ਉਮਰ ਯੋਗਤਾ 1 ਜਨਵਰੀ 2021 ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸ਼ੁਰੂ ਸਹਾਇਕ ਕਮਿਸ਼ਨਰ ਵਲੋਂ ਸਿਆਸੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ


ਐਸ.ਏ.ਐਸ ਨਗਰ, 16 ਨਵੰਬਰ (ਸ.ਬ.) ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਸਮਾਂ ਸਾਰਣੀ ਅਨੁਸਾਰ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਉਮਰ ਯੋਗਤਾ ਮਿਤੀ 1 ਜਨਵਰੀ 2021 ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜਿਹੜਾ 15 ਦਸੰਬਰ 2020 ਤੱਕ ਕੀਤਾ ਜਾਣਾ ਹੈ| ਇਹ ਜਾਣਕਾਰੀ ਸਹਾਇਕ ਕਮਿਸ਼ਨਰ (ਸਿ.ਅ) ਦਿਪਾਂਕਰ ਗਰਗ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਿਤੀ 1 ਜਨਵਰੀ 2021 ਦੇ ਆਧਾਰ ਤੇ ਤਿਆਰ ਕੀਤੀ ਗਈ ਫੋਟੋ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾ ਕਰਨ ਮੌਕੇ ਜ਼ਿਲ੍ਹੇ ਦੀਆ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰਦਿਆਂ ਸਾਂਝੀ ਕੀਤੀ|
ਸ੍ਰੀ ਦਿਪਾਂਕਰ ਗਰਗ ਵਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀ ਦੇ ਸੈਟ ਅਤੇ ਬਿਨ੍ਹਾਂ ਫੋਟੋ ਵੋਟਰ ਸੂਚੀ ਦੀ ਸੀ. ਡੀ. ਸੌਂਪੀ ਅਤੇ  ਵੋਟਰ ਸੂਚੀ ਵਿੱਚ ਸੁਧਾਈ ਦੇ ਪ੍ਰੋਗਰਾਮ ਬਾਰੇ ਜਾਣੂ ਕਰਵਾਉਦਿਆਂ ਦੱਸਿਆ ਕਿ ਯੋਗਤਾ ਮਿਤੀ 1 ਜਨਵਰੀ 2021 ਦੇ ਆਧਾਰ ਤੇ ਤਿਆਰ ਕੀਤੀ ਗਈ ਇਸ ਡਰਾਫ਼ਟ ਸੂਚੀ ਤੇ ਅੱਜ ਤੋਂ 15 ਦਸੰਬਰ 2020 ਤੱਕ ਦੇ ਸਮੇਂ ਦੌਰਾਨ ਦਾਅਵੇ, ਇਤਰਾਜ ਪ੍ਰਾਪਤ ਕੀਤੇ ਜਾਣੇ ਹਨ| 
ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਉਮਰ 01 ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੋਵੇ, ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਫਾਰਮ ਨੰ: 6 ਵਿੱਚ ਬੇਨਤੀ ਪੱਤਰ ਦੇ ਸਕਦੇ ਹਨ, ਵੋਟਰ ਸੂਚੀ ਵਿੱਚ ਸ਼ਾਮਲ ਨਾਮ ਤੇ ਇਤਰਾਜ ਕਰਨ ਜਾਂ ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟਰ ਸੂਚੀ ਵਿੱਚ ਪਹਿਲੇ ਤੋਂ ਦਰਜ ਕਿਸੇ ਇੰਦਰਾਜ ਵਿੱਚ ਕਿਸੇ ਕਿਸਮ ਦੀ ਦਰੁਸਤੀ ਲਈ ਫਾਰਮ ਨੰਬਰ 8, ਵੋਟਰ ਵਲੋਂ ਉਸੀ ਹਲਕੇ ਵਿੱਚ (ਜਿਸ ਚੋਣ ਹਲਕੇ ਵਿੱਚ ਉਹ ਪਹਿਲਾਂ ਵੋਟਰ ਦੇ ਤੌਰ ਤੇ ਰਜਿਸਟਰ ਹੈ) ਵਿੱਚ ਆਪਣੀ ਰਿਹਾਇਸ਼ ਬਦਲਣ ਦੀ ਸੂਰਤ ਵਿੱਚ ਵੋਟ ਤਬਦੀਲ ਕਰਨ ਲਈ ਫਾਰਮ ਨੰ: 8 ਭਰਿਆ ਜਾਵੇਗਾ|
ਸ੍ਰੀ ਗਰਗ ਨੇ ਕਿਹਾ ਕਿ ਇਸ ਤੋਂ ਇਲਾਵਾ 21, 22 ਨਵੰਬਰ 2020 ਅਤੇ 5, 6 ਦਸੰਬਰ 2020 ਨੂੰ (ਚਾਰ ਦਿਨ) ਵਿਸ਼ੇਸ਼ ਮੁਹਿੰਮ ਦੀਆਂ ਮਿਤੀਆਂ ਨੂੰ ਬੂਥ ਲੈਵਲ ਅਫਸਰਾਂ ਵਲੋਂ ਆਪਣੇ ਪੋਲਿੰਗ ਬੂਥਾਂ ਤੇ ਹਾਜ਼ਰ ਰਹਿ ਕੇ          ਦਾਅਵੇ, ਇਤਰਾਜ ਪ੍ਰਾਪਤ ਕੀਤੇ ਜਾਣਗੇ| ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੌਰਾਨ ਮੁੱਖ ਤੌਰ ਤੇ ਟਰਾਂਸਜੈਂਡਰ, ਮਾਈਗ੍ਰਾਂਟ ਵਰਕਰ, ਪੀ.ਡਬਲਯੂ.ਡੀ., ਐਨ.ਆਰ. ਆਈਂ ਅਤੇ ਨਵੇਂ ਵੋਟਰ (18 ਤੋਂ 19 ਸਾਲ) ਵਿਅਕਤੀਆਂ ਦੀ ਇਨਰੋਲਮੈਂਟ ਤੇ ਧਿਆਨ ਕੇਂਦਰਿਤ ਕੀਤਾ ਜਾਣਾ ਹੈ| ਇਸ ਮੌਕੇ ਕਾਂਗਰਸ ਪਾਰਟੀ ਤੋਂ ਅਜੈਬ ਸਿੰਘ, ਬਹੁਜਨ ਸਮਾਜ ਪਾਰਟੀ ਤੋਂ ਸੁਖਦੇਵ ਸਿੰਘ, ਆਮ ਆਦਮੀ ਪਾਰਟੀ ਤੋਂ ਮੇਜਰ ਸਿੰਘ, ਭਾਜਪਾ ਤੋਂ ਜੋਗਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਹਰਸੰਗਤ ਸਿੰਘ ਤੋਂ ਇਲਾਵਾ ਤਹਿਸੀਲਦਾਰ (ਚੋਣਾਂ) ਸੰਜੇ ਕੁਮਾਰ, ਜਗਤਾਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *