ਉਮੀਦਵਾਰਾਂ ਨੇ ਵਿਸਾਰ ਦਿੱਤੇ ਪੁਰਾਣੇ ਹੋ ਚੁੱਕੇ ਮੁੱਦੇ

ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਨਾਮਜਦਗੀਆਂ ਦਾਖਿਲ ਕਰਨ ਦਾ ਸਮਾਂ ਖਤਮ ਹੋ ਗਿਆ ਹੈ ਅਤੇ ਇਸ ਵਾਰ 2000 ਦੇ ਕਰੀਬ ਉਮੀਦਵਾਰਾਂ ਵਲੋਂ ਆਪਣੇ ਪਰਚੇ ਦਾਖਿਲ ਕੀਤੇ ਗਏ ਹਨ| ਇਸ ਨਾਲ ਅਜਿਹਾ ਲੱਗ ਰਿਹਾ ਹੈ ਕਿ ਇਸ ਵਾਰ 1000 ਦੇ ਕਰੀਬ ਉਮੀਦਵਾਰ ਵਿਧਾਨਸਭਾ ਚੋਣਾ ਵਿੱਚ ਆਪਣੀ ਕਿਸਮਤ ਅਜਮਾਉਣ ਲਈ ਉਤਰਣਗੇ| ਇਸ ਦੌਰਾਨ ਉਮੀਦਵਾਰਾਂ ਵਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ ਵੀ ਪੂਰੀ ਤੇਜੀ ਤੇ ਪਹੁੰਚ ਗਿਆ ਹੈ| ਪੰਜਾਬ ਦੀਆਂ ਲਗਭਗ ਸਾਰੀਆਂ ਹੀ ਸੀਟਾਂ ਤੇ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਲੋਕ ਲੁਭਾਊ ਗੱਲਾਂ ਤਾਂ ਕੀਤੀਆਂ ਜਾ ਰਹੀਆਂ ਹਨ, ਪਰ ਪੰਜਾਬ ਦੇ ਪੁਰਾਣੇ ਹੋ ਚੁਕੇ ਮੁੱਦਿਆਂ ਨੂੰ ਇਹਨਾਂ ਉਮੀਦਵਾਰ ਵਲੋਂ ਲਗਭਗ ਵਿਸਾਰ ਦਿੱਤਾ ਗਿਆ ਹੈ ਅਤੇ ਇਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ|
ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਵਿੱਚ ਜਿਨ੍ਹਾਂ ਮੁੱਖ ਪਾਰਟੀਆਂ (ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ) ਵਿੱਚ ਚੋਣ ਲੜਾਈ ਹੋਣੀ ਹੈ, ਉਹ ਤਿੰਨੇ ਹੀ ਪੰਜਾਬ ਦੇ ਇਹਨਾਂ ਮੁੱਦਿਆਂ ਨੂੰ ਠੰਢੇ ਬਸਤੇ ਵਿੱਚ ਪਾ ਕੇ ਬੈਠੀਆਂ ਹਨ, ਫਿਰ ਬਾਕੀ ਛੋਟੀਆਂ ਜਾਂ ਘੱਟ ਆਧਾਰ ਵਾਲੀਆਂ ਪਾਰਟੀਆਂ ਅਤੇ ਆਜਾਦ ਉਮੀਦਵਾਰਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ| ਅਜਿਹਾ ਸਮਝਿਆ ਜਾ ਰਿਹਾ ਹੈ ਕਿ ਇਸ ਵਾਰ ਚੋਣਾਂ ਦੌਰਾਨ ਪੰਜਾਬ ਵਿੱਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੀ ਮੁੱਖ ਮੁਕਾਬਲਾ ਹੋਣਾ ਹੈ ਅਤੇ ਇਹਨਾਂ ਤਿੰਨਾਂ ਹੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਵਿੱਚ ਆਪਣਾ ਪੂਰਾ ਜੋਰ ਲਗਾ ਦਿੱਤਾ ਗਿਆ ਹੈ|
