ਉਚਿਤ ਮੈਡੀਕਲ ਦੇਖਭਾਲ ਅਤੇ ਸਕਾਰਾਤਮਕ ਰਹਿ ਕੇ ਮਰੀਜ ਕਿਸੇ ਵੀ ਬਿਮਾਰੀ ਤੋਂ ਉਭਰ ਸਕਦੇ ਹਨ: ਤਾਹਿਰਾ ਕਸ਼ਯਪ

ਐਸ ਏ ਐਸ ਨਗਰ, 9 ਨਵੰਬਰ (ਸ.ਬ.)ਲਗਾਤਾਰ ਮੈਡੀਕਲ ਦੇਖਭਾਲ ਅਤੇ ਸਕਾਰਾਤਮਕ ਰਹਿੰਦੇ ਹੋਏ ਮਰੀਜ ਕਿਸੇ ਵੀ ਬਿਮਾਰੀ ਤੋਂ ਉਭਰ ਸਕਦੇ ਹਨ| ਇਹ ਗੱਲ ਲੇਖਕਾ ਅਤੇ ਡਾਇਰੈਕਟਰ ਤਾਹਿਰਾ ਕਸ਼ਯਪ ਨੇ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਰੋਟਰੀ ਚੰਡੀਗੜ੍ਹ ਸ਼ਿਵਾਲਿਕ (ਆਰਸੀਐਸ) ਵਲੋਂ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਆਖੀ| ਪ੍ਰੋਗਰਾਮ ਵਿੱਚ ਤਾਹਿਰਾ ਆਰਸੀਐਸ ਦੀ ਸ਼ਾਂਤੀ ਭਨੋਟ ਅਤੇ ਫੋਰਟਿਸ ਹਸਪਤਾਲ ਮੁਹਾਲੀ ਦੇ ਬ੍ਰੈਸਟ, ਐਂਡੋਕ੍ਰਾਇਨ, ਜਨਰਲ ਅਤੇ ਲੈਪਰੋਸਕੋਪਿਕ ਸਰਜਰੀ ਦੇ ਮਾਹਿਰ ਡਾ. ਅਤੁਲ ਜੋਸ਼ੀ ਨਾਲ ਇੱਕ ਵਿਸ਼ੇਸ ਸਿਹਤ ਜਾਗਰੁਕਤਾ ਸ਼ੈਸ਼ਨ ਦੌਰਾਨ ਗੱਲ ਕਰ ਰਹੇ ਸਨ|
ਆਪਣੇ ਨਿੱਜੀ ਅਨੁਭਵ ਬਾਰੇ ਗੱਲ ਕਰਦਿਆਂ ਤਾਹਿਰਾ ਨੇ ਕਿਹਾ ਕਿ ਉਹਨਾਂ ਦੇ ਸੱਜੇ ਬ੍ਰੈਸਟ ਵਿੱਚ ਕੈਂਸਰ ਹੋਣ ਦਾ ਪਤਾ ਲੱਗਾ ਸੀ| ਇਸ ਸਟੇਜ ਵਿੱਚ ਇੱਕ ਅਹਿਮ ਖੇਤਰ ਵਿੱਚ ਕੈਂਸਰ ਕੋਸਿਕਾਵਾਂ ਤੇਜੀ ਨਾਲ ਵਧਦੀਆਂ ਹਨ| ਉਹਨਾਂ ਕਿਹਾ ਕਿ ਜਦੋਂ ਇਸ ਗੱਲ ਦੀ ਪੁਸ਼ਟੀ ਹੋਈ ਤਾਂ ਉਹਨਾਂ ਨੇ ਇਸਦਾ ਇਲਾਜ ਕਰਨ ਦੇ ਨਾਲ ਹੀ ਆਪਣੇ ਪਤੀ ਨਾਲ ਇੱਕ ਖੁਸ਼ਹਾਲ ਜੀਵਨ ਜਿਊਣ ਦਾ ਫੈਸਲਾ ਕੀਤਾ| ਉਹਨਾਂ ਕਿਹਾ ਕਿ ਜਾਂਚ ਤੋਂ ਬਾਅਦ ਘਰ ਜਾਣ ਅਤੇ ਇਸਦੇ ਬਾਰੇ ਵਿੱਚ ਫਿਕਰਮੰਦ ਹੋਣ ਦੀ ਥਾਂ ਉਹ ਉਸ ਸ਼ਾਮ ਨੂੰ ਇੱਕ ਫਿਲਮ ਦੇਖਣ ਗਏ ਅਤੇ ਫਿਰ ਆਪਰੇਸ਼ਨ ਦੀ ਤਰੀਕ ਮਿਲ ਗਈ|
ਇਸ ਮੌਕੇ ਡਾ. ਅਤੁਲ ਜੋਸ਼ੀ ਨੇ ਕਿਹਾ ਕਿ ਬ੍ਰੈਸਟ ਕੈਂਸਰ ਔਰਤਾਂ ਵਿੱਚ ਸਭ ਤੋਂ ਆਮ ਕੈਂਸਰ ਵਿਚੋਂ ਇੱਕ ਬਣ ਗਿਆ ਹੈ| ਭਾਰਤ ਵਿੱਚ ਇਹ ਪੱਛਮ ਦੀ ਤੁਲਨਾ ਵਿੱਚ ਇੱਕ ਦਹਾਕੇ ਪਹਿਲਾਂ ਔਰਤਾਂ ਵਿੱਚ ਹਮਲਾ ਕਰਦਾ ਹੈ| ਇਸ ਬਿਮਾਰੀ ਦਾ ਇੱਕ ਹੋਰ ਨਕਾਰਾਤਮਕ ਪੱਖ ਇਹ ਹੈ ਕਿ ਔਰਤਾਂ ਦੇਰੀ ਨਾਲ ਇਲਾਜ ਸ਼ੁਰੂ ਕਰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਇਸਦਾ ਪਤਾ ਵੀ ਦੇਰੀ ਨਾਲ ਲਗਦਾ ਹੈ| ਰੋਟਰੀ ਚੰਡੀਗੜ੍ਹ ਸ਼ਿਵਾਲਿਕ ਨੇ ਤਾਹਿਰਾ ਨੂੰ ਆਪਣੇ ਸਾਹਸ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਦੇ ਲਈ ਸਨਮਾਨਿਤ ਕੀਤਾ| ਇਸ ਮੌਕੇ ਆਰਸੀਐਸ ਦੇ ਡਾ. ਤਰਲੋਚਨ ਸਿੰਘ ਨੰਦਾ, ਸਕੱਤਰ ਮੀਨਾਕਸ਼ੀ ਗੁਪਤਾ ਵੀ ਹਾਜਿਰ ਸਨ|

Leave a Reply

Your email address will not be published. Required fields are marked *