ਉਬਰ ਕੰਪਨੀ ਦੇ ਟੈਕਸੀ ਆਪਰੇਟਰਾਂ ਵੱਲੋਂ ਕੰਪਨੀ ਦੀਆਂ ਨੀਤੀਆਂ ਵਿਰੁੱਧ ਅਣਮਿਥੇ ਸਮੇਂ ਦੀ ਹੜਤਾਲ ਆਰੰਭ ਟੈਕਸੀ ਮਾਲਕਾਂ ਨੇ ਆਪਣੀਆਂ ਟੈਕਸੀਆਂ ਦਸ਼ਹਿਰਾ ਮੈਦਾਨ ਵਿੱਚ ਖੜੀਆਂ ਕੀਤੀਆਂ

ਐਸ.ਏ.ਐਸ.ਨਗਰ, 21 ਦਸੰਬਰ (ਸ.ਬ.) ਇੰਟਰਨੈਟ ਰਾਹੀ ਟੈਕਸੀ ਸੇਵਾ ਮੁਹਈਆਂ ਕਰਵਾਉਣ ਵਾਲੀ ਅੰਤਰਰਾਸ਼ਟਰੀ ਕੰਪਨੀ ਉਬਰ ਦੇ ਨਾਲ ਟੈਕਸੀਆਂ ਚਲਾਉਣ ਵਾਲੇ ਵੱਖ ਵੱਖ ਵਾਹਨ ਮਾਲਕਾਂ ਨੇ ਅੱਜ ਕੰਪਨੀ ਦੀ ਪਾਲਸੀ ਅਤੇ ਡ੍ਰਾਈਵਰਾਂ ਨੇ ਕਥਿਤ ਤੌਰ ਤੇ ਗੁੰਮਰਾਹ ਕਰਕੇ ਗੱਡੀਆਂ ਪਵਾਉਣ ਦੀ ਕਾਰਵਾਈ ਦੇ ਖਿਲਾਫ ਹੜਤਾਲ ਕਰਕੇ ਸਥਾਨਕ ਦੁਸ਼ਹਿਰਾ ਮੈਦਾਨ ਵਿੱਚ ਆਪਣੀਆਂ ਗੱਡੀਆਂ ਖੜ੍ਹਾ ਦਿੱਤੀਆਂ ਅਤੇ ਉਬਰ ਕੰਪਨੀ ਦੇ ਖਿਲਾਫ ਸੰਘਰਸ਼ ਦਾ ਐਲਾਨ ਕਰ ਦਿੱਤਾ|
ਟ੍ਰਾਈ ਸਿਟੀ ਟੈਕਸੀ ਆਪਰੇਟਰ ਵੈਲਫੇਅਰ ਐਸੋਸੀਏਸ਼ਨ (ਰਜਿ.) ਦੇ ਬੈਨਰ ਹੇਠ ਇੱਕਠੇ ਹੋਏ ਟੈਕਸੀ ਆਪਰੇਟਰਾਂ ਨੇ ਇਸ ਮੌਕੇ ਉਬਰ ਕੰਪਨੀ ਦੇ ਪ੍ਰਬੰਧਕਾਂ ਦੇ ਖਿਲਾਫ ਨਾਹਰੇਬਾਜ਼ੀ ਵੀ ਕੀਤੀ|
ਪੱਤਰਕਾਰਾਂ ਨਾਲ ਗੱਲ ਕਰਦਿਆਂ ਯੁਨੀਅਨ ਦੇ ਪ੍ਰਧਾਨ ਸ੍ਰੀ ਰਾਜੇਸ਼ ਕੁਮਾਰ, ਮੀਤ ਪ੍ਰਧਾਨ ਸ੍ਰ. ਮਨਦੀਪ ਸਿਘ ਨੇ ਇਲਜਾਮ ਲਗਾਇਆ ਕਿ ਉਬਰ ਕੰਪਨੀ ਵੱਲੋਂ ਟੈਕਸੀ ਆਪਰੇਟਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਕੰਪਨੀ ਵੱਲੋਂ ਆਏ ਦਿਨ ਗੱਡੀਆਂ ਦੀ ਗਿਣਤੀ ਵਧਾਈ ਜਾ ਰਹੀ ਹੈ ਅਤੇ ਕੰਪਨੀ ਵੱਲੋਂ ਲੋਕਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਨਵੀਂ ਗੱਡੀ ਖਰੀਦ ਕੇ ਕੰਪਨੀ ਨਾਲ ਜੋੜਣ ਜਿਸਤੇ ਉਹਨਾਂ ਨੂੰ ਹਰ ਮਹੀਨੇ ਇੱਕ ਲੱਖ ਰੁਪਏ ਦੀ ਆਮਦਨ ਹੋ ਸਕਦੀ ਹੈ| ਟੈਕਸੀ ਆਪਰੇਟਰਾਂ ਦਾ ਦੋਸ਼ ਹੈ ਕਿ ਕੰਪਨੀ ਵੱਲੋਂ ਉਹਨਾ ਵੱਲੋਂ ਆਪਣੇ ਵਾਹਨਾਂ ਤੇ ਨਿਯੁਕਤ ਕੀਤੇ ਗਏ ਡ੍ਰਾਈਵਰਾਂ ਨੂੰ ਹੀ ਵੱਧ ਕਮਾਈ ਦਾ ਲਾਲਚ ਦੇ ਕੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹ 50 ਹਜ਼ਾਰ ਰਪਏ ਦਾ ਪ੍ਰਬੰਧ ਕਰਨ ਅਤੇ ਕੰਪਨੀ ਉਹਨਾਂ ਨੂੰ ਕਿਸ਼ਤਾਂ ਤੇ ਗੱਡੀ ਦਿਵਾ ਦੇਵੇਗੀ| ਗਰੀਬ ਡ੍ਰਾਈਵਰ ਆਪਣੀ ਜੋੜੀ ਹੋਈ ਰਕਮ ਲੈ ਕੇ ਕੰਪਨੀ ਵਿੱਚ ਪਹੁੰਚ ਜਾਂਦਾ ਹੈ ਅਤੇ ਕੰਪਨੀ ਵੱਲੋਂ ਉਸਨੂੰ ਗੱਡੀ ਵੀ ਦਿਵਾ ਦਿੱਤੀ ਜਾਂਦੀ ਹੈ ਪਰੰਤੂ ਪੂਰਾ ਦਿਨ ਮਿਹਨਤ ਕਰਨ ਤੋਂ ਬਾਅਦ ਅਤੇ ਗੱਡੀ ਦੇ ਡੀਜਲ, ਟੈਕਸ, ਬੀਮਾਂ, ਰਿਪੇਅਰ, ਕਿਸ਼ਤ ਆਦਿ ਦੇ ਖਰਚੇ ਭਰਨ ਤੋਂ ਬਾਅਦ ਇੰਨੀ ਰਕਮ ਵੀ ਨਹੀਂ ਬਚਦੀ ਕਿ ਜਿੰਨੀ ਉਹ ਤਨਖਾਹ ਲੈ ਕੇ ਕਮਾ ਲੈਂਦਾ ਸੀ|
ਟੈਕਸੀ ਅਪਰੇਟਰਾਂ ਨੇ ਕਿਹਾ ਕਿ ਇਸ ਸੰਬੰਧੀ ਉਹਨਾਂ ਦੀ ਪਹਿਲਾਂ ਵੀ ਕੰਪਨੀ ਦੇ ਪ੍ਰਬੰਧਕਾਂ ਨਾਲ ਗੱਲ ਹੋਈ ਹੈ ਪਰੰਤੂ ਪ੍ਰਬੰਧਕ ਆਪਣਾ ਰਵੱਈਆ ਛੱਡਣ ਲਈ ਤਿਆਰ ਨਹੀਂ ਹਨ ਜਿਸ ਤੇ ਉਹਨਾਂ ਨੂੰ ਸੰਘਰਸ਼ ਲਈ ਮਜਬੂਰ ਹੋਣਾ ਪਿਆ ਹੈ| ਉਹਨਾਂ ਦੱਸਿਆ ਕਿ ਯੂਨੀਅਨ ਵੱਲੋਂ 31 ਦਸੰਬਰ (10 ਦਿਨਾਂ ਤੱਕ) ਆਪਣੀਆਂ ਗੱਡੀਆਂ ਦੁਸ਼ਹਿਰਾ ਮੈਦਾਨ ਵਿੱਚ ਹੀ ਖੜ੍ਹੀਆਂ ਰੱਖੀਆਂ ਜਾਣਗੀਆਂ ਅਤੇ ਜੇਕਰ ਕੰਪਨੀ ਦੇ ਪ੍ਰਬੰਧਕ ਨਾ ਮੰਨੇ ਤਾਂ ਇਹ ਸੰਘਰਸ਼ ਹੋਰ ਵੀ ਲੰਮਾ ਚਲ ਸਕਦਾ ਹੈ|
ਇਸ ਮੌਕੇ ਦੁਸ਼ਹਿਰਾ ਮੈਦਾਨ ਵਿੱਚ ਹਰ ਪਾਸੇ ਗੱਡੀਆਂ ਹੀ ਗੱਡੀਆਂ ਨਜਰ ਆ ਰਹੀਆਂ ਸੀ ਅਤੇ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਸੀ|
ਸੰਪਰਕ ਕਰਨ ਤੇ ਉਬਰ ਕੰਪਨੀ ਦੀ ਬੁਲਾਰਾ ਨੀਤੀ ਨਾਇਕ ਨੇ ਦੱਸਿਆ ਕਿ ਕੰਪਨੀ ਵੱਲੋਂ ਆਪਣੇ ਡ੍ਰਾਈਵਰ ਪਾਰਟਨਰਾਂ ਨਾਲ ਗੱਲਬਾਤ ਕਰਕੇ ਇਹ ਰੇੜਕਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੰਪਨੀ ਚੰਡੀਗੜ੍ਹ ਵਿੱਚ ਆਪਣੀਆਂ ਸੇਵਾਵਾਂ ਨੂੰ ਬਹਾਲ ਰੱਖਣ ਲਈ ਵਚਨਬੱਧ ਹੈ|

Leave a Reply

Your email address will not be published. Required fields are marked *