ਉਤਰੀ ਕੋਰੀਆ ਜਲਦੀ ਵਾਪਸ ਕਰੇਗਾ ਅਮਰੀਕੀ ਫੌਜੀਆਂ ਦੇ ਅਵਸ਼ੇਸ਼

ਵਾਸ਼ਿੰਗਟਨ, 20 ਜੂਨ (ਸ.ਬ.) ਉਤਰੀ ਕੋਰੀਆ 50 ਦੇ ਦਹਾਕੇ ਵਿਚ ਹੋਏ ਉਤਰੀ ਕੋਰੀਆਈ ਯੁੱਧ ਦੌਰਾਨ ਮਾਰੇ ਗਏ ਅਮਰੀਕੀ ਫੌਜੀਆਂ ਦੇ ਅਵਸ਼ੇਸ਼ਾਂ ਦੇ 200 ਸੈਟਾਂ ਵਿਚੋਂ ਪਹਿਲਾ ਅਮਰੀਕਾ ਨੂੰ ਜਲਦੀ ਹੀ ਵਾਪਸ ਦੇ ਸਕਦਾ ਹੈ| ਇਕ ਅਮਰੀਕੀ ਅਧਿਕਾਰੀ ਨੇ ਅੱਜ ਦੱਸਿਆ ਕਿ ਇਸ ਬਾਰੇ ਬੀਤੇ ਹਫਤੇ ਕਿਮ ਜੋਂਗ-ਉਨ ਅਤੇ ਡੋਨਾਲਡ ਟਰੰਪ ਵਿਚਕਾਰ ਸਮਝੌਤਾ ਹੋਇਆ ਸੀ| ਸਿੰਗਾਪੁਰ ਵਿਚ 12 ਜੂਨ ਨੂੰ ਹੋਈ ਇਤਿਹਾਸਿਕ ਸ਼ਿਖਰ ਬੈਠਕ ਦੌਰਾਨ ਅਮਰੀਕਾ ਅਤੇ ਉਤਰੀ ਕੋਰੀਆ ਦੇ ਨੇਤਾਵਾਂ ਵਿਚਕਾਰ ਅਵਸ਼ੇਸ਼ ਵਾਪਸ ਕਰਨ ਤੇ ਸਹਿਮਤੀ ਬਣੀ ਸੀ| ਕੋਰੀਆਈ ਯੁੱਧ ਸਾਲ 1950 ਤੋਂ ਸਾਲ 1953 ਤੱਕ ਚੱਲਿਆ ਸੀ|
ਯੁੱਧ ਦੌਰਾਨ ਲਾਪਤਾ ਹੋਏ ਅਮਰੀਕੀ ਫੌਜੀਆਂ ਦੇ ਸੰਬੰਧ ਵਿਚ ਇਕ ਫੈਕਟਸ਼ੀਟ ਵਿਚ ਪੇਂਟਾਗਨ ਨੇ ਕਿਹਾ ਕਿ ਪਹਿਲਾਂ ਕਈ ਮੌਕਿਆਂ ਤੇ ਡੀ.ਪੀ.ਆਰ.ਕੇ. ਦੇ ਅਧਿਕਾਰੀਆਂ ਨੇ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਕੋਲ ਬੀਤੇ ਕਈ ਸਾਲਾਂ ਤੋਂ ਅਮਰੀਕੀ ਫੌਜੀਆਂ ਦੇ ਅਵਸ਼ੇਸ਼ਾਂ ਦੇ 200 ਸੈਟ ਹਨ| ਇਸ ਫੈਕਟਸ਼ੀਟ ਵਿਚ ਦੱਸਿਆ ਗਿਆ ਹੈ ਕਿ ਸਾਲ 1990 ਦੇ ਦਹਾਕੇ ਦੀ ਸ਼ੁਰੂਆਤ ਵਿਚ ਵੀ ਅਵਸ਼ੇਸ਼ ਵਾਪਸ ਕੀਤੇ ਗਏ ਸਨ| ਪੇਂਟਾਗਨ ਮੁਤਾਬਕ ਯੁੱਧ ਦੌਰਾਨ ਕੋਰੀਆਈ ਪ੍ਰਾਇਦੀਪ ਵਿਚ 35,000 ਤੋਂ ਜ਼ਿਆਦਾ ਅਮਰੀਕੀ ਫੌਜੀ ਜਵਾਨ ਮਾਰੇ ਗਏ ਸਨ| ਮੰਨਿਆ ਜਾਂਦਾ ਹੈ ਕਿ ਉਨ੍ਹਾਂ ਵਿਚੋਂ 7,700 ਹੁਣ ਵੀ ਲਾਪਤਾ ਹਨ,ਜਿਨ੍ਹਾਂ ਵਿਚੋਂ 5,300 ਇਕੱਲੇ ਉਤਰੀ ਕੋਰੀਆ ਵਿਚ ਲਾਪਤਾ ਹੋਏ| ਸਾਲ 1990 ਤੋਂ ਸਾਲ 2005 ਵਿਚਕਾਰ ਉਤਰੀ ਕੋਰੀਆ ਨੇ ਪਹਿਲਾਂ ਦੇ ਇਕ ਸਮਝੌਤੇ ਤਹਿਤ ਅਮਰੀਕਾ ਨੂੰ ਅਵਸ਼ੇਸ਼ਾਂ ਦੇ 229 ਸੈਟ ਵਾਪਸ ਕਰਨ ਦੀ ਮਨਜ਼ੂਰੀ ਦਿੱਤੀ ਸੀ| ਪਰ ਦੋਹਾਂ ਦੇਸ਼ਾਂ ਵਿਚਕਾਰ ਸੰਬੰਧ ਖਰਾਬ ਹੋਣ ਦੇ ਬਾਅਦ ਇਹ ਸਮਝੌਤਾ ਰੱਦ ਕਰ ਦਿੱਤਾ ਗਿਆ ਸੀ|

Leave a Reply

Your email address will not be published. Required fields are marked *