ਉਤਰੀ ਕੋਰੀਆ ਨੂੰ ਲੈ ਕੇ ਕੁਝ ਤਾਂ ਕੀਤਾ ਜਾਣਾ ਚਾਹੀਦੈ : ਟਰੰਪ

ਵਾਸ਼ਿੰਗਟਨ, 12 ਅਕਤੂਬਰ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਤਰੀ ਕੋਰੀਆ ਨੂੰ ਲੈ ਕੇ ਕੁਝ ਤਾਂ ਕੀਤਾ ਜਾਣਾ ਚਾਹੀਦਾ ਹੈ| ਉਨ੍ਹਾਂ ਨੇ ਕਿਹਾ ਕਿ ਉਤਰੀ ਕੋਰੀਆ ਵਲੋਂ ਕੀਤੇ ਗਏ ਮਿਜ਼ਾਈਲ ਅਤੇ ਪਰਮਾਣੂ ਪਰੀਖਣਾਂ ਤੇ ਉਨ੍ਹਾਂ ਦਾ ਨਜ਼ਰੀਆ ਵੱਖਰਾ ਹੈ ਅਤੇ ਇਹ ਸਮੱਸਿਆ ਅਜਿਹੀ ਸਥਿਤੀ ਵਿਚ ਪਹੁੰਚ ਗਿਆ ਹੈ ਜਿੱਥੇ ਕੁਝ ਤਾਂ ਕੀਤਾ ਜਾਣਾ ਚਾਹੀਦਾ ਹੈ| ਉਤਰੀ ਕੋਰੀਆ ਨੇ ਇਸ ਸਾਲ ਫਰਵਰੀ ਤੋਂ ਕੀਤੇ ਗਏ 15 ਪਰੀਖਣਾਂ ਦੌਰਾਨ 22 ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ਵਿੱਚੋਂ ਦੋ ਜਾਪਾਨ ਦੇ ਉਪਰੋਂ ਹੋ ਕੇ ਲੰਘੀਆਂ|
ਉਤਰੀ ਕੋਰੀਆ ਦੇ ਇਸ ਕਦਮ ਤੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਤਿੱਖੀ ਪ੍ਰਤਿਕ੍ਰਿਆ ਦਿੱਤੀ| ਟਰੰਪ ਨੇ ਬੀਤੇ ਦਿਨੀਂ ਓਵਲ ਦਫਤਰ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਸਾਂਝੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਮੇਰਾ ਮੰਨਣਾ ਹੈ ਕਿ ਮੇਰਾ ਵੱਖਰਾ ਨਜ਼ਰੀਆ ਹੈ ਅਤੇ ਹੋਰ ਦੇਸ਼ਾਂ ਦੇ ਮੁਕਾਬਲੇ ਵੱਖਰਾ ਤਰੀਕਾ ਹੈ| ਮੈਨੂੰ ਲੱਗਦਾ ਹੈ ਕਿ ਹੋਰ ਲੋਕਾਂ ਦੇ ਮੁਕਾਬਲੇ ਸ਼ਾਇਦ ਮੈਂ ਜ਼ਿਆਦਾ ਸਖਤੀ ਨਾਲ ਸੋਚਦਾ ਹਾਂ ਪਰ ਮੈਂ ਸੁਣਦਾ ਸਾਰਿਆਂ ਦੀ ਹਾਂ| ਦੱਸਣਯੋਗ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਾਸ਼ਿੰਗਟਨ ਦੇ ਦੌਰੇ ਤੇ ਆਏ ਹੋਏ ਹਨ|
ਟਰੰਪ ਨੇ ਅੱਗੇ ਕਿਹਾ ਕਿ ਆਖਰਕਾਰ ਮੈਂ ਉਹ ਹੀ ਕਰਾਂਗਾ ਜੋ ਅਮਰੀਕਾ ਲਈ ਸਹੀ ਹੋਵੇਗਾ ਅਤੇ ਜੋ ਦੁਨੀਆਂ ਲਈ ਸਹੀ ਹੋਵੇਗਾ ਕਿਉਂਕਿ ਇਹ ਸੱਚ ਵਿੱਚ ਸੰਸਾਰਕ ਸਮੱਸਿਆ ਹੈ| ਇਕ ਸਵਾਲ ਦੇ ਜਵਾਬ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਅਜਿਹੀ ਸਮੱਸਿਆ ਹੈ, ਜਿਸ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ| ਦੁਨੀਆ ਉਤਰੀ ਕੋਰੀਆ ਨੂੰ ਲੈ ਕੇ ਇਕ ਅਜਿਹੀ ਸਥਿਤੀ ਵਿਚ ਪਹੁੰਚ ਗਈ ਹੈ, ਜਿੱਥੇ ਕੁਝ ਤਾਂ ਕੀਤਾ ਜਾਣਾ ਚਾਹੀਦਾ ਹੈ| ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਇਹ ਸਮੱਸਿਆ ਕਈ ਸਾਲ ਪਹਿਲਾਂ ਹੀ ਸੁਲਝ ਜਾਣੀ ਚਾਹੀਦੀ ਸੀ|
ਨਿਸ਼ਚਿਤ ਤੌਰ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਸ ਤੇ ਧਿਆਨ ਦੇਣਾ ਚਾਹੀਦਾ ਸੀ| ਹੁਣ ਇਹ ਸਮੱਸਿਆ ਕਾਫੀ ਹੱਦ ਤੱਕ ਵਧ ਗਈ ਹੈ| ਅਸੀਂ ਇਸ ਨੂੰ ਇੰਝ ਹੀ ਚੱਲਣ ਨਹੀਂ ਦੇ ਸਕਦੇ|

Leave a Reply

Your email address will not be published. Required fields are marked *