ਉਮੀਦਵਾਰ ਦੀ ਕਾਬਲੀਅਤ ਦੇ ਆਧਾਰ ਤੇ ਹੋਵੇ ਨੁਮਾਇੰਦੇ ਦੀ ਚੋਣ

ਪੰਜਾਬ ਵਿਧਾਨਸਭਾ ਦੀਆਂ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਲਈ ਮੈਦਾਨ ਭਖ ਗਿਆ ਹੈ ਅਤੇ ਚੋਣ ਮੈਦਾਨ ਵਿੱਚ ਭਿੜਣ ਵਾਲੀਆਂ ਸਿਆਸੀ ਪਾਰਟੀਆਂ ਵਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਚੋਣ ਪ੍ਰਚਾਰ ਦਾ ਅਮਲ ਵੀ ਤੇਜ ਕਰ ਦਿੱਤਾ ਗਿਆ ਹੈ| ਪੰਜਾਬ ਵਿੱਚ ਇਸ ਵਾਰ ਤਿਕੋਨਾ ਮੁਕਾਬਲਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ| ਸੂਬੇ ਦੀ ਸੱਤਾਧਾਰੀ ਪਾਰਟੀ ਅਕਾਲੀ ਦਲ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਨਾਲ ਨਾਲ ਇਸ ਵਾਰ ਆਮ ਆਦਮੀ ਪਾਰਟੀ ਵਲੋਂ ਵੀ ਪੂਰੇ ਜ਼ੋਰ-ਸ਼ੋਰ ਨਾਲ ਆਪਣੀ ਚੋਣ ਮੁਹਿੰਮ ਚਲਾਈ ਜਾ ਰਹੀ ਹੈ| ਇਹਨਾਂ ਵਲੋਂ ਆਪਣੇ ਜਿਆਦਾਤਰ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਚੁੱਕਿਆ ਹੈ ਅਤੇ ਇਹ ਤਿੰਨੇ ਹੀ ਸੂਬੇ ਦੀ ਸੱਤਾ ਦੇ ਮੁੱਖ         ਦਾਅਵੇਦਾਰ ਬਣੇ ਹੋਏ ਹਨ, ਪਰ ਆਮ ਵੋਟਰਾਂ ਨੇ ਅਜੇ ਤੱਕ ਕਿਸੇ ਵੀ ਪਾਰਟੀ ਦੇ ਪੱਖ ਵਿੱਚ ਆਪਣਾ ਸਮਰਥਨ ਖੁੱਲ੍ਹ ਕੇ ਜਾਹਿਰ ਨਹੀਂ ਕੀਤਾ ਹੈ|
ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਮੌਕੇ ਸਾਡੇ ਸ਼ਹਿਰ ਅਤੇ ਇਸਦੇ ਨਾਲ ਲੱਗਦੇ ਪੇਂਡੂ ਖੇਤਰਾਂ ਨੂੰ ਇੱਕ ਵੱਖਰੇ ਵਿਧਾਨਸਭਾ ਹਲਕੇ ਦਾ ਦਰਜਾ ਹਾਸਿਲ ਹੋਇਆ ਸੀ ਅਤੇ ਇਸਦੇ ਨਾਲ ਹੀ ਸਾਡੇ ਸ਼ਹਿਰ ਦੇ ਵੋਟਰਾਂ ਨੂੰ ਇਹ ਤਾਕਤ ਹਾਸਿਲ ਹੋ ਗਈ ਸੀ ਕਿ ਉਹਨਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਵੋਟਾਂ ਹਲਕੇ ਤੋਂ ਚੋਣ ਲੜਣ ਵਾਲੇ ਉਮੀਦਵਾਰਾਂ ਦੀ ਜਿੱਤ ਹਾਰ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਉਣਗੀਆਂ| ਵੱਖਰੇ ਹਲਕੇ ਦਾ ਦਰਜਾ ਮਿਲਣ ਤੋਂ ਪਹਿਲਾਂ ਤਕ ਸਾਡਾ ਸ਼ਹਿਰ ਖਰੜ ਵਿਧਾਨਸਭਾ ਹਲਕੇ ਦਾ ਹਿੱਸਾ ਹੁੰਦਾ ਸੀ ਅਤੇ ਖਰੜ ਹਲਕੇ ਵਿੱਚ ਸਾਡੇ ਸ਼ਹਿਰ ਦੀਆਂ ਵੋਟਾਂ ਦੀ ਗਿਣਤੀ ਹਲਕੇ ਦੀਆਂ ਕੁਲ ਵੋਟਾਂ ਦੀ 30-35 ਫੀਸਦੀ ਤਕ ਹੀ ਸੀਮਿਤ ਹੁੰਦੀ ਸੀ| ਉਸ ਵੇਲੇ ਹਾਲਾਤ ਇਹ ਹੁੰਦੇ ਸੀ ਕਿ ਜੇਕਰ ਸ਼ਹਿਰਵਾਸੀਆਂ ਵਲੋਂ ਇੱਕਜੁਟ ਹੋ ਕੇ ਕਿਸੇ ਉਮੀਦਵਾਰ ਨੂੰ ਸਮਰਥਨ ਵੀ ਦੇ ਦਿੱਤਾ ਜਾਵੇ ਤਾਂ ਵੀ ਉਸ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਨਹੀਂ ਕਿਹਾ ਜਾ ਸਕਦਾ ਸੀ ਜਦੋਂਕਿ ਹੁਣ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ ਅਤੇ ਸ਼ਹਿਰ ਵਾਸੀਆਂ ਦੀਆਂ ਵੋਟਾਂ ਨਾਲ ਹੀ ਇਹ ਤੈਅ ਹੁੰਦਾ ਹੈ ਕਿ ਸਾਡੇ ਹਲਕੇ ਦੀ ਨੁਮਾਇੰਦਗੀ ਕੋਣ ਕਰੇਗਾ|
