ਉੱਡਦੇ ਜਹਾਜ਼ ਵਿਚ ਯਾਤਰੀ ਨੇ ਕੀਤਾ ਹੰਗਾਮਾ

ਸਿਆਟਲ, 8 ਜੁਲਾਈ (ਸ.ਬ.)  ਅਮਰੀਕਾ ਵਿਚ ਸਿਆਟਲ ਤੋਂ ਬੀਜਿੰਗ ਦੀ ਉਡਾਣ ਦੌਰਾਨ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ| ਡੈਲਟਾ ਏਅਰਲਾਈਨਜ਼ ਦੇ ਜਹਾਜ਼ ਵਿਚ ਸਵਾਰ ਇਕ ਯਾਤਰੀ ਉਡਾਣ ਦੌਰਾਨ ਬਾਹਰ ਜਾਣ ਵਾਲਾ ਦਰਵਾਜ਼ਾ (ਐਗਜ਼ਿਟ ਡੋਰ) ਖੋਲ੍ਹਣ ਲੱਗਾ ਅਤੇ ਹੋਰ ਯਾਤਰੀਆਂ ਨਾਲ ਲੜਾਈ ਕਰਨ ਲੱਗ ਪਿਆ| ਇਸ ਦੌਰਾਨ ਕਰੂ ਮੈਂਬਰਾਂ ਨਾਲ ਹੱਥੋਪਾਈ ਵਿੱਚ ਫਲਾਈਟ ਸਹਾਇਕ ਨੇ ਉਸ ਦੇ ਸਿਰ ਤੇ ਸ਼ਰਾਬ ਦੀ ਬੋਤਲ ਤੋੜ ਦਿੱਤੀ ਪਰ ਇਸ ਨਾਲ ਵੀ ਉਹ ਬੇਹੋਸ਼ ਨਹੀਂ ਹੋਇਆ|
ਅਮਰੀਕਾ ਦੇ ਸੰਘੀ ਜਾਂਚ ਬਿਊਰੋ ਦੇ ਇਕ ਏਜੰਟ ਨੇ ਦੋਸ਼ ਪੱਤਰ ਵਿੱਚ ਇਹ ਗੱਲ ਲਿਖੀ ਹੈ| ਇਹ ਘਟਨਾ ਸਥਾਨਕ ਸਮੇਂ ਮੁਤਾਬਕ ਵੀਰਵਾਰ ਰਾਤ ਦੀ ਹੈ| ਇਹ ਸਭ ਦੇਖ ਕੇ ਜਹਾਜ਼ ਵਿੱਚ ਸਵਾਰ ਬਾਕੀ ਦੇ ਯਾਤਰੀ ਘਬਰਾ ਗਏ|
ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ ਪ੍ਰੇਸ਼ਾਨੀ ਖੜ੍ਹੀ ਕਰਨ ਲਈ ਵੀਰਵਾਰ ਦੀ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ| ਉਸ ਦੇ ਕਾਰਨ ਜਹਾਜ਼ ਨੂੰ ਸਿਆਟਲ-ਟੈਕੋਮਾ ਕੌਮਾਂਤਰੀ ਹਵਾਈ ਅੱਡੇ ਤੇ ਪਰਤਣਾ ਪਿਆ| ਜਹਾਜ਼ ਵਿੱਚ ਭੜਥੂ ਪਾਉਣ ਵਾਲਾ ਯਾਤਰੀ ਫਲੋਰਿਡਾ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਂ ਜੋਸੇਫ ਡੇਨੀਅਲ ਹੁਡੇਕ ਚੁਤਰਥੀ ਹੈ| ਸ਼ੁੱਕਰਵਾਰ ਨੂੰ ਉਹ ਜੇਲ ਦੀ ਵਰਦੀ ਪਹਿਨੇ ਅਮਰੀਕਾ ਦੀ ਜ਼ਿਲਾ ਅਦਾਲਤ ਵਿੱਚ ਪੇਸ਼ ਹੋਇਆ| ਹੁਡੇਕ ਨੇ ਸੁਣਵਾਈ ਦੌਰਾਨ ਕੋਈ ਗੱਲ ਨਹੀਂ ਕੀਤੀ|
ਉਸ ਦੇ ਵਕੀਲ ਰਾਬਰਟ ਫਲੇਨਾਘ ਨੇ ਵੀ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ| ਹੁਡੇਕ ਉੱਤੇ ਜਹਾਜ਼ ਦੇ ਇਕ ਕਰੂ ਮੈਂਬਰ ਨਾਲ ਲੜਾਈ ਕਰਨ ਦਾ ਦੋਸ਼ ਲਾਇਆ ਗਿਆ ਹੈ, ਜਿਸ ਲਈ 20 ਸਾਲ ਤੱਕ ਦੀ ਜੇਲ ਦੀ ਸਜ਼ਾ ਅਤੇ 2,50,000 ਡਾਲਰ ਦੇ ਜ਼ੁਰਮਾਨਾ ਦੀ ਵਿਵਸਥਾ ਹੈ| ਉਸ ਦੇ 13 ਜੁਲਾਈ ਨੂੰ ਸੁਣਵਾਈ ਤੱਕ ਹਿਰਾਸਤ ਵਿੱਚ ਰਹਿਣ ਦੀ ਸੰਭਾਵਨਾ ਹੈ|
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਹੁਡੇਕ ਨੇ ਇਕ ਫਲਾਈਟ ਸਹਾਇਕ ਦੇ ਚਿਹਰੇ ਤੇ ਦੋ ਵਾਰ ਮੁੱਕੇ ਮਾਰੇ ਅਤੇ ਇਕ ਯਾਤਰੀ ਤੇ ਸ਼ਰਾਬ ਦੀ ਬੋਤਲ ਨਾਲ ਵਾਰ ਕੀਤਾ| ਇਸ ਤੋਂ ਬਾਅਦ ਫਲਾਈਟ ਸਹਾਇਕ ਨੇ ਸ਼ਰਾਬ ਦੀ ਬੋਤਲ ਹੁਡੇਕ ਦੇ ਸਿਰ ਤੇ ਮਾਰੀ| ਇਕ ਫਲਾਈਟ ਸਹਾਇਕ ਮੁਤਾਬਕ ਸ਼ਰਾਬ ਨਾਲ ਭਰੀ ਬੋਤਲ ਸਿਰ ਤੇ ਤੋੜਨ ਦਾ ਵੀ ਹੁਡੇਕ ਤੇ ਕੋਈ ਅਸਰ ਨਹੀਂ ਪਿਆ ਅਤੇ ਇਸ ਤੇ ਉਹ ਚੀਕਣ ਲੱਗਾ, ਕੀ ਤੂੰ ਜਾਣਦਾ ਹੈ ਮੈਂ ਕੌਣ ਹਾਂ? ਇਸ ਤੋਂ ਬਾਅਦ ਕੁਝ ਯਾਤਰੀਆਂ ਨੇ ਉਸ ਨੂੰ ਕਿਸੇ ਤਰ੍ਹਾਂ ਕਾਬੂ ਕੀਤਾ ਅਤੇ ਜਹਾਜ਼ ਵਾਪਸ ਪਰਤਣ ਤੋਂ ਬਾਅਦ ਪੋਰਟ ਆਫ ਸਿਆਟਲ ਪੁਲੀਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ|

Leave a Reply

Your email address will not be published. Required fields are marked *