ਉਭਰਦੇ ਖਿਡਾਰੀਆਂ ਨੂੰ ਲੋੜੀਂਦੀਆਂ ਸੁਵਿਧਾਵਾਂ ਦੇ ਕੇ ਤਰਾਸ਼ਣ ਦੀ ਲੋੜ

ਖੇਡਾਂ ਵਿੱਚ ਹਿੱਸਾ ਲੈਣਾ ਪੰਜਾਬੀਆਂ ਦਾ ਪੁਰਾਣਾ ਸ਼ੌਕ ਹੈ ਜਿਸਨੂੰ ਪੂਰਾ ਕਰਨ ਲਈ ਪੰਜਾਬੀ ਖੇਡ ਮੇਲਿਆਂ ਦਾ ਆਯੋਜਨ ਵੀ ਕਰਦੇ ਹਨ ਅਤੇ ਇਹਨਾਂ ਖੇਡ ਮੇਲਿਆਂ ਵਿੱਚ ਹਿੱਸਾ ਵੀ ਲੈਂਦੇ ਹਨ| ਅੱਜ ਕੱਲ ਪੰਜਾਬ ਦੇ ਵੱਡੀ ਗਿਣਤੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਖ ਵੱਖ ਖੇਡ ਮੇਲੇ ਅਤੇ ਕੁਸ਼ਤੀ ਦੰਗਲ ਕਰਵਾਏ ਜਾ ਰਹੇ ਹਨ ਅਤੇ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਜਿਵੇਂ ਪੰਜਾਬ ਵਿੱਚ ਖੇਡ ਮੇਲਿਆਂ ਦਾ ਮੌਸਮ ਵੀ ਆ ਗਿਆ ਹੈ| ਇਹ ਖੇਡ ਮੇਲੇ ਤਾਂ ਪੰਜਾਬੀਆਂ ਦੇ ਰੂਹ ਦੀ ਖੁਰਾਕ ਵਰਗੇ ਹਨ ਅਤੇ ਪੰਜਾਬ ਦੇ ਪਿੰਡ ਪਿੰਡ ਵਿੱਚ ਕਰਵਾਏ ਜਾਣ ਵਾਲੇ ਇਹਨਾਂ ਖੇਡ ਮੇਲਿਆਂ ਦਾ ਇਤਿਹਾਸ ਬਹੁਤ ਪੁਰਾਣਾ ਹੈ| ਇਹਨਾਂ ਖੇਡ ਮੇਲਿਆਂ ਵਿੱਚ ਸਿਰਫ ਪੰਜਾਬ ਹੀ ਨਹੀਂ ਬਲਕਿ ਦੇਸ਼ ਅਤੇ ਦੁਨੀਆਂ ਦੇ ਹੋਰਨਾਂ ਮੁਲਕਾਂ ਦੇ ਮਸ਼ਹੂਰ ਖਿਡਾਰੀ ਵੀ ਭਾਗ ਲੈਂਦੇ ਹਨ ਅਤੇ ਆਪਣੀ ਖੇਡ ਦੇ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨ ਮੋਹ ਲੈਂਦੇ ਹਨ|
ਪੰਜਾਬ ਵਿੱਚ ਥਾਂ ਥਾਂ ਤੇ ਖੇਡ ਮੇਲੇ ਤਾਂ ਆਯੋਜਿਤ ਹੋ ਹੀ ਰਹੇ ਹਨ, ਇਸਦੇ ਨਾਲ ਨਾਲ ਵੱਖ-ਵੱਖ ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾਂ ਕੁਸ਼ਤੀ ਦੰਗਲ ਅਤੇ ਹੋਰ ਖੇਡਾਂ ਦੇ ਮੁਕਾਬਲੇ ਵੀ ਕਰਵਾ ਰਹੀਆਂ ਹਨ| ਇਹਨਾਂ ਖੇਡ ਮੁਕਾਬਲਿਆਂ ਦੌਰਾਨ ਪ੍ਰਬੰਧਕਾਂ ਵਲੋਂ ਖਿਡਾਰੀਆਂ ਅਤੇ ਉਹਨਾਂ ਨੂੰ ਸਿਖਲਾਈ ਦੇਣ ਵਾਲੇ ਕੋਚਾਂ ਨੂੰ ਨਕਦ ਇਨਾਮ ਦੇ ਕੇ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ| ਪਰੰਤੂ ਇਸਦੇ ਨਾਲ ਹੀ ਇਹ ਗੱਲ ਵੀ ਬਹੁਤ ਜਿਆਦਾ ਅਖਰਦੀ ਹੈ ਕਿ ਇਹਨਾਂ ਖੇਡ ਮੇਲਿਆਂ ਵਿੱਚ ਛੋਟੀ ਉਮਰ ਦੇ ਉਭਰਦੇ (ਬਾਲ) ਖਿਡਾਰੀਆਂ ਲਈ ਮੁਕਾਬਲਿਆਂ ਦਾ ਨਾ ਤਾਂ ਆਯੋਜਨ ਹੁੰਦਾ ਹੈ ਅਤੇ ਨਾ ਹੀ ਕੋਈ ਇਸ ਪਾਸੇ ਧਿਆਨ ਦਿੰਦਾ ਹੈ| ਹਾਂ ਅਜਿਹੇ ਖੇਡ ਮੇਲਿਆਂ ਦੌਰਾਨ ਬਾਲ ਖਿਡਾਰੀ, ਸੀਨੀਅਰ ਖਿਡਾਰੀਆਂ ਲਈ ਚਾਹ ਪਾਣੀ ਲਿਆਉਣ ਅਤੇ ਹੋਰ ਸੇਵਾ ਕਰਦਿਆਂ ਜਰੂਰ ਦਿਖ ਜਾਂਦੇ ਹਨ|
ਇਹਨਾਂ ਬਾਲ ਖਿਡਾਰੀਆਂ ਨੇ ਹੀ ਵੱਡੇ ਹੋ ਕੇ ਸੀਨੀਅਰ ਖਿਡਾਰੀ ਬਣਨਾ ਹੁੰਦਾ ਹੈ ਅਤੇ ਇਹਨਾਂ ਨੂੰ ਛੋਟੀ ਉਮਰ ਵਿੱਚ ਹੀ ਯੋਗ ਅਗਵਾਈ ਦਿੱਤੀ ਜਾਣੀ ਬਹੁਤ ਜਿਆਦਾ ਜਰੂਰੀ ਹੈ| ਜੇਕਰ ਇਹਨਾਂ ਬਾਲ ਖਿਡਾਰੀਆਂ ਨੂੰ ਲੋੜੀਂਦੀਆਂ ਸੁਵਿਧਾਵਾਂ ਅਤੇ ਟ੍ਰੇਨਿੰਗ ਹਾਸਿਲ ਹੋ ਜਾਵੇ ਤਾਂ ਇਹਨਾਂ ਨੂੰ ਬਹੁਤ ਬਿਹਤਰ ਢੰਗ ਨਾਲ ਤਰਾਸ਼ਿਆ ਜਾ ਸਕਦਾ ਹੈ| ਪਰੰਤੂ ਆਮ ਵੇਖਣ ਵਿੱਚ ਆਉਂਦਾ ਹੈ ਕਿ ਲੋੜੀਂਦੀ ਟ੍ਰੇਨਿੰਗ ਅਤੇ ਸੁਵਿਧਾਵਾਂ ਹਾਸਿਲ ਨਾ ਹੋਣ ਕਾਰਨ ਜਿਆਦਾਤਰ ਬਾਲ ਖਿਡਾਰੀ ਆਪਣੀ ਖੇਡ ਕਲਾ ਨੂੰ ਵਿਕਸਤ ਕਰਨ ਵਿੱਚ ਅਸਫਲ ਹੋ ਜਾਂਦੇ ਹਨ| ਊਂਝ ਤਾਂ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਹਰ ਸਾਲ ਸਕੂਲਾਂ ਵਿੱਚ ਸਾਲਾਨਾ ਖੇਡਾਂ ਕਰਵਾਈਆਂ ਜਾਂਦੀਆਂ ਹਨ ਜਿਹਨਾਂ ਵਿੱਚ ਬਾਲ ਖਿਡਾਰੀ ਉਤਸ਼ਾਹ ਨਾਲ ਹਿੱਸਾ ਵੀ ਲੈਂਦੇ ਹਨ ਅਤੇ ਸਰਕਾਰ ਵਲੋਂ ਬੱਚਿਆਂ ਨੂੰ ਖੇਡਾਂ ਲਈ ਉਤਸਾਹਿਤ ਕਰਨ ਲਈ ਉਪਰਾਲੇ ਕੀਤੇ ਜਾਂਦੇ ਹਨ ਪਰੰਤੂ ਵੱਡੀ ਗਿਣਤੀ ਸਕੂਲ ਆਪਣੇ ਵਿਦਿਆਰਥੀਆਂ ਨੂੰ ਖੇਡਾਂ ਦੀ ਥਾਂ ਪੜਾਈ ਵਿੱਚ ਹੀ ਲਾਈ ਰੱਖਦੇ ਹਨ ਜਿਸ ਕਰਕੇ ਬਾਲ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਰਨ ਦਾ ਪੂਰਾ ਮੌਕਾ ਹਾਸਿਲ ਨਹੀਂ ਹੁੰਦਾ|
