ਉੱਘੇ ਸ਼੍ਰੋਮਣੀ ਪ੍ਰਚਾਰਕ ਭਾਈ ਜਰਨੈਲ ਸਿੰਘ ਨੂੰ ਸਨਮਾਨਿਤ ਕੀਤਾ

ਐਸ. ਏ. ਐਸ. ਨਗਰ, 26 ਮਈ (ਸ.ਬ.) ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਗੁ: ਸਿੰਘ ਸ਼ਹੀਦਾਂ ਵਿਖੇ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ, ਉਘੇ ਸ਼੍ਰੋਮਣੀ ਪ੍ਰਚਾਰਕ ਭਾਈ ਜਰਨੈਲ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਸੰਦੀਪ ਸਿੰਘ ਨੇ ਦੱਸਿਆ ਕਿ ਭਾਈ ਜਰਨੈਲ ਸਿੰਘ ਨੇ ਗੁ: ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਿੱਖ ਰਾਜ ਦੀ ਸਥਾਪਨਾ ਅਤੇ ਪਤਨ ਬਾਰੇ ਕਥਾ ਇਤਿਹਾਸ ਸਮਾਗਮ ਦੌਰਾਨ ਮਿਤੀ 5 ਤੋਂ 25 ਮਈ ਤੱਕ ਸੰਗਤਾਂ ਨੂੰ ਭਰਪੂਰ ਜਾਣਕਾਰੀ ਦਿੱਤੀ| ਉਨ੍ਹਾਂ ਨੇ ਦੱਸਿਆ ਕਿ ਦੇਸ਼ ਕੌਮ ਅਤੇ ਧਰਮ ਦੀ ਆਜ਼ਾਦੀ ਖਾਤਰ ਅੰਗਰੇਜ ਹਕੂਮਤ ਨਾਲ ਪਹਿਲੀ ਜੰਗ ਲੜਨ ਵਾਲੇ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਇਸ ਸ਼ਹੀਦੀ ਅਸਥਾਨ ਵਿਖੇ ਇਨ੍ਹਾਂ ਸਮਾਗਮਾਂ ਦੌਰਾਨ ਬਾਬਾ ਜਰਨੈਲ ਸਿੰਘ ਸਿੰਘਪੁਰਾ ਲੁਧਿਆਣਾ ਵਾਲਿਆਂ ਵਲੋ ਰੋਜ਼ਾਨਾ ਸ਼ਾਮ 4:30 ਤੋਂ 6 ਵਜੇ ਤੱਕ ਸਿੱਖ ਇਤਿਹਾਸ ਨਾਲ ਜੋੜਿਆ ਗਿਆ| ਇਸ ਮੌਕੇ ਤੇ ਗੁ: ਸਿੰਘ ਸ਼ਹੀਦਾਂ ਸੋਹਾਣਾ ਦੇ ਮੁਖੀ ਭਾਈ ਸੰਤ ਸਿੰਘ ਨੇ ਦੱਸਿਆ ਕਿ ਇਸ ਕਥਾ ਇਤਿਹਾਸ ਸਮਾਗਮ ਵਿੱਚ ਸਿੱਖ ਰਾਜ ਦੀ ਸਥਾਪਨਾ ਵਿੱਚ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਅਕਾਲੀ ਫੂਲਾ ਸਿੰਘ ਜੀ, ਸ਼ਾਮ ਸਿੰਘ ਅਟਾਰੀ ਵਾਲੇ, ਹਰੀ ਸਿੰਘ ਨਲੂਆ, ਮਹਾਰਾਣੀ ਜਿੰਦ ਕੌਰ, ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਯੋਗਦਾਨ ਬਾਰੇ ਚਾਨਣਾ ਪਾਇਆ ਗਿਆ| ਇਸ ਦੇ ਨਾਲ ਹੀ ਸਿੱਖ ਰਾਜ ਦੇ ਪਤਨ ਲਈ ਜਿੰਮੇਵਾਰ ਡੋਗਰੇ ਗੁਲਾਬ ਸਿੰਘ, ਮਿਸਰ ਲਾਲ ਸਿੰਘ, ਤੇਜ ਸਿੰਘ ਦੀ ਗੱਦਾਰੀ ਕਾਰਨ ਹੋਏ ਨੁਕਸਾਨ ਬਾਰੇ ਵੀ ਚਾਨਣਾ ਪਾਇਆ| ਇਸ ਸਨਮਾਨ ਸਮਾਰੋਹ ਵਿੱਚ ਪਿੰਡ ਅਤੇ ਇਲਾਕੇ ਦੇ ਪਤਵੰਤੇ ਸੱਜਣਾ ਨੇ ਉਚੇਚੇ ਤੌਰ ਤੇ ਭਾਗ ਲਿਆ| ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ|

Leave a Reply

Your email address will not be published. Required fields are marked *