ਉਦਯੋਗਿਕ ਖੇਤਰ ਵਿੱਚ ਮਿਲੀ ਬੱਚੇ ਦੀ ਲਾਸ਼ ਦਾ ਡਾਕਟਰਾਂ ਦੇ ਬੋਰਡ ਨੇ ਕੀਤਾ ਪੋਸਟ ਮਾਰਟਮ

ਉਦਯੋਗਿਕ ਖੇਤਰ ਵਿੱਚ ਮਿਲੀ ਬੱਚੇ ਦੀ ਲਾਸ਼ ਦਾ ਡਾਕਟਰਾਂ ਦੇ ਬੋਰਡ ਨੇ ਕੀਤਾ ਪੋਸਟ ਮਾਰਟਮ
ਪਰਿਵਾਰ ਨੇ ਕਤਲ ਦਾ ਖਦਸਾ ਜਾਹਿਰ ਕੀਤਾ
ਐਸ. ਏ. ਐਸ. ਨਗਰ, 29 (ਸ.ਬ.) ਸਥਾਨਕ ਉਦਯੋਗਿਕ ਖੇਤਰ ਫੇਜ਼-8 ਵਿੱਚ ਸਥਿਤ ਫੈਕਟ੍ਰੀਆਂ ਦੇ ਪਿਛਲੇ ਪਾਸੇ ਪਈ ਖਾਲੀ ਥਾਂ ਵਿੱਚ ਬੀਤੀ ਸ਼ਾਮ ਮਿਲੀ ਇੱਕ 11-12 ਸਾਲ ਦੇ ਬੱਚੇ ਦੀ ਲਾਸ਼ ਦੇ ਮਾਮਲੇ ਵਿੱਚ ਅੱਜ ਪੁਲੀਸ ਵੱਲੋਂ ਮ੍ਰਿਤਕ ਦੀ ਲਾਸ਼ ਦਾ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਸਟਰ ਕਰਵਾਇਆ ਜਾ ਰਿਹਾ ਹੈ| ਇਸ ਮਾਮਲੇ ਵਿੱਚ ਅੱਜ ਥਾਣਾ ਫੇਜ਼-1 ਦੇ ਐਸ. ਐਚ. ਓ ਸ੍ਰ. ਰਾਜਨ ਪਰਮਿੰਦਰ ਸਿੰਘ ਅਤੇ ਉਦਯੋਗਿਕ ਖੇਤਰ ਚੌਂਕੀ ਦੇ ਇੰਚਾਰਜ ਸਮੇਤ ਪੁਲੀਸ ਟੀਮ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਪੂਰੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਇਸ ਮਾਮਲੇ ਵਿੱਚ ਕੋਈ ਦੋਸ਼ੀ ਪਾਇਆ ਗਿਆ ਤਾਂ ਪੁਲੀਸ ਵੱਲੋਂ ਇਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ|
ਜਿਕਰਯੋਗ ਹੈ ਕਿ ਬੀਤੀ ਦੇਰ ਸ਼ਾਮ ਉਦਯੋਗਿਕ ਖੇਤਰ ਫੇਜ਼-8 ਵਿੱਚ ਬਣੀ ਊਧਮ ਸਿੰਘ ਕਾਲੋਨੀ ਦੇ ਵਸਨੀਕ ਇੱਕ 11-12 ਸਾਲ ਦੇ ਬੱਚੇ ਰਚਿਤ ਦੀ ਲਾਸ਼ ਇੱਥੇ ਨੇੜੇ ਬਣੀਆਂ ਫੈਕਟ੍ਰੀਆਂ ਦੇ ਨਾਲ ਪਈ ਖਾਲੀ ਥਾਂ ਵਿੱਚ ਮਿਲੀ ਸੀ| ਰਚਿਤ ਦੇ ਜੀਜੇ ਮੇਘ ਸਿੰਘ ਨੇ ਦੱਸਿਆ ਕਿ 28 ਮਾਰਚ ਨੂੰ ਰਚਿਤ ਸਕੂਲ ਤੋਂ ਆਉਣ ਤੋਂ ਬਾਅਦ ਦੁਪਹਿਰ ਚਾਰ ਕੁ ਵਜੇ ਰੋਜਾਨਾ ਵਾਂਗ ਖੇਡਣ ਚਲਾ ਗਿਆ ਸੀ|
ਉਹਨਾਂ ਦੱਸਿਆ ਕਿ ਕਲੋਨੀ ਦੇ ਨੇੜੇ ਸਥਿਤ ਇੱਕ ਕੇਲਾ ਫੈਕਟ੍ਰੀ ਵਾਲੇ ਅਕਸਰ ਗੁੱਛਿਆਂ ਤੋਂ ਟੁੱਟੇ ਕੇਲਿਆਂ ਨੂੰ ਬੱਚਿਆਂ ਵਿੱਚ ਵੰਡ ਦਿੰਦੇ ਹਨ ਅਤੇ ਇਸ ਕਾਰਨ ਬੱਚੇ ਉੱਥੇ ਫੈਕਟ੍ਰੀ ਵੱਲ ਖੇਡਣ ਚਲੇ ਜਾਂਦੇ ਹਨ| ਮੇਘ ਸਿੰਘ ਨੇ ਦੱਸਿਆ ਕਿ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਕਾਲੋਨੀ ਦੇ ਕਿਸੇ ਬੱਚੇ ਨੇ ਆ ਕੇ ਦੱਸਿਆ ਕਿ ਰਚਿਤ ਫੈਕਟ੍ਰੀ ਨੇੜੇ ਡਿੱਗਿਆ ਪਿਆ ਹੈ ਅਤੇ ਉਸਦੇ ਮੂੰਹੋਂ ਤੋਂ ਖੂਨ ਨਿਕਲ ਰਿਹਾ ਹੈ| ਜਦੋਂ ਕਿ ਪਰਿਵਾਰ ਸਮੇਤ ਘਟਨਾ ਵਾਲੀ ਥਾਂ ਤੇ ਪਹੁੰਚੇ ਤਾਂ ਵੇਖਿਆ ਕਿ ਉੱਥੇ ਰਚਿਤ ਦੀ ਲਾਸ਼ ਪਈ ਸੀ| ਇਸ ਮੌਕੇ ਇੱਕਠੇ ਹੋਏ ਕਾਲੋਨੀ ਵਾਸੀਆਂ ਨੇ ਦੱਸਿਆ ਕਿ ਬੱਚੇ ਦੀ ਮੌਤ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਅਤੇ ਪੁਲੀਸ ਦੀ ਟੀਮ ਨੇ ਆ ਕੇ ਬੱਚੇ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਸਿਵਲ ਹਸਪਤਾਲ ਭਿਜਵਾ ਦਿੱਤਾ ਸੀ| ਬੱਚੇ ਦੇ ਜੀਜੇ ਮੇਘ ਸਿੰਘ ਅਤੇ ਹੋਰਨਾਂ ਲੋਕਾਂ ਨੇ ਖਦਸਾ ਜਾਹਿਰ ਕੀਤਾ ਕਿ ਬੱਚੇ ਦਾ ਕਤਲ ਕੀਤਾ ਗਿਆ ਹੈ ਅਤੇ ਉਸਤੋਂ ਬਾਅਦ ਉਸਦੀ ਲਾਸ਼ ਉੱਥੇ ਸੁੱਟੀ ਗਈ ਹੈ|
ਸੰਪਰਕ ਕਰਨ ਤੇ ਥਾਣਾ ਫੇਜ਼-1 ਦੇ ਮੁਖੀ ਸ੍ਰ. ਰਾਜਨ ਪਰਮਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਮ੍ਰਿਤਕ ਬੱਚੇ ਦੀ ਲਾਸ਼ ਦਾ ਪੋਸਟ ਮਾਰਟਮ ਦੀ ਰਿਪੋਰਟ ਨਾਲ ਹੀ ਉਸਦੀ ਮੌਤ ਦੇ ਕਾਰਨ ਬਾਰੇ ਪਤਾ ਲੱਗਣਾ ਹੈ ਅਤੇ ਪੁਲੀਸ ਵੱਲੋਂ ਇਸ ਸੰਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ

Leave a Reply

Your email address will not be published. Required fields are marked *