ਹਾਲਾਤ ਇਹ ਹਨ ਕਿ ਬਾਲ ਖਿਡਰੀਆਂ ਨੂੰ ਹਰ ਪਾਸਿਓਂ ਹੀ ਮਾਰ ਪੈ ਰਹੀ ਹੈ| ਸਰਕਾਰ ਵਲੋਂ ਉਹਨਾਂ ਦੀ ਸਿਖਲਾਈ ਅਤੇ ਲੋੜੀਂਦੀਆਂ ਸੁਵਿਧਾਵਾਂ ਦੇਣ ਲਈ ਸਕੂਲਾਂ ਵਿੱਚ ਜਿਹੜਾ ਫੰਡ ਭੇਜਿਆ ਜਾਂਦਾ ਹੈ ਉਹ ਵੀ ਉਹਨਾਂ ਉੱਪਰ ਖਰਚ ਨਹੀਂ ਕੀਤਾ ਜਾਂਦਾ ਅਤੇ ਜਿਆਦਾਤਰ ਸਕੂਲਾਂ ਦੇ ਪ੍ਰਬੰਧਕ ਅਤੇ ਕੋਚ ਇਹ ਫੰਡ ਖੁਦ ਹੀ ਹਜਮ ਕਰ ਜਾਂਦੇ ਹਨ| ਦੂਜੇ ਪਾਸੇ ਚੰਗੀ ਖੁਰਾਕ ਅਤੇ ਸੁਵਿਧਾਵਾਂ ਨਾ ਮਿਲਣ ਕਾਰਨ ਸਾਡੇ ਖਿਡਾਰੀ ਅਕਸਰ ਵੱਡੀਆਂ ਪ੍ਰਾਪਤੀਆਂ ਕਰਨ ਵਿਚ ਨਾਕਾਮ ਰਹਿ ਜਾਂਦੇ ਹਨ|
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹਨਾਂ ਉਭਰਦੇ ਖਿਡਾਰੀਆਂ ਨੇ ਹੀ ਖੇਡਾਂ ਦੇ ਖੇਤਰ ਵਿੱਚ ਭਵਿੱਖ ਦੀ ਜਿੰਮੇਵਾਰੀ ਸੰਭਾਲਨੀ ਹੈ ਇਸ ਲਈ ਇਹਨਾਂ ਨੂੰ ਚੰਗੀ ਸਿੱਖਿਆ ਦੇ ਨਾਲ ਲੋੜੀਂਦੀ ਟ੍ਰੇਨਿੰਗ ਦੇਣੀ ਵੀ ਜਰੂਰੀ ਹੈ| ਇੱਥੇ ਚੀਨ ਦੀ ਮਿਸਾਲ ਦਿੱਤੀ ਜਾ ਸਕਦੀ ਹੈ ਜਿੱਥੇ ਬੱਚਿਆਂ ਦੀਆਂ ਖੇਡਾਂ ਉੱਪਰ ਨਾ ਸਿਰਫ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਬਲਕਿ ਉਥੇ ਬਾਲ ਖਿਡਾਰੀਆਂ ਨੂੰ ਸਖਤ ਨਿਗਰਾਨੀ ਹੇਠ ਰੱਖ ਕੇ ਅਤੇ ਸਖਤ ਟ੍ਰੇਨਿੰਗ ਦੇ ਕੇ ਚੰਗੇ ਖਿਡਾਰੀ ਬਣਾਇਆ ਜਾਂਦਾ ਹੈ| ਇਹੀ ਕਾਰਨ ਹੈ ਕਿ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਚੀਨ ਦੇ ਖਿਡਾਰੀ ਸਭ ਤੋਂ ਵੱਧ ਤਮਗੇ ਜਿੱਤਦੇ ਹਨ ਅਤੇ ਉਲੰਪਿਕ ਖੇਡਾਂ ਦੀ ਮੈਡਲਾਂ ਦੀ ਸੂਚੀ ਵਿੱਚ ਚੀਨ ਦਾ ਨਾਮ ਹਰ ਵਾਰ ਸਭ ਤੋਂ ਉਪਰ ਮਿਲਦਾ ਹੈ| ਅਜਿਹਾ ਸਾਡੇ ਦੇਸ਼ ਦੇ ਖਿਡਾਰੀ ਵੀ ਕਰ ਸਕਦੇ ਹਨ ਬਸ਼ਰਤੇ ਉਹਨਾਂ ਨੂੰ ਛੋਟੀ ਉਮਰ ਤੋਂ ਹੀ ਲੋੜੀਂਦੀਆਂ ਸੁਵਿਧਾਵਾਂ ਅਤੇ ਟ੍ਰੇਨਿੰਗ ਹਾਸਿਲ ਹੋਵੇ ਅਤੇ ਸਰਕਾਰ ਨੂੰ ਇਸ ਸੰਬੰਧੀ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ|

Leave a Reply

Your email address will not be published. Required fields are marked *