ਉਤਰੀ ਕੋਰੀਆ ਹੁਣ ਵੀ ਪਰਮਾਣੂ ਸਮੱਗਰੀ ਬਣਾ ਰਿਹੈ : ਪੋਂਪਿਓ

ਵਾਸ਼ਿੰਗਟਨ, 26 ਜੁਲਾਈ (ਸ.ਬ.) ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਅੱਜ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉਤਰੀ ਕੋਰੀਆ ਹੁਣ ਵੀ ਪਰਮਾਣੂ ਸਮੱਗਰੀ ਬਣਾ ਰਿਹਾ ਹੈ| ਦਰਅਸਲ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਤਰੀ ਕੋਰੀਆ ਵਲੋਂ ਪਰਮਾਣੂ ਹਮਲੇ ਦਾ ਹੁਣ ਕੋਈ ਖਤਰਾ ਨਹੀਂ ਹੈ| ਪੋਂਪਿਓ ਨੇ ਸੈਨੇਟ ਦੀ ਵਿਦੇਸ਼ ਸਬੰਧਾਂ ਦੀ ਕਮੇਟੀ ਦੇ ਸਾਹਮਣੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਹਾਂ, ਉਤਰੀ ਕੋਰੀਆ ਹੁਣ ਵੀ ਪਰਮਾਣੂ ਸਮੱਗਰੀ ਬਣਾ ਰਿਹਾ ਹੈ| ਟਰੰਪ ਨੇ 12 ਜੂਨ 2018 ਨੂੰ ਸਿੰਗਾਪੁਰ ਵਿਚ ਉਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਇਤਿਹਾਸਕ ਸਿਖਰ ਵਾਰਤਾ ਕੀਤੀ ਸੀ, ਜਿੱਥੇ ਅਮਰੀਕਾ ਨੇ ਕਿਹਾ ਸੀ ਕਿ ਕਿਮ ਪੂਰੀ ਤਰ੍ਹਾਂ ਨਾਲ ਪਰਮਾਣੂ ਖਾਤਮੇ ਲਈ ਸਹਿਮਤ ਹੋ ਗਏ ਹਨ|
ਪੋਂਪਿਓ ਨੇ ਕਿਹਾ ਕਿ ਤਰੱਕੀ ਹੋ ਰਹੀ ਹੈ ਅਤੇ ਟਰੰਪ ਉਤਰੀ ਕੋਰੀਆ ਦੇ ਪਰਮਾਣੂ ਖਾਤਮੇ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਉਤਸ਼ਾਹਤ ਹਨ| ਫਿਲਹਾਲ ਉਨ੍ਹਾਂ ਨੇ ਚਿਤਾਵਨੀ ਵੀ ਦਿੱਤੀ ਕਿ ਅਮਰੀਕਾ ਉਤਰੀ ਕੋਰੀਆ ਨਾਲ ਪਰਮਾਣੂ ਖਾਤਮੇ ਦੇ ਮੁੱਦੇ ਤੇ ਅਣਮਿੱਥੇ ਸਮੇਂ ਤਕ ਚਰਚਾ ਨਹੀਂ ਕਰੇਗਾ| ਉਨ੍ਹਾਂ ਅੱਗੇ ਕਿਹਾ ਕਿ ਅਸੀਂ ਧੀਰਜ ਰੱਖਿਆ ਹੈ ਪਰ ਇਸ ਨੂੰ ਲੰਬੇ ਸਮੇਂ ਤੱਕ ਚੱਲਣ ਨਹੀਂ ਦੇਵਾਂਗੇ| ਪੋਂਪਿਓ ਨੇ ਕਿਹਾ ਕਿ ਉਨ੍ਹਾਂ ਨੇ ਕਿਮ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਕਿਮ ਯੋਂਗ ਚੋਲ ਨਾਲ ਗੱਲਬਾਤ ਦੌਰਾਨ ਇਸ ਸਥਿਤੀ ਤੇ ਗੱਲਬਾਤ ਕੀਤੀ ਸੀ| ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕਿਮ ਜੋਂਗ ਉਨ ਸਿੰਗਾਪੁਰ ਵਿਚ ਆਪਣੀ ਵਚਨਬੱਧਤਾ ਨੂੰ ਪੂਰਾ ਕਰੇ| ਪੋਂਪਿਓ ਨੇ ਕਿਹਾ ਕਿ ਸਾਰੇ ਦੇਸ਼ ਉਤਰੀ ਕੋਰੀਆ ਵਿਰੁੱਧ ਅਮਰੀਕੀ ਪਾਬੰਦੀਆਂ ਨੂੰ ਲਾਗੂ ਕਰੇ|

Leave a Reply

Your email address will not be published. Required fields are marked *