ਉਲਝ ਰਹੀ ਹੈ ਕਸ਼ਮੀਰ ਸਮੱਸਿਆ

ਅਮਨ ਅਤੇ ਸ਼ਾਂਤੀ ਦੇ ਤਿਉਹਾਰ ਈਦ ਤੇ ਜਿਸ ਤਰ੍ਹਾਂ ਪਾਕਿਸਤਾਨ ਦੇ ਪੈਸਿਆਂ ਤੇ ਪਲਣ ਵਾਲੇ ਪੱਥਰਬਾਜ ਗੈਂਗ ਨੇ ਆਪਣੀ ਕਾਇਰਾਨਾ ਅਤੇ ਦੂਜੇ ਦਰਜੇ ਦੀ ਮਾਨਸਿਕਤਾ ਦੀ ਜਾਣ ਪਹਿਚਾਣ ਦਿੱਤੀ ਹੈ, ਉਸਨੂੰ ਪੂਰੇ ਦੇਸ਼ ਨੇ ਵੇਖਿਆ| ਰਾਜ ਵਿੱਚ ਅਮਨ ਬਹਾਲੀ ਵਾਸਤੇ ਸਰਕਾਰ ਨੇ ਜਿਸ ਇੱਛਾ ਦੇ ਨਾਲ ਇੱਕ ਮਹੀਨੇ ਦੀ ਜੰਗਬੰਦੀ ਦਾ ਇਕਤਰਫਾ ਫੈਸਲਾ ਲਿਆ, ਉਸਦਾ ਸਨਮਾਨ ਨਾ ਤਾਂ ਪਾਕਿਸਤਾਨ ਨੇ ਕੀਤਾ, ਨਾ ਵੱਖਵਾਦੀਆਂ ਨੇ ਅਤੇ ਨਾ ਉੱਥੇ ਦੇ ਮੁੱਠੀ ਭਰ ਪੱਥਰਬਾਜਾਂ ਨੇ| ਇਸ ਇੱਕ ਮਹੀਨੇ ਦੇ ਦੌਰਾਨ ਫੌਜ ਅਤੇ ਸੁਰੱਖਿਆ ਦਸਤਿਆ ਤੇ ਹਮਲੇ ਲਗਾਤਾਰ ਹੁੰਦੇ ਰਹੇ| ਇਸ ਦੌਰਾਨ ਬੀਐਸਐਫ ਅਤੇ ਫੌਜ ਦੇ ਕਈ ਜਵਾਨ ਸ਼ਹੀਦ ਵੀ ਹੋਏ | ਸ਼ਾਂਤੀ ਅਤੇ ਸੰਵਾਦ ਦੀ ਹਮਾਇਤ ਕਰਨ ਵਾਲੇ ਸੀਨੀਅਰ ਪੱਤਰਕਾਰ ਸ਼ੁਜਾਅਤ ਬੁਖਾਰੀ ਦੀ ਹੱਤਿਆ ਕਰ ਦਿੱਤੀ ਗਈ| ਅਨੰਤਨਾਗ ਅਤੇ ਪੁਲਵਾਮਾ ਵਿੱਚ ਫੌਜ ਦੇ ਕੈਂਪ ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਦੋ ਜਵਾਨ ਸ਼ਹੀਦ ਹੋ ਗਏ| ਅਜਿਹੇ ਵਿੱਚ ਸ਼ਾਂਤੀ ਦੀ ਪਹਿਲ ਕਰਨ ਦਾ ਕੀ ਕੋਈ ਮਤਲਬ ਰਹਿ ਵੀ ਜਾਂਦਾ ਹੈ? ਸਰਕਾਰ ਨੂੰ ਇਸ ਬਾਰੇ ਸਿਰੇ ਤੋਂ ਵਿਚਾਰ ਕਰਨਾ ਪਵੇਗਾ| ਜਿਸ ਤਰ੍ਹਾਂ ਈਦ ਦੇ ਦਿਨ ਘਾਟੀ ਵਿੱਚ ਪੱਥਰਬਾਜੀ ਹੋਈ, ਪਾਕਿਸਤਾਨ ਅਤੇ ਆਈਐਸ ਦੇ ਝੰਡੇ ਦਿਖਾਏ ਗਏ| ਉਸ ਨਾਲ ਇੰਨਾ ਤਾਂ ਇਲਮ ਹੋ ਹੀ ਜਾਂਦਾ ਹੈ ਕਿ ਕਸ਼ਮੀਰ ਦੇ ਕੁਝ ਨਾਪਾਕ ਲੋਕਾਂ ਨੂੰ ਨਾ ਤਾਂ ਇਨਸਾਨੀਅਤ, ਕਸ਼ਮੀਰੀਅਤ ਅਤੇ ਨਾ ਹੀਂ ਜਮਹੂਰੀਅਤ ਪਸੰਦ ਹੈ| ਉਨ੍ਹਾਂ ਨੂੰ ਹੁਣ ਕਿਸ ਭਾਸ਼ਾ ਅਤੇ ਬੋਲੀ ਵਿੱਚ ਸਮਝਾਇਆ ਜਾਵੇ, ਇਸ ਤੇ ਗੰਭੀਰਤਾ ਨਾਲ ਮੰਥਨ ਕਰਨ ਦਾ ਵਕਤ ਆ ਗਿਆ ਹੈ| ਅੰਕੜੇ ਇਸ ਗੱਲ ਦੀ ਤਸਦੀਕ ਕਰਦੇ ਹਨ ਕਿ ਪਾਕਿਸਤਾਨ ਨੇ ਇਸ ਸਾਲ ਜੂਨ ਦੇ ਪਹਿਲੇ ਹਫਤੇ ਤੱਕ 1000 ਤੋਂ ਜ਼ਿਆਦਾ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ| ਉਸਨੂੰ ਭਾਰਤ ਦੀ ਅਮਨ ਬਹਾਲੀ ਦੀ ਗੰਭੀਰ ਕੋਸ਼ਿਸ਼ਾਂ ਦੀ ਜਰਾ ਵੀ ਚਿੰਤਾ ਜਾਂ ਸਰੋਕਾਰ ਨਹੀਂ ਹੈ| ਸੂਬੇ ਵਿੱਚ ਸ਼ਾਂਤੀ ਅਤੇ ਅਮਨ-ਚੈਨ ਦਾ ਮਾਹੌਲ ਹੋਵੇ, ਇਸਦੇ ਲਈ ਭਾਰਤ ਵੱਲੋਂ ਅਣਗਿਣਤ ਯਤਨ ਹੋਏ| ਕਦੇ ਵਿਸ਼ੇਸ਼ ਦੂਤ ਦੀ ਨਿਯੁਕਤੀ ਕੀਤੀ ਗਈ ਤਾਂ ਕਦੇ ਵਿਸ਼ੇਸ਼ ਵਫਦ ਨੇ ਰਾਜ ਦਾ ਦੌਰਾ ਕੀਤਾ| ਤੇ ਕਦੇ ਉੱਥੇ ਦੇ ਨੌਜਵਾਨਾਂ ਦੇ ਕੈਰੀਅਰ ਲਈ ਫੌਜ ਅਤੇ ਸਰਕਾਰ ਨੇ ਕਈ ਯੋਜਨਾਵਾਂ ਚਲਾਈਆਂ| ਪਰ ਨਤੀਜਾ ਸਿਫਰ! ਤਾਂ ਅਖੀਰ ਇਹ ਜੰਨਤ ਕਦੋਂ ਤੱਕ ਜਹੰਨੁਮ ਬਣਿਆ ਰਹੇਗਾ? ਕੀ ਸਖਤੀ ਹੀ ਇੱਥੇ ਅਮਨ ਦੀ ਰਾਹ ਦਿਖਾਏਗੀ ਜਾਂ ਪਹਿਲਾਂ ਕੀਤੇ ਯਤਨਾਂ ਤੋਂ ਇਲਾਵਾ ਸਰਕਾਰ ਕੁੱਝ ਹੋਰ ਨਵਾਂ ਸੋਚੇਗੀ? ਇਹਨਾਂ 30 ਦਿਨਾਂ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ ਪ੍ਰਸਤ ਅੱਤਵਾਦੀਆਂ ਨੇ ਭਾਰਤ ਦੀ ਦਯਾਸ਼ੀਲਤਾ ਦਾ ਬੇਜਾ ਇਸਤੇਮਾਲ ਕੀਤਾ| ਸੋ, ਬਿਨਾਂ ਵਕਤ ਗਵਾਏ ਰਾਜ ਦੀ ਤਕਦੀਰ ਅਤੇ ਤਸਵੀਰ ਬਦਲ ਦੇਣ ਦਾ ਦਾਅਵਾ ਕਰਨ ਵਾਲੀ ਕੇਂਦਰ ਸਰਕਾਰ ਨੂੰ ਅੰਤਮ ਨਤੀਜੇ ਤੱਕ ਪੁੱਜਣ ਦਾ ਹੱਲ ਲੱਭਣਾ ਪਵੇਗਾ|
ਕਮਲਪ੍ਰੀਤ ਸਿੰਘ

Leave a Reply

Your email address will not be published. Required fields are marked *