ਜਿੱਥੇ ਸ੍ਰੋਮਣੀ ਅਕਾਲੀ ਦਲ ਵਿਕਾਸ ਦੇ ਮੁੱਦੇ ਤੇ ਚੋਣਾਂ ਲੜ ਰਿਹਾ ਹੈ ਉੱਥੇ ਕਾਂਗਰਸ ਪਾਰਟੀ ਵਲੋਂ ਸੂਬੇ ਵਿੱਚ ਫੈਲੀ ਨਸ਼ਿਆਂ ਦੀ ਸਮੱਸਿਆ, ਬੇਰੁਜਗਾਰੀ, ਸਰਕਾਰ ਦੀ ਢਿੱਲੀ ਕਾਰਗੁਜਾਰੀ ਅਤੇ ਪ੍ਰਸ਼ਾਸ਼ਨਿਕ ਤੰਤਰ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਮੁੱਖ ਮੁੱਦਾ ਬਣਾਇਆ ਗਿਆ ਹੈ| ਆਮ ਆਦਮੀ ਪਾਰਟੀ ਇਹਨਾ ਦੋਵਾਂ ਪਾਰਟੀਆਂ ਵਲੋਂ ਹੁਣ ਤਕ ਸੂਬੇ ਵਿੱਚ ਵਾਰੀ ਬਦਲ ਕੇ ਕੀਤੇ ਜਾਂਦੇ ਰਹੇ ਰਾਜ ਕਾਜ ਦੀਆਂ ਕਮੀਆਂ ਕੱਢ ਕੇ ਅਤੇ ਬਦਲਵਾਂ ਨਿਜਾਮ ਦੇਣ ਦੀ ਗੱਲ ਕਰ ਰਹੀ ਹੈ ਪਰ ਪੰਜਾਬ ਦੇ ਪੁਰਾਣੇ ਮੁੱਦਿਆਂ ਬਾਰੇ ਦੋਵਾਂ ਪਾਰਟੀਆਂ ਦੇ ਆਗੂ ਚੁੱਪ ਹਨ|
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਦਰਿਆਈ ਪਾਣੀਆਂ ਦੇ ਮਸਲੇ ਸਮੇਤ ਕਈ ਅਜਿਹੇ ਮਸਲੇ ਹਨ, ਜਿਨ੍ਹਾਂ ਨੂੰ ਇਹਨਾਂ ਪਾਰਟੀਆਂ ਵਲੋਂ ਸਮੇਂ ਸਮੇਂ ਤੇ ਚੁੱਕਿਆ ਜਾਂਦਾ ਰਿਹਾ ਹੈ ਅਤੇ ਸੂਬੇ ਦੀ ਜਨਤਾ ਦਾ ਇਹਨਾਂ ਮੁੱਦਿਆਂ ਨਾਲ ਭਾਵਨਾਤਮਕ ਜੁੜਾਅ ਰਿਹਾ ਹੈ| ਉਪਰੋਕਤ ਮੁੱਦਿਆਂ ਨੂੰ ਹਵਾ ਦੇ ਕੇ ਸਾਡੇ ਕਈ ਰਾਜਨੀਤਿਕ ਆਗੂਆਂ ਵਲੋਂ ਲੰਬਾ ਸਮਾਂ ਆਪੀਣੀਆ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਰਹੀਆਂ ਹਨ ਪਰੰਤੂ ਲੱਗਦਾ ਹੈ ਕਿ  ਹੁਣ ਸਾਡੇ ਆਗੂਆਂ ਵਲੋਂ ਇਹਨਾਂ ਪੁਰਾਣੇ ਮੁੱਦਿਆਂ ਤੋਂ ਆਪਣੇ ਹੱਥ ਪੂਰੀ ਤਰ੍ਹਾਂ ਝਾੜ ਲਏ ਗਏ ਹਨ|
