ਉਸਾਰੀ ਅਧੀਨ ਫਲਾਈਓਵਰ ਢਹਿ-ਢੇਰੀ, ਮਲਬੇ ਹੇਠਾਂ ਦੱਬੇ ਮਜ਼ਦੂਰ

ਨਵੀਂ ਦਿੱਲੀ, 11 ਅਗਸਤ (ਸ.ਬ.) ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਬਸਤੀ ਵਿੱਚ ਕੌਮੀ ਮਾਰਗ 28 ਉਤੇ ਇੱਕ ਉਸਾਰੀ ਅਧੀਨ ਫਲਾਈ ਓਵਰ ਢਹਿ ਗਿਆ| ਹਾਦਸਾ ਅੱਜ ਸਵੇਰੇ ਸਾਢੇ 7 ਵਜੇ ਵਾਪਰਿਆ| ਇਸ ਵਿੱਚ 4 ਵਿਅਕਤੀ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ| ਦੋ ਵਿਅਕਤੀ ਹਾਲ਼ੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ| ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹਨ|
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨਐਚਆਈ) ਵੱਲੋਂ ਕਰੋੜਾਂ ਦੀ ਲਾਗਤ ਨਾਲ ਬਣ ਰਿਹਾ ਇਹ ਪੁਲ਼ 60 ਫੀਸਦੀ ਪੂਰਾ ਹੋ ਚੁੱਕਿਆ ਸੀ| ਖਬਰ ਏਜੰਸੀ ਏਐਨ ਆਈ ਮੁਤਾਬਕ ਬਚਾਅ ਕਾਰਜ ਹਾਲ਼ੇ ਤਕ ਜਾਰੀ ਹਨ| ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਥਾਨਕ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਇਸ ਆਪਰੇਸ਼ਨ ਨੂੰ ਖਤਮ ਕਰਨ ਦੇ ਨਿਦਰੇਸ਼ ਦਿੱਤੇ ਹਨ ਤਾਂ ਕਿ ਆਵਾਜਾਈ ਪ੍ਰਭਾਵਿਤ ਨਾ ਹੋ ਸਕੇ|
ਜ਼ਿਕਰਯੋਗ ਹੈ ਕਿ ਯੂਪੀ ਵਿੱਚ ਸੜਕਾਂ ਤੇ ਪੁਲ਼ ਢਹਿਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ| ਪਿਛਲੇ ਮਹੀਨੇ ਵੀ ਲਖਨਊ-ਆਗਰਾ ਐਕਸਪ੍ਰੈਸ ਵੇਅ ਉਤੇ ਐਸਯੂਵੀ ਗੱਡੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਜੋ ਸਰਵਿਸ ਰੋਡ ਤੋਂ 15-20 ਫੁੱਟ ਹੇਠਾ ਧਸ ਗਈ ਸੀ| ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸੀ ਪਰ ਇਸ ਤਰ੍ਹਾਂ ਸੜਕ ਹੇਠਾਂ ਧਸ ਜਾਣ ਨਾਲ ਸੂਬੇ ਦੀਆਂ ਸੜਕਾਂ ਦੀ ਪੋਲ ਖੁੱਲ੍ਹ ਗਈ ਸੀ| ਇਸ ਤੋਂ ਇਲਾਵਾ ਮਈ ਮਹੀਨੇ ਵਿੱਚ ਵਾਰਾਣਸੀ ਵਿੱਚ ਵੀ ਪੁਲ਼ ਢਹਿਣ ਨਾਲ 18 ਤੋਂ 20 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖ਼ਮੀ ਹੋ ਗਏ ਸਨ|

Leave a Reply

Your email address will not be published. Required fields are marked *