ਸਾਡੇ ਹਲਕੇ ਵਿੱਚ ਹੁਣ ਤਕ ਜਿਹੜੇ ਉਮੀਦਵਾਰ ਸਾਮ੍ਹਣੇ ਆਏ ਹਨ ਉਹਨਾਂ ਵਿੱਚ ਮੁੱਖ ਤੌਰ ਤੇ ਮੁਕਾਬਲਾ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿੱਚ ਹੀ ਨਜਰ ਆ ਰਿਹਾ ਹੈ| ਜੇਕਰ ਹਲਕੇ ਦੇ ਵੋਟਰਾਂ ਦੀ ਗੱਲ ਕਰੀਏ ਤਾਂ ਵੋਟਰ ਹੁਣੇ ਚੁੱਪੀ ਧਾਰ ਕੇ ਬੈਠੇ ਹਨ| ਸਾਡੇ ਸ਼ਹਿਰ ਦੇ ਵੋਟਰ ਪੜ੍ਹੇ ਲਿਖੇ ਹਨ ਅਤੇ ਉਹਨਾਂ ਨੂੰ ਭਰਮਾਉਣਾ ਸੌਖਾ ਨਹੀਂ ਹੈ| ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਸ਼ਹਿਰ ਦੇ ਵੋਟਰ ਵਲੋਂ ਹਾਲੇ ਤਕ ਆਪਣਾ ਦਿਲ ਨਹੀਂ ਖੋਲ੍ਹਿਆ ਗਿਆ ਹੈ ਅਤੇ ਉਸਨੇ ਆਪਣੀ ਮੁੱਠੀ ਪੂਰੀ ਤਰ੍ਹਾਂ ਬੰਦ ਰੱਖੀ ਹੋਈ ਹੈ|
ਸੂਬੇ ਵਿੱਚ ਇਸ ਵਾਰ ਕਿਸੇ ਇੱਕ ਪਾਰਟੀ ਦੀ ਜਿੱਤ ਯਕੀਨੀ ਨਾ ਦਿਖਦੀ ਹੋਣ ਕਰਕੇ ਵੀ ਸੂਬੇ ਦੀਆਂ ਜਿਆਦਾਤਰ ਸੀਟਾਂ ਤੇ ਇਸ ਵਾਰ ਸਖਤ ਮੁਕਾਬਲੇ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੌਰਾਨ ਉਮੀਦਵਾਰਾਂ ਵੱਲੋਂ ਆਪਣੇ ਵੋਟਰਾਂ ਨੂੰ ਭਰਮਾਉਣ ਲਈ ਅੱਡੀ-ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ| ਪੜ੍ਹੇ ਲਿਖੇ ਵੋਟਰ ਭਾਵੇਂ ਕਿਸੇ  ਦੇ ਝਾਂਸੇ ਵਿੱਚ ਨਹੀਂ ਆਉਂਦੇ ਹੋਣ ਪਰ ਭੋਲੇ-ਭਾਲੇ ਵੋਟਰ ਕਈ ਵਾਰ ਜਜਬਾਤੀ ਹੋ ਜਾਂਦੇ ਹਨ ਜਿਸਦਾ ਕਈ ਉਮੀਦਵਾਰ ਲਾਭ ਉਠਾ ਜਾਂਦੇ ਹਨ| ਪਿੰਡਾਂ ਦੇ ਵੋਟਰ ਆਮ ਕਰਕੇ ਉਮੀਦਵਾਰ ਦੀ ਥਾਂ ਪਾਰਟੀ ਵੇਖਕੇ ਵੋਟ ਪਾਉਂਦੇ ਹਨ| ਕਈ ਉਮੀਦਵਾਰ (ਜਿਆਦਾਤਰ) ਅਜਿਹੇ ਵੀ ਹਨ ਜਿਹੜੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਸਹਾਰਾ ਲੈਂਦੇ ਹਨ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਜਿੱਤ ਹਾਸਿਲ ਕਰਨ ਲਈ ਆਪਣੀ ਪੂਰੀ ਵਾਹ ਲਾਉਂਦੇ ਹਨ|
ਆਪਣੇ ਨੁਮਾਇੰਦੇ ਦੀ ਚੋਣ ਕਰਨ ਵੋਟਰਾਂ ਨੂੰ ਇਹ ਗੱਲ ਜਰੂਰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਸਾਡੇ ਨੁਮਾਇੰਦੇ ਵਿੱਚ ਇੰਨੀ ਕਾਬਲੀਅਤ ਜਰੂਰ ਹੋਵੇ ਕਿ ਉਹ ਲੋਕਾਂ ਨੂੰ ਆਏ ਦਿਨ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਹਲ ਕਰਨ ਦੇ ਨਾਲ ਨਾਲ ਹਲਕੇ ਦਾ ਸਰਬਪੱਖੀ ਵਿਕਾਸ ਕਰਨ ਦਾ ਸਮਰਥ ਹੋਵੇ| ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਉਮੀਦਵਾਰ ਦੀ ਚੋਣ ਕਰਨ  ਵੇਲੇ ਉਸਦੀ ਕਾਬਲੀਅਤ ਵੱਲ ਜਰੂਰ ਧਿਆਨ         ਦੇਣ ਅਤੇ ਚੰਗੀ ਤਰ੍ਹਾਂ ਵੇਖ ਪਰਖ ਕੇ ਹੀ ਆਪਣੇ ਉਮੀਦਵਾਰ ਬਾਰੇ ਫੈਸਲਾ ਕਰਨ|

Leave a Reply

Your email address will not be published. Required fields are marked *