦਰਜਨ ਮੌਜੂਦਾਂ ਵਿਧਾਇਕਾਂ ਦੀ ਟਿਕਟ ਕੱਟੀ  ਜਾ ਸਕਦੀ ਹੈ ਅਤੇ ਉਹਨਾਂ ਦੀ ਥਾਂ ਨਵੇਂ ਚਿਹਰੀਆਂ ਨੂੰ ਟਿਕਟ ਮਿਲ ਜਾਂਦੀ ਹੈ|  ਚੋਣ ਸਕਰੀਨਿੰਗ ਕਮੇਟੀ ਵਲੋਂ ਵੱਧ ਤੋਂ ਵੱਧ ਮਹਿਲਾਵਾਂ ਨੂੰ ਵੀ ਟਿਕਟਾਂ ਦੇਣ ਲਈ ਆਮ ਸਹਿਮਤੀ ਕਾਇਮ ਕੀਤੀ ਜਾ ਰਹੀ ਹੈ| ਸੂਤਰ ਦਸਦੇ ਹਨ ਕਿ ਪਿਛਲੇ ਸਮੇਂ ਦੌਰਾਨ ਦੂਜੀਆਂ ਪਾਰਟੀਆਂ ਤੋਂ ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ (ਖਾਸ ਕਰ ਆਕਲੀ ਦਲ ਦੇ ਵਿਧਾਇਕਾਂ) ਨੂੰ ਟਿਕਟਾਂ ਦੇਣ ਦੀ ਮਾਮਲੇ ਵਿੱਚ ਵੀ ਰੇੜਕਾ ਲੱਗ ਰਿਹਾ ਹੈ| ਇਸ ਸੰਬੰਧੀ ਜਿੱਥੇ ਚੋਣ ਕਮੇਟੀ ਦੇ ਕੁੱਝ ਮੈਂਬਰ ਕਾਂਗਰਸ ਦੇ ਵਫਾਦਾਰ ਆਗੂਆਂ ਦਾ ਹੱਕ ਮਾਰੇ ਜਾਣ ਦਾ ਤਰਕ ਦਿੰਦੇ ਹਨ ਉੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਹੋਰਨਾਂ ਪਾਰਟੀਆਂ ਤੋਂ ਆਏ ਅਜਿਹੇ ਆਗੂ ਜਿਹੜੇ ਸੀਟ ਜਿੱਤਣ ਦੀ ਵੱਧ ਸਮਰਥਾ ਰੱਖਦੇ ਹਨ, ਨੂੰ ਟਿਕਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ|
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਦਿੱਲੀ ਵਿੱਚ ਹੋਣ ਵਾਲੀ ਮੀਟਿੰਗ ਤੋਂ ਬਾਅਦ ਜਿੰਨੇ ਉਮੀਦਵਾਰਾਂ ਦੇ ਨਾਵਾਂ ਤੇ ਆਮ ਸਹਿਮਤੀ ਕਾਇਮ ਹੋ ਗਈ ਉਹਨਾਂ ਦਾ ਐਲਾਨ ਐਤਵਾਰ ਤੱਕ ਕਰ ਦਿੱਤਾ ਜਾਵੇਗਾ ਜਦੋਂ ਕਿ ਬਾਕੀ ਦੇ ਉਮੀਦਵਾਰਾਂ ਬਾਰੇ ਫੈਸਲਾ ਕੁੱਝ ਹੋਰ ਸਮਾਂ ਲਮਕ ਸਕਦਾ ਹੈ|

Leave a Reply

Your email address will not be published. Required fields are marked *