ਇਹਨਾਂ ਚੋਣਾਂ ਦਾ ਨਤੀਜਾ ਕੀ ਨਿਕਲੇਗਾ ਅਤੇ ਪੰਜਾਬ ਵਿੱਚ ਆਉਣ ਵਾਲੀ ਸਰਕਾਰ ਕਿਸ ਪਾਰਟੀ ਦੀ ਬਣੇਗੀ ਇਸ ਬਾਰੇ ਕੁੱਝ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ, ਪਰ ਜਿਸ ਹਿਸਾਬ ਨਾਲ ਵੋਟਰਾਂ ਨੇ ਚੁੱਪ ਧਾਰੀ ਹੋਈ ਹੈ, ਉਸ ਨਾਲ ਤਾਂ ਅਜਿਹਾ ਹੀ ਲੱਗਦਾ ਹੈ ਕਿ ਇਸ ਵਾਰੀ ਆਮ ਲੋਕਾਂ ਵਿੱਚ ਚੋਣਾਂ ਸੰਬੰਧੀ ਰੁਝਾਨ ਹੀ ਘੱਟ ਹੈ| ਅਸਲ ਵਿੱਚ ਲੋਕ ਅਕਾਲੀ ਅਤੇ ਕਾਂਗਰਸ ਦੋਵਾਂ ਹੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਪਰਖ ਚੁੱਕੇ ਹਨ ਅਤੇ ਵੋਟਰਾਂ ਦਾ ਇੱਕ ਵੱਡਾ ਹਿੱਸਾ ਇਸ ਵਾਰ ਬਦਲ ਦੇ ਤੌਰ ਤੇ ਆਮ ਆਦਮੀ ਪਾਰਟੀ ਤੇ ਦਾਅ ਖੇਡਣ ਦਾ ਚਾਹਵਾਨ ਵੀ ਦਿਖ ਰਿਹਾ ਹੈ ਪਰ ਇਸਦੇ ਬਾਵਜੂਦ ਲੋਕਾਂ ਦੇ ਦਿਲ ਵਿੱਚ ਕੀ ਹੈ ਇਸਦਾ ਪਤਾ ਤਾਂ ਚੋਣਾਂ ਦੇ ਨਤੀਜੇ ਹੀ ਦੱਸਣਗੇ|
ਸਿਆਸੀ ਪਾਰਟੀਆਂ ਵੱਲੋਂ ਇੱਕ-ਦੂਜੇ ਬਾਰੇ ਕੀਤੀ ਜਾ ਰਹੀ ਬਿਆਨਬਾਜੀ ਨਾਲ ਰਾਜਨੀਤਿਕ ਲੜਾਈ ਭਾਵੇਂ ਤਿੱਖੀ ਹੋ ਗਈ ਹੈ ਪਰੰਤੂ ਆਮ ਲੋਕ ਇਸ ਗੱਲ ਨੂੰ ਲੈ ਕੇ ਕੁੱਝ ਨਿਰਾਸ਼ ਵੀ ਦਿਖਦੇ ਹਨ ਕਿ ਚੋਣ ਲੜਣ ਵਾਲੇ ਉਮੀਦਵਾਰਾਂ ਦੀ ਪੂਰੀ ਤਾਕਤ ਅਸਲ ਮੁੱਦਿਆ ਦੀ ਗੱਲ ਕਰਨ ਦੀ ਥਾਂ ਇੱਕ-ਦੂਜੇ ਦੀ ਨਿਖੇਧੀ ਕਰਨ ਵਿੱਚ ਹੀ ਲੱਗੀ ਹੋਈ ਹੈ| ਆਮ ਵੋਟਰ ਨੂੰ ਚਾਹੀਦਾ ਹੈ ਕਿ ਉਹ ਰਾਜਨੀਤਿਕ ਪਾਰਟੀਆਂ ਦੇ ਝਾਂਸੇ ਵਿੱਚ ਨਾ ਫਸੇ ਅਤੇ ਅਜਿਹੇ ਆਗੂ ਨੂੰ ਵੋਟ ਦੇਵੇ ਜਿਹੜਾ ਉਹਨਾਂ ਪ੍ਰਤੀ ਜਵਾਬਦੇਹ ਹੋਵੇ| ਅਜਿਹਾ ਉਮੀਦਵਾਰ ਜੋ ਇਮਾਨਦਾਰ ਹੋਵੇ, ਜਿਸ ਦੀ ਕਹਿਣੀ ਅਤੇ ਕਰਨੀ ਵਿੱਚ ਅੰਤਰ ਨਾ ਹੋਵੇ ਅਤੇ ਜਿਹੜਾ ਲੋਕਾਂ ਦੇ ਮਸਲੇ ਹੱਲ ਕਰਵਾਉਣ ਦੇ ਯੋਗ ਹੋਵੇ| ਅਜਿਹਾ ਉਮੀਦਵਾਰ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਪਰੰਤੂ ਉਸਦਾ ਲੋਕ ਹਿਤ ਦੇ ਮਸਲਿਆਂ ਪ੍ਰਤੀ ਜਵਾਬਦੇਹ ਹੋਣਾ ਹੀ ਉਸਦੀ ਮੁੱਢਲੀ ਕਾਬਲੀਅਤ ਹੋਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *