ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ ਰੈਲੀ

ਐਸ ਏ ਐਸ ਨਗਰ, 4 ਅਪ੍ਰੈਲ (ਸ.ਬ.) ਉਸਾਰੀ ਮਿਸਤਰੀ ਮਜਦੂਰ ਯੂਨੀਅਨ (ਇਫਟੂ) ਪੰਜਾਬ ਵਲੋਂ ਫੇਜ਼ 8 ਦੀ ਦਸ਼ਹਿਰਾ ਗ੍ਰਾਊਂਡ ਵਿੱਚ ਰੈਲੀ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਇਫਟੂ}ਦੇ ਕੌਮੀ ਜਨਰਲ ਸਕੱਤਰ ਕਾਮਰੇਡ ਰਾਜ ਸਿੰਘ ਨੇ ਕਿਹਾ ਕਿ ਦੇਸ਼ ਭਰ ਵਿੱਚ ਕੰਮ ਕਰ ਰਹੇ 8 ਕਰੋੜ ਉਸਾਰੀ ਕਿਰਤੀਆਂ ਵਿੱਚੋਂ 30 ਲੱਖ ਕਿਰਤੀ ਹੀ ਸੂਬਾ ਸਰਕਾਰਾਂ ਵਲੋਂ ਰਜਿਸਟਰਡ ਕੀਤੇ ਗਏ ਹਨ| ਸਾਲ 1996 ਤੋਂ ਲੋਕ ਸਭਾ ਵਲੋਂ ਪਾਸ ਉਸਾਰੀ ਕਿਰਤੀ ਭਲਾਈ ਕਾਨੂੰਨ 22 ਸਾਲਾਂ ਬਾਅਦ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ| ਉਹਨਾਂ ਕਿਹਾ ਕਿ ਵੱਖ ਵੱਖ ਸੂਬਾ ਸਰਕਾਰਾਂ ਕੋਲ 50 ਹਜਾਰ ਕਰੋੜ ਰੁਪਏ ਤੋਂ ਵੱਧ ਰਕਮ ਸੈੱਸ ਦੇ ਰੂਪ ਵਿੱਚ ਜਮਾਂ ਪਈ ਹੈ, ਪੰਜਾਬ ਸਰਕਾਰ ਕੋਲ ਵੀ 1400 ਕਰੋੜ ਰੁਪਏ ਜਮਾਂ ਹਨ| ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਇਹ ਫੰਡ ਸਿਰਫ ਉਸਾਰੀ ਵਰਕਰਾਂ ਉਪਰ ਹੀ ਖਰਚ ਕੀਤੇ ਜਾ ਸਕਦੇ ਹਨ ਪਰ ਕੇਂਦਰ ਸਰਕਾਰ ਜੀ ਐਸ ਟੀ ਦੇ ਬਹਾਨੇ ਇਹ ਪੈਸਾ ਹੜਪ ਕਰਨਾ ਚਾਹੁੰਦੀ ਹੈ|
ਇਸ ਮੌਕੇ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ 6.50 ਲੱਖ ਰਜਿਸਟਰਡ ਉਸਾਰੀ ਕਿਰਤੀਆਂ ਵਿੱਚੋਂ 2.70 ਲੱਖ ਕਿਰਤੀਆਂ ਦੀਆਂ ਰਜਿਸਟਰੇਸਨਾਂ ਖਤਮ ਹੋ ਚੁਕੀਆਂ ਹਨ| ਇਹ ਸਾਰੀ ਅਣਗਹਿਲੀ ਸਰਕਾਰ ਦੀ ਹੀ ਹੈ| ਅਗਸਤ 2017 ਤੋਂ ਆਨ ਲਾਈਨ ਫਾਰਮ ਜਮਾ ਕਰਨ ਦੇ ਅਧੀਨ ਸਾਰੇ ਪੰਜਾਬ ਵਿੱਚ ਕੋਈ ਵੀ ਫਾਰਮ ਜਮਾ ਨਹੀਂ ਹੋਇਆ| ਉਲਟਾ ਉਸਾਰੀ ਵਰਕਰ ਲਈ ਸ਼ਗਨ ਸਕੀਮ ਲੈਣ ਲਈ ਵੀ ਵਿਆਹ ਦਾ ਸਰਟੀਫਿਕੇਟ ਲੈਣ ਦੀ ਸਰਤ ਲਗਾ ਦਿੱਤੀ ਗਈ ਹੈ| ਸਕੂਲਾਂ ਵਿੱਚ ਸਿੱਖਿਆ ਮਹਿਕਮੇ ਨੇ ਉਸਾਰੀ ਵਰਕਰਾਂ ਦੇ ਬੱਚਿਆਂ ਦੇ ਵਜੀਫਾ ਫਾਰਮਾਂ ਉੱਪਰ ਦਸਤਖਤ ਕਰਨ ਤੇ ਰੋਕ ਲਗਾ ਦਿਤੀ ਹੈ| 2 ਹਜਾਰ ਰੁਪਏ ਯਾਤਰਾ ਭੱਤਾ ਲੈਣ ਲਈ 7 ਦਿਨਾਂ ਦੀ ਯਾਤਰਾ ਕਰਨ ਦੀ ਸ਼ਰਤ ਲਗਾ ਦਿੱਤੀ ਹੈ|
ਉਹਨਾਂ ਮੰਗ ਕੀਤੀ ਕਿ ਉਸਾਰੀ ਕਿਰਤੀਆਂ ਦੇ ਸਾਰੇ ਮਸਲੇ ਹੱਲ ਕੀਤੇ ਜਾਣ, ਕਿਰਤੀ ਭਲਾਈ ਬੋਰਡ ਵਿੱਚ ਮਿਸਤਰੀ ਮਜਦੂਰ ਯੂਨੀਅਨ ਦੇ ਦੋ ਨੁਮਾਇੰਦੇ ਲਏ ਜਾਣ, ਕਿਰਤੀਆਂ ਨੂੰ ਮਕਾਨ ਬਣਾਉਣ ਲਈ ਦੋ ਲੱਖ ਰੁਪਏ ਦੀ ਸਹੂਲਤ ਦਿਤੀ ਜਾਵੇ, ਹਾਦਸੇ ਸਮੇਂ ਸਾਰਾ ਖਰਚਾ ਕਿਰਤੀ ਭਲਾਈ ਬੋਰਡ ਵਲੋਂ ਕੀਤਾ ਜਾਵੇ|
ਇਸ ਮੌਕੇ ਯੂਨੀਅਨ ਆਗੂ ਬੂਟਾ ਸਿੰਘ ਤਰਨਤਾਰਨ, ਨਰ ਸਿੰਘ ਮਲੋਟ, ਅਵਤਾਰ ਸਿੰਘ ਅਬੋਹਰ, ਪ੍ਰਤਾਪ ਸਿੰਘ ਬਠਿੰਡਾ, ਕੁਲਵੰਤ ਸਿੰਘ ਠੱਠੀਭਾਈ, ਰਮੇਸ ਰਾਣ, ਨਿਰਮਲ ਸਿੰਘ, ਹਰੀ ਸਿੰਘ ਸਾਹਨੀ, ਜਸਬੀਰ ਦੀਪ,ਅੰਗਰੇਜ ਸਿੰਘ, ਹਾਕਮ ਸਿੰਘ, ਜੋਗਿੰਦਰ ਪਾਲ ਨੇ ਵੀ ਸੰਬੋਧਨ ਕੀਤਾ| ਰੈਲੀ ਵਿੱਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਸਨ|

Leave a Reply

Your email address will not be published. Required fields are marked *