ਉਮੀਦਵਾਰਾਂ ਦੀ ਜਨਤਾ ਦੇ ਪ੍ਰਤੀ ਜਵਾਬਦੇਹੀ ਦਾ ਮੁੱਦਾ ਸਭ ਤੋਂ ਅਹਿਮ

ਦੋ ਮਹੀਨੇ ਬਾਅਦ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਦਾ ਅਮਲ ਹੌਲੀ ਹੌਲੀ ਤੇਜ ਹੋ ਰਿਹਾ ਹੈ| ਇਸ ਸੰਬੰਧੀ ਭਾਵੇਂ ਚੋਣ ਕਮਿਸ਼ਨ ਵਲੋਂ ਵਿਧਾਨਸਭਾ ਚੋਣਾਂ ਬਾਰੇ ਰਸਮੀ ਐਲਾਨ ਨਹੀਂ ਹੋਇਆ ਹੈ ਪਰੰਤੂ ਇਸਦੇ ਬਾਵਜੂਦ ਰਾਜਨੀਤਿਕ ਸਰਗਰਮੀਆਂ ਲਗਾਤਾਰ ਤੇਜੀ ਫੜ ਹੀਆਂ ਹਨ| ਇਸਦੇ ਨਾਲ ਨਾਲ ਆਮ ਲੋਕਾਂ ਵਿੱਚ ਇਹ ਚਰਚਾ ਵੀ ਜੋਰ ਫੜ ਰਹੀ ਹੈ ਕਿ ਉਹਨਾਂ ਦਾ ਚੁਣਿਆ ਹੋਇਆ ਨੁਮਾਇੰਦਾ ਕਿਹੋ ਜਿਹਾ ਹੋਵੇ ਅਤੇ ਉਸ ਵਿੱਚ ਕਿਹੜੀ ਕਿਹੜੀ ਕਾਬਲੀਅਤ ਹੋਵੇ|
ਇਸਦੇ ਨਾਲ ਨਾਲ ਲੋਕਾਂ ਵਲੋਂ ਆਪਣੇ ਆਪਣੇ ਹਲਕੇ ਤੋਂ ਵੱਖ ਵੱਖ ਪਾਰਟੀਆਂ ਵਲੋਂ ਚੋਣ ਲੜਣ ਵਾਲੇ ਸੰਭਾਵੀ ਉਮੀਦਵਾਰਾਂ ਬਾਰੇ ਵੀ ਚਰਚਾ ਆਰੰਭ ਦਿੱਤੀ ਗਈ ਹੈ| ਮੌਜੂਦਾ ਸਮੇਂ ਵਿੱਚ ਭਾਵੇਂ ਸੂਬੇ ਦੇ ਰਾਜਨੀਤਿਕ ਹਾਲਾਤ ਪੂਰੀ ਤਰ੍ਹਾਂ ਸਪਸ਼ਟ ਨਹੀਂ ਹਨ ਪਰ ਇਹ ਗੱਲ ਸਾਫ ਹੈ ਕਿ ਇਸ ਵਾਰ ਸੂਬੇ ਵਿੱਚ ਤਿਕੋਨਾ ਮੁਕਾਬਲਾ ਹੋਣਾ ਹੈ| ਇਸ ਵਾਰ ਸੂਬੇ ਦੀ ਸੱਤਾਧਾਰੀ ਧਿਰ ਅਕਾਲੀ ਭਾਜਪਾ ਗਠਜੋੜ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੀ ਮੈਦਾਨ ਵਿੱਚ ਹੈ| ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ  ਵਲੋਂ ਆਪਣੇ ਦੋ ਤਿਹਾਈ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਚੁੱਕਿਆ ਹੈ ਜਦੋਂਕਿ ਭਾਜਪਾ ਵਲੋਂ ਹਾਲੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਹੈ|
ਜਾਹਿਰ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਚੋਣ ਮੈਦਾਨ ਵਿੱਚ ਆਉਣ ਵਾਲੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਭਰਮਾਉਣ ਲਈ ਕਈ ਤਰ੍ਹਾਂ ਦੇ ਦਾਅਵੇ ਅਤੇ ਵਾਇਦੇ ਕੀਤੇ ਜਾਣੇ ਹਨ| ਵੋਟਰ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਸਾਡੇ ਇਹ ਆਗੂ ਚੋਣਾਂ ਵੇਲੇ ਕੀਤੇ ਜਾਣ ਵਾਲੇ ਇਹਨਾਂ ਵਾਇਦਿਆਂ ਨੂੰ ਚੋਣਾਂ ਦਾ ਅਮਲ ਮੁਕੰਮਲ ਹੋਣ ਤਕ ਹੀ ਯਾਦ ਰੱਖਦੇ ਹਨ ਅਤੇ ਇਸਤੋਂ ਬਾਅਦ ਉਹ ਜਨਤਾ ਦੀ ਭਲਾਈ ਨਾਲ ਜੁੜੇ ਮੁੱਦਿਆਂ ਤੋਂ ਇਕਦਮ ਹੱਥ ਝਾੜ ਲੈਂਦੇ ਹਨ| ਚੋਣ ਮੈਦਾਨ ਵਿੱਚ ਉਤਰਨ ਵਾਲੇ ਉਮੀਦਵਾਰਾਂ ਵਲੋਂ ਆਪਣੀਆਂ ਪਾਰਟੀਆਂ ਦੇ ਨਾਮ ਤੇ ਵੋਟਾਂ ਤਾਂ ਮੰਗੀਆਂ ਜਾਂਦੀਆਂ ਹਨ ਪਰੰਤੂ ਜਦੋਂ ਆਮ ਲੋਕਾਂ ਦੇ ਮੁੱਦਿਆਂ ਪ੍ਰਤੀ ਜਵਾਬਦੇਹ ਹੋਣ ਦੀ ਗੱਲ ਹੁੰਦੀ ਹੈ ਤਾਂ ਇਹ ਉਮੀਦਵਾਰ ਗੋਲਮੋਲ ਗੱਲਾਂ ਕਰਕੇ ਪਾਸਾ ਵੱਟ ਲੈਂਦੇ ਹਨ|
ਇਹਨਾਂ ਉਮੀਦਵਾਰਾਂ ਵਲੋਂ ਚੋਣ ਜਿੱਤਣ ਤੋਂ ਬਾਅਦ ਜਨਤਾ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਅਤੇ ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸ਼ਨ ਮੁਹਈਆ ਕਰਵਾਉਣ ਦੇ ਲੰਬੇ ਚੌੜੇ ਵਾਇਦੇ ਤਾਂ ਕੀਤੇ ਜਾਂਦੇ ਹਨ ਪਰੰਤੂ ਇਹਨਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੁੰਦਾ ਕਿ ਉਹ ਆਪਣੇ ਇਹ ਵਾਇਦਿਆਂ ਨੂੰ ਪੂਰਾ ਕਿਵੇਂ ਕਰਣਗੇ ਅਤੇ ਜੇਕਰ ਉਹ ਇੱਕ ਮਿੱਥੇ ਸਮੇਂ ਵਿੱਚ ਇਹਨਾਂ ਵਾਇਦਿਆਂ ਨੂੰ ਪੂਰਾ ਕਰਨ ਦੇ ਸਮਰਥ ਨਾ ਹੋ ਪਾਏ ਤਾਂ ਕੀ  ਹੋਵੇਗਾ ਅਤੇ ਉਹ ਖੁਦ ਨੂੰ ਕਿਸ ਤਰ੍ਹਾਂ ਤਨਤਾ ਦੇ ਪ੍ਰਤੀ             ਜਵਾਬਦੇਹ ਬਣਾਉਣਗੇ|
ਇਹ ਉਮੀਦਵਾਰ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਚੋਣ ਪ੍ਰਚਾਰ ਦੌਰਾਨ ਉਹ ਜਨਤਾ ਨਾਲ ਜਿਹੜੇ ਵਾਇਦੇ ਕਰਣਗੇ ਉਹਨਾਂ ਪ੍ਰਤੀ ਉਹਨਾਂ ਦੀ ਜਵਾਬਦੇਹੀ ਕਿਸੇ ਪਾਸਿਉਂ ਵੀ ਤੈਅ ਹੋਣ ਵਾਲੀ ਨਹੀਂ ਹੈ| ਚੋਣਾਂ ਤੋਂ ਬਾਅਦ ਹਾਰਨ ਵਾਲੇ ਉਮੀਦਵਾਰ ਜਿੱਥੇ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਜਦੋਂ ਜਨਤਾ ਨੇ ਉਹਨਾਂ ਤੇ ਭਰੋਸਾ ਹੀ ਨਹੀਂ ਕੀਤਾ ਤਾਂ ਉਹ ਵੀ ਕੀ ਕਰਨ, ਜਦੋਂਕਿ ਚੋਣ ਜਿੱਤਣ ਵਾਲੇ ਉਮੀਦਵਾਰ ਵੀ ਇਸ ਜਵਾਬਦੇਹੀ ਤੋਂ ਬਚ ਜਾਂਦੇ ਹਨ| ਜੇਕਰ ਚੋਣ ਜਿੱਤਣ ਵਾਲਾ ਉਮੀਦਵਾਰ ਵਿਰੋਧੀ ਧਿਰ ਨਾਲ ਸੰਬੰਧਿਤ ਹੋਵੇ ਤਾਂ ਉਹ ਸਾਰਾ ਕਸੂਰ ਸਰਕਾਰ ਦੇ ਮੱਥੇ ਤੇ ਪਾ ਕੇ ਖੁਦ ਨੂੰ ਜਨਤਾ ਦੀ ਭਲਾਈ ਅਤੇ ਆਪਣੇ ਹਲਕੇ ਦੇ ਵਿਕਾਸ ਦਾ ਸਭ ਤੋਂ ਵੱਡਾ ਝੰਡਾਬਰਦਾਰ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਅਤੇ ਜੇਕਰ ਉਹ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਹੋਵੇ ਤਾਂ ਫਿਰ ਆਮ ਜਨਤਾ ਲਈ ਉਸ ਤਕ ਪਹੁੰਚ ਕਰਨਾ ਹੀ ਔਖਾ ਹੋ ਜਾਂਦਾ ਹੈ| ਵੈਸੇ ਵੀ ਚੋਣ ਜਿੱਤਣ ਤੋਂ ਬਾਅਦ ਇਹਨਾਂ ਆਗੂਆਂ ਨੂੰ ਆਮ ਜਨਤਾ ਦੀ ਭਲਾਈ ਦੀ ਥਾਂ ਆਪਣੇ ਨਜਦੀਕੀ ਰਿਸ਼ਤੇਦਾਰਾਂ ਅਤੇ ਕਰੀਬੀਆਂ ਦੀ ਭਲਾਈ ਦਾ ਵਧੇਰੇ ਫਿਕਰ ਹੋ ਜਾਂਦਾ ਹੈ ਅਤੇ ਇਸੇ ਕਸ਼ਮਕਸ਼ ਵਿੱਚ ਹੀ ਇਹ ਆਪਣਾ ਕਾਰਜਕਾਲ ਟਪਾ ਲੈਂਦੇ ਹਨ|
ਚੋਣ ਲੜਣ ਵਾਲੇ ਉਮੀਦਵਾਰਾਂ ਦੇ ਇਸ ਵਤੀਰੇ ਨੂੰ ਮੁੱਖ ਰੱਖਦਿਆਂ ਚੋਣ ਲੜਣ ਵਾਲੇ ਉਮੀਦਵਾਰਾਂ ਦੀ ਜਨਤਾ ਦੇ ਪ੍ਰਤੀ ਜਵਾਬਦੇਹੀ ਦਾ ਮੁੱਦਾ ਸਭ ਤੋਂ ਅਹਿਮ ਹੋ ਜਾਂਦਾ ਹੈ ਅਤੇ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜਨਤਾ ਇਹ ਚਾਹੁਦੀ ਹੈ ਕਿ ਉਹਨਾਂ ਦਾ ਚੁਣਿਆ ਹੋਇਆ ਨੁਮਾਇੰਦਾ ਜਨਤਾ ਨੂੰ ਪੂਰੀ ਤਰ੍ਹਾਂ  ਜਵਾਬਦੇਹ ਹੋਵੇ| ਚੋਣ ਲੜਣ ਵਾਲਾ ਹਰੇਕ ਉਮੀਦਵਾਰ (ਚਾਹੇ ਚੋਣ ਜਿੱਤੇ ਜਾਂ ਹਾਰੇ) ਵੋਟਰਾਂ ਦੇ ਪ੍ਰਤੀ ਪੂਰੀ ਤਰ੍ਹਾਂ ਜਵਾਬਦੇਹ ਹੋਣਾ ਚਾਹੀਦਾ ਹੈ ਕਿਉਂਕਿ ਵੋਟਰਾਂ ਲਈ ਇਹ ਮੁੱਦਾ ਹੀ ਸਭ ਤੋਂ ਅਹਿਮ ਹੈ|

Leave a Reply

Your email address will not be published. Required fields are marked *