ਈ ਐਸ ਆਈ ਹਸਪਤਾਲ ਵਲੋਂ ਮਰੀਜਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਰੈਫਰ ਕੀਤੇ ਜਾਣ ਕਾਰਨ ਮਰੀਜਾਂ ਨੂੰ ਪੱਲਿਊਂ ਖਰਚ ਕਰਨੀ ਪੈਂਦੀ ਹੈ ਮੋਟੀ ਰਕਮ

ਈ ਐਸ ਆਈ ਹਸਪਤਾਲ ਵਲੋਂ ਮਰੀਜਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਰੈਫਰ ਕੀਤੇ ਜਾਣ ਕਾਰਨ ਮਰੀਜਾਂ ਨੂੰ ਪੱਲਿਊਂ ਖਰਚ ਕਰਨੀ ਪੈਂਦੀ ਹੈ ਮੋਟੀ ਰਕਮ
ਐਂਬੂਲੈਂਸ ਦੀ ਸੁਵਿਧਾ ਨਾ ਹੋਣ ਕਾਰਨ ਮਰੀਜਾਂ ਨੂੰ ਪੱਲਿਊਂ ਪੈਸੇ ਖਰਚ ਕੇ ਬੁਲਾਉਣੀ ਪੈਂਦੀ ਹੈ ਪਾਈਵੇਟ ਐਂਬੂਲੈਂਸ
ਐਸ.ਏ.ਐਸ ਨਗਰ , 25 ਅਗਸਤ (ਆਰ.ਪੀ.ਵਾਲੀਆ) ਸਥਾਨਕ ਉਦਯੋਗਿਕ ਖੇਤਰ ਦੇ ਡਾਕਟਰਾਂ ਵਲੋਂ ਭਾਵੇਂ ਇੱਥੇ ਆਉਣ ਵਾਲੇ ਮਰੀਜਾਂ ਨੂੰਵਧੀਆ ਸਿਹਤ ਸੁਵਿਧਾਵਾਂ ਮੁਹਈਆ ਕਰਵਾਉਣ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਪਿਛਲੇ ਸਮੇਂ ਦੌਰਾਨ ਹਸਪਤਾਲ ਦੀ ਅੰਦਰੂਨੀ ਹਾਲਤ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ ਪਰੰਤੂ ਇਸਦੇ ਬਾਵਜੂਦ ਇੱਥੇ ਆਉਣ ਵਾਲੇ ਮਰੀਜਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ|
ਇਸ ਸੰਬੰਧੀ ਈ ਐਸ ਆਈ ਹਸਪਤਾਲ ਦੀ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਐਡਵੋਕੇਟ ਜਸਬੀਰ ਸਿੰਘ ਨੇ ਦੱਸਿਆ ਕਿ ਈ ਐਸ ਆਈ ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ਦੀ ਸਭਤੋਂ ਵੱਡੀ ਸਮੱਸਿਆ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਭੇਜੇ ਜਾਣ ਦੀ ਹੈ ਜਿੱਥੇ ਕੈਸ਼ਲੈਸ ਦੀ ਸੁਵਿਧਾ ਨਾ ਹੋਣ ਕਾਰਨ ਮਰੀਜਾਂ ਨੂੰ ਪੱਲਿਓਂ ਪੈਸੇ ਖਰਚ ਕੇ ਇਲਾਜ ਕਰਵਾਉਣਾ ਪੈਂਦਾ ਹੈ ਅਤੇ ਫਿਰ ਦੋ ਦੋ ਸਾਲ ਤਕ ਇਸ ਰਕਮ ਦੀ ਪ੍ਰਾਪਤੀ ਲਈ ਈ ਐਸ ਆਈ ਦ ਗੇੜੇ ਮਾਰਨੇ ਪੈਂਦੇ ਹਨ| ਉਹਨਾਂ ਦੱਸਿਆ ਕਿ ਇਸ ਸੰਬੰਧੀ ਹਸਪਤਾਲ ਦੇ ਐਸ ਐਮ ਓ ਤੋਂ ਕਈ ਵਾਰ ਮੰਗ ਕੀਤੀ ਜਾ ਚੁੱਕੀ ਹੈ ਕਿ ਜਾਂ ਤਾਂ ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ਦਾ ਖੁਦ ਇਲਾਜ ਕੀਤਾ ਜਾਵੇ ਜਾਂ ਫਿਰ ਉਹਨਾਂ ਨੂੰ ਕੈਸ਼ਲੈਸ ਸੁਵਿਧਾ ਵਾਲੇ ਹਸਪਤਾਲਾਂ ਵਿੱਚ ਹੀ ਰੈਫਰ ਕੀਤਾ ਜਾਵੇ ਪਰੰਤੂ ਇਸਦੇ ਬਾਵਜੂਦ ਮਰੀਜਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ|
ਉਹਨਾਂ ਕਿਹਾ ਕਿ ਹਸਪਤਾਲ ਦੀ ਐਂਬੁਲੇਂਸ ਪਿਛਲੇ 10 ਸਾਲਾਂ ਤੋਂ ਖੜ੍ਹੀ ਖੜ੍ਹੀ ਕੰਡਮ ਹੋ ਗਈ ਅਤੇ ਇਸ ਦੌਰਾਨ ਦੋ ਸਰਕਾਰਾਂ ਵੀ ਬਦਲ ਗਈਆਂ ਪਰੰਤੂ ਈ ਐਸ ਆਈ ਹਸਪਤਾਲ ਨੂੰ ਐਂਬੂਲੈਂਸ ਦਾ ਡ੍ਰਾਈਵਰ ਨਹੀਂ ਜੁੜਿਆ ਜਿਸ ਕਾਰਨ ਇੱਥੋਂ ਰੈਫਰ ਹੋ ਕੇ ਜਾਣ ਵਾਲੇ ਗੰਭੀਰ ਮਰੀਜਾਂ ਨੂੰ ਪੱਲਿਓਂ ਪੈਸੇ ਖਰਚ ਕੇ ਬਾਹਰੋਂ ਐਬੂਲੈਂਸ ਮੰਗਵਾਉਣੀ ਪੈਂਦੀ ਹੈ| ਉਹਨਾਂ ਕਿਹਾ ਕਿ ਇਹੀ ਹਾਲ ਅਲਟ੍ਰਾ ਸਾਉਂਡ ਮਸ਼ੀਨ ਦਾ ਹੈ ਜਿਸਨੂੰ ਚਲਾਉਣ ਵਾਲਾ ਡਾਕਟਰ ਮੌਜੂਦ ਨਾ ਹੋਣ ਕਾਰਨ ਮਰੀਜਾਂ ਨੂੰ ਉਸਦਾ ਕੋਈ ਫਾਇਦਾ ਨਹੀਂ ਮਿਲਦਾ|
ਇਸ ਸਬੰਧੀ ਈ ਐਸ ਆਈ ਹਸਪਤਾਲ ਦੇ ਐਸ ਐਮ ਓ ਡਾ: ਦਰਸ਼ਨ ਸਿੰਘ ਨੇ ਦੱਸਿਆ ਕਿ ਮਰੀਜਾਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਹੀ ਰੈਫਰ ਕੀਤਾ ਜਾਂਦਾ ਹੈ| ਉਹਨਾ ਕਿਹਾ ਹੈ ਕਿ ਹਸਪਤਾਲ ਤੋਂ ਸਿਰਫ ਉਹੀ ਮਰੀਜ ਰੈਫਰ ਕੀਤੇ ਜਾਂਦੇ ਹਨ ਜਿਹਨਾਂ ਦਾ ਇਲਾਜ ਇੱਥੇ ਸੰਭਵ ਨਹੀਂ ਹੁੰਦਾ ਅਤੇ ਗੰਭੀਰ ਬਿਮਾਰੀਆਂ ਆਨਕੋਲੋਜੀ, ਨੈਫਰੋਲੋਜੀ, ਕਾਰਡੀਓਲੋਜੀ, ਨਿਉਰੋਲੋਜੀ ਆਦਿ ਦੇ ਮਰੀਜਾਂ ਨੂੰ ਕੈਸ਼ਲੈਸ ਹਸਪਤਾਲਾਂ (ਇੰਡਸ ਹਸਪਤਾਲ, ਸੋਹਾਣਾ ਹਸਪਤਾਲ, ਮੁਕਟ ਹਸਪਤਾਲ ਚੰਡੀਗੜ੍ਹ, ਗ੍ਰੇਸ਼ੀਅਨ ਹਸਪਤਾਲ ਮੁਹਾਲੀ ਅਤੇ ਇੰਡਸ ਹਸਪਤਾਲ ਡੇਰਾ ਬਸੀ) ਵਿੱਚ ਰੈਫਰ ਕੀਤਾ ਜਾਂਦਾ ਹੈ| ਇਸਤੋਂ ਇਲਾਵਾ ਐਮ. ਆਰ. ਆਈ, ਸੀਟੀ ਸਕੈਨ, ਇੰਡੋ ਸਕੋਪੀ, ਪੈਟ ਸਕੈਨ ਆਦਿ ਲਈ ਮਰੀਜਾਂ ਨੂੰ ਸੁਪਰਬ ਹਸਪਤਾਲ, ਸੀ ਟੀ ਸਕੈਨ ਸੈਕਟਰ 8 ਚੰਡੀਗੜ੍ਹ, ਸਪਾਇਰਲ ਚੰਡੀਗੜ੍ਹ ਅਤੇ ਮਾਇਓ ਹਸਪਤਾਲ ਰੈਫਰ ਕੀਤਾ ਜਾਂਦਾ ਹਨ|
ਐਂਬੂਲਸ ਬਾਰੇ ਉਹਨਾਂ ਕਿਹਾ ਕਿ ਉਹਨਾਂ ਦਾ ਫੋਰਟਿਸ ਹਸਪਤਾਲ ਨਾਲ ਟਾਈਅੱਪ ਹੋ ਚੁੱਕਿਆ ਹੈ ਅਤੇ ਲੋੜ ਪੈਣ ਤੇ ਉੱਥੋਂ ਤੁਰੰਤ ਐਂਬੁਲੈਸ ਭੇਜ ਦਿੱਤੀ ਜਾਂਦੀ ਹੈ| ਇਸਤੋਂ ਇਲਾਵਾ 108 ਨੰ: ਵਾਲੀ ਐਂਬੂਲਸ ਵੀ ਆ ਜਾਂਦੀ ਹੈ| ਉਹਨਾਂ ਕਿਹਾ ਕਿ ਹਸਪਤਾਲ ਦੀ ਆਪਣੀ ਐਂਬੂਲੈਂਸ ਦਾ ਪ੍ਰਬੰਧ ਕਰਨ ਲਈ ਵੀ ਉੱਚ-ਅਧਿਕਾਰੀਆਂ ਨੂੰ ਪੱਤਰ ਭੇਜਿਆ ਗਿਆ ਹੈ|
ਉਹਨਾਂ ਕਿਹਾ ਕਿ ਹੁਣ ਹਸਪਤਾਲ ਵਿੱਚ ਕਾਫੀ ਚੰਗੇ ਡਾਕਟਰ ਆ ਗਏ ਹਨ ਅਤੇ ਇੱਥੇ ਹਰ ਤਰ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ| ਇੱਥੇ ਮੇਜਰ ਆਪਰੇਸ਼ਨ ਵੀ ਕੀਤੇ ਜਾ ਰਹੇ ਹਨ ਅਤੇ ਡਿਜੀਟਲ ਲੈਬਾਰਟਰੀ ਅਤੇ ਡਿਜੀਟਲ ਐਕਸਰੇ ਲੈਬ ਵਿੱਚ ਮਰੀਜਾਂ ਦੀ ਜਾਂਚ ਦਾ ਪੂਰਾ ਪ੍ਰਬੰਧ ਹੈ| ਅਲਟ੍ਰਾ ਸਾਊਂਡ ਮਸ਼ੀਨ ਬਾਰੇ ਉਹਨਾਂ ਕਿਹਾ ਕਿ ਇਸ ਸੰਬੰਧੀ ਇੱਥੇ ਡਾਕਟਰ ਦੀ ਤੈਨਾਤੀ ਲਈ ਲਿਖ ਕੇ ਭੇਜਿਆ ਹੋਇਆ ਹੈ ਅਤੇ ਉੱਚ ਅਧਿਕਾਰੀਆਂ ਵਲੋਂ ਛੇਤੀ ਡਾਕਟਰ ਦੀ ਤੈਨਾਤੀ ਦਾ ਭਰੋਸਾ ਦਿੱਤਾ ਗਿਆ ਹੈ|

Leave a Reply

Your email address will not be published. Required fields